ਕਿਸਾਨ ਜਥੇਬੰਦੀਆਂ ਵੱਲੋਂ ਐਕਸਾਈਜ਼ ਦਫ਼ਤਰ ਅੱਗੇ ਧਰਨਾ

August 07 2020

ਪੰਜਾਬ ਕਿਸਾਨ ਯੂਨੀਅਨ ਨੇ ਅੱਜ ਕਰ ਤੇ ਆਬਕਾਰੀ ਵਿਭਾਗ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਬੀਤੀ ਸ਼ਾਮ ਨੂੰ ਪਿੰਡ ਖਿਆਲਾ ਕਲਾਂ ਦੇ ਕਿਸਾਨਾਂ ਦੇ ਘਰਾਂ ਦੇ ਵਿੱਚ ਸ਼ਰਾਬ ਫੜ੍ਹਨ ਦੇ ਬਹਾਨੇ ਆਬਕਾਰੀ ਮਹਿਕਮਾ, ਠੇਕੇਦਾਰ ਅਤੇ ਪੁਲੀਸ ਨੇ ਗੁੰਡਾਗਰਦੀ ਕੀਤੀ ਜਦੋਂ ਕਿ ਘਰਾਂ ਵਿੱਚ ਮੌਜੂਦ ਔਰਤਾਂ ਨਾਲ ਠੇਕੇਦਾਰਾਂ ਵੱਲੋਂ ਗਾਲੀ-ਗਲੋਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਸਰ ਪੀੜਤ ਔਰਤ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਘਰਾਂ ਦੇ ਭਾਂਡੇ ਅਤੇ ਰਸੋਈ ਵਿੱਚੋਂ ਸਿਲੰਡਰ ਵਗੈਰਾ ਵੀ ਚੁੱਕੇ ਗਏ।

ਕਿਸਾਨ ਆਗੂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਅੰਮ੍ਰਿਤਸਰ ਵਿੱਚ ਨਕਲੀ ਸ਼ਰਾਬ ਨਾਲ ਮੌਤਾਂ ਹੋਣ ਦੀ ਆੜ ਹੇਠ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪੁਲੀਸ ਨੂੰ ਨਾਲ ਲੈਕੇ ਪਿੰਡਾਂ ਵਿੱਚ ਕਿਸਾਨਾਂ, ਮਜ਼ਦੂਰਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲੀ ਸ਼ਰਾਬ ਮਾਫੀਆ ਨੂੰ ਫੜ੍ਹਨ ਦੀ ਬਜਾਏ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸ਼ਰਾਬ ਵੇਚਣ ਦੇ ਹੱਕ ਵਿੱਚ ਨਹੀਂ ਹੈ ਪਰ ਜੋ ਕਿਸਾਨ, ਮਜ਼ਦੂਰ ਥੋੜੀ-ਮੋਟੀ ਘਰ ਦੀ ਸ਼ਰਾਬ ਕੱਢਕੇ ਪੀਂਦੇ ਹਨ, ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਦੇ ਖਿਲਾਫ਼ ਹਨ ਅਤੇ ਦੂਜੇ ਪਾਸੇ ਚਿੱਟਾ, ਸਮੈਕ ਤੇ ਨਸ਼ੀਲੀਆਂ ਗੋਲੀਆਂ ਸ਼ਰੇਆਮ ਵਿਕਦੀਆਂ ਹਨ ਜਿਸ ਬਾਰੇ ਇੱਥੋਂ ਦਾ ਪ੍ਰਸ਼ਾਸਨ ਅਤੇ ਸਰਕਾਰ ਬੇਖਬਰ ਹਨ। ਜਥੇਬੰਦੀ ਨੇ ਮੰਚ ਤੋਂ ਐਲਾਨ ਕੀਤਾ ਕਿ ਜੇਕਰ ਠੇਕੇਦਾਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ 18 ਅਗਸਤ ਨੂੰ ਮੁੜ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਕਰਨੈਲ ਸਿੰਘ, ਹਰਜਿੰਦਰ ਮਾਨਸ਼ਾਹੀਆ, ਸੁਖਚਰਨ ਦਾਨੇਵਾਲੀਆ, ਲਾਭ ਸਿੰਘ ਖਿਆਲਾ, ਰੂਪ ਸਿੰਘ, ਜਰਨੈਲ ਸਿੰਘ, ਬਿੰਦਰ ਸਿੰਘ, ਇਕਬਾਲ ਸਿੰਘ ਤੇ ਹਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ।

ਸੂਹ ਦੇ ਆਧਾਰ ’ਤੇ ਛਾਪਾ ਮਾਰਿਆ: ਆਬਕਾਰੀ ਅਧਿਕਾਰੀ

ਕਾਰ ਤੇ ਅਬਕਾਰੀ ਵਿਭਾਗ ਦੇ ਮਾਨਸਾ ਸਥਿਤ ਅਧਿਕਾਰੀ ਹਰਜੋਤ ਸਿੰਘ ਬੇਦੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਪਿੰਡ ਦੇ ਚੌਕੀਦਾਰ ਤੇ ਪੰਚਾਇਤ ਮੈਂਬਰ ਨੂੰ ਨਾਲ ਲੈਕੇ ਖਿਆਲਾ ਕਲਾਂ ਵਿਖੇ ਸੂਹ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਬੇਸ਼ੱਕ ਕਸੂਰਵਾਰ ਭੱਜ ਗਿਆ ਪਰ ਉਸ ਦੀ ਰਸੋਈ ਵਿਚੋਂ 5 ਲੀਟਰ ਦੇਸੀ ਦਾਰੂ ਮਿਲੀ ਜਿਸ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਹ ਮਹਿਕਮੇ ਨੂੰ ਫੋਨ ਰਾਹੀਂ ਕਿਸਾਨ ਜਥੇਬੰਦੀ ਦਾ ਨਾਂ ਲੈ ਕੇ ਧਮਕੀਆਂ ਦਿੰਦਾ ਰਿਹਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune