ਕਣਕ ‘ਤੇ ਇਹ ਫ਼ੈਸਲਾ ਆਉਣ ਤੋਂ ਬਾਅਦ ਕਿਸਾਨਾਂ ਨੂੰ ਹੋ ਸਕਦੈ ਵੱਡਾ ਫ਼ਾਇਦਾ

April 25 2019

ਸਰਕਾਰ ਕਣਕ ਦੀ ਵਾਢੀ ਵਿਚ ਲੱਗੇ ਕਿਸਾਨਾਂ ਦਾ ਹਿੱਤ ਦੇਖਦੇ ਹੋਏ ਜਲਦ ਹੀ ਵੱਡਾ ਫ਼ੈਸਲਾ ਕਰ ਸਕਦੀ ਹੈ। ਜਾਣਕਾਰੀ ਮੁਤਾਬਕ, ਨਵੀਂ ਫ਼ਸਲ ਦੀ ਕਟਾਈ ਦੌਰਾਨ ਸਰਕਾਰ ਚਾਲੂ ਵਿੱਤੀ ਸਾਲ ਵਿਚ ਕਣਕ ‘ਤੇ ਇੰਪੋਰਟ ਡਿਊਟੀ ਵਧਾ ਕੇ 40 ਫ਼ੀਸਦੀ ਕਰ ਸਕਦੀ ਹੈ, ਜੋ ਫਿਲਹਾਲ 30 ਫ਼ੀਸਦੀ ਹੈ। ਇੰਪੋਰਟ ਡਿਊਟੀ ਵਧਣ ਨਾਲ ਆਟਾ ਮਿੱਲਾਂ ਨੂੰ ਭਾਰਤੀ ਖੁਰਾਕ ਨਿਗਮ (ਐਫ਼ਸੀਆਈ) ਤੋਂ ਕਣਕ ਖਰੀਦਣ ਲਈ ਮਜਬੂਰ ਹੋਣਾ ਪਵੇਗਾ।

ਇਸ ਨਾਲ ਐਫ਼ਸੀਆਈ ਵਿਚ ਕਣਕ ਦਾ ਲੱਗਾ ਵੱਡਾ ਭੰਡਾਰ ਘੱਟ ਕਰਨ ਵਚ ਮਦਦ ਮਿਲੇਗੀ ਤੇ ਕਿਸਾਨਾਂ ਕੋਲੋਂ ਨਵੀਂ ਫ਼ਸਲ ਖਰੀਦ ਕੇ ਸੰਭਾਲਣ ਵਿਚ ਆਸਾਨੀ ਹੋਵੇਗੀ। ਕਿਸਾਨਾਂ ਨੂੰ ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਬਾਜ਼ਾਰ ਵਿਚ ਕਣਕ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਘੱਟ ਨਹੀਂ ਜਾਵੇਗੀ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਇਸ ਨੂੰ ਹਰੀ ਝੰਡੀ ਮਿਲਣੀ ਬਾਕੀ ਹੈ।

ਪਿਛਲੇ ਹਫ਼ਤੇ ਸਕੱਤਰਾਂ ਦੀ ਇਕ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਸੀ ਤੇ ਚੋਣ ਕਮਿਸ਼ਨ ਵੀ ਇੰਪੋਰਟ ਡਿਊਟੀ ਵਧਾਉਣ ਦੇ ਪ੍ਰਸਤਾਵ ਨੂੰ ਜਲਦ ਹਰੀ ਝੰਡੀ ਦੇ ਸਕਦਾ ਹੈ, ਜਿਸ ਤੋਂ ਬਾਅਦ ਮਈ ਦੇ ਅਖੀਰ ਤੱਕ ਐਫ਼ਸੀਆਈ ਦਾ ਸਟਾਕ ਲਗਪਗ 580 ਲੱਖ ਟਨ ਤੱਕ ਪਹੁੰਚ ਸਕਦਾ ਹੈ। ਕਿਸਾਨਾਂ ਨੂੰ ਐਮਐਸਪੀ ਦਾ ਫ਼ਾਇਦਾ ਦਿਵਾਉਣ ਲਈ ਸਰਕਾਰ ਦਾ ਵਿਚਾਰ ਸਸਤੀ ਦਰਾਮਦ ਨੂੰ ਰੋਕਣ ਲਈ ਇੰਪੋਰਟ ਡਿਊਟੀ ਵਧਾਉਣਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ