ਕਣਕ ਨੂੰ ਅੱਗ ਤੋਂ ਬਚਾਉਣ ਲਈ ਪਾਵਰਕੌਮ ਨੇ ਲਾਏ ਕੱਟ

April 16 2019

ਬਨੂੜ ਖੇਤਰ ਵਿੱਚ ਪਾਵਰਕੌਮ ਨੇ ਸ਼ਾਰਟ ਸ਼ਰਕਟ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਨਵਾਂ ਫ਼ਾਰਮੂਲਾ ਲਾਗੂ ਕੀਤਾ ਹੈ। ਪਾਵਰਕੌਮ ਨੇ ਪਿਛਲੇ ਕਈਂ ਦਿਨਾਂ ਤੋਂ ਪਾਵਰ ਸਪਲਾਈ ਹੀ ਬੰਦ ਕਰ ਦਿੱਤੀ ਹੈ। ਪਾਵਰਕੌਮ ਦੇ ਇਸ ਫੈਸਲੇ ਨਾਲ ਬਨੂੜ ਖੇਤਰ ਵਿੱਚ ਵੱਡੀ ਪੱਧਰ ਉੱਤੇ ਸਬਜ਼ੀਆਂ ਦੀ ਪੈਦਾਵਾਰ ਕਰਦੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਦੀਆਂ ਸਬਜ਼ੀਆਂ ਅਤੇ ਚਾਰੇ ਸੁੱਕਣੇ ਆਰੰਭ ਹੋ ਗਏ ਹਨ।

ਇਸ ਖੇਤਰ ਦੇ ਕਿਸਾਨਾਂ ਨੰਬਰਦਾਰ ਹਰਪਾਲ ਸਿੰਘ ਬਠਲਾਣਾ, ਬਿਕਰਮਜੀਤ ਸਿੰਘ ਗੀਗੇਮਾਜਰਾ, ਗੁਰਵਿੰਦਰ ਸਿੰਘ ਖਾਨਪੁਰ, ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਚੌਧਰੀ ਮੁਹੰਮਦ ਸਦੀਕ ਬਨੂੜ, ਕਰਤਾਰ ਸਿੰਘ ਨੰਡਿਆਲੀ ਆਦਿ ਨੇ ਦੱਸਿਆ ਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਸਿਰਫ਼ ਇੱਕ ਦੋ ਘੰਟੇ ਨਾਂ ਮਾਤਰ ਹੀ ਪਾਵਰ ਸਪਲਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਵਰ ਸਪਲਾਈ ਨਾ ਆਉਣ ਕਾਰਨ ਇਸ ਖੇਤਰ ਦੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਨੂੰ ਸੋਕੇ ਤੋਂ ਬਚਾਉਣ ਲਈ ਜੈਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਕਿਸਾਨਾਂ ਨੇ ਦੱਸਿਆ ਕਿ ਸਬਜ਼ੀਆਂ ਤੋਂ ਇਲਾਵਾ ਬਰਸੀਮ, ਮੱਕੀ, ਚਾਰਾ, ਖਰਬੂਜ਼ੇ, ਪਿਆਜ ਆਦਿ ਨੂੰ ਵੀ ਸੋਕੇ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਨੂੰ ਪਾਵਰ ਬੰਦ ਕਰਨ ਦੀ ਥਾਂ ਇਸ ਦੇ ਸਮੇਂ ਵਿੱਚ ਤਬਦੀਲੀ ਕਰਕੇ ਕਿਸਾਨਾਂ ਨੂੰ ਘੱਟੋ ਘੱਟ ਛੇ ਘੰਟੇ ਪਾਵਰ ਸਪਲਾਈ ਮੁਹੱਈਆ ਕਰਾਉਣੀ ਚਾਹੀਦੀ ਹੈ। ਕਿਸਾਨਾਂ ਨੇ ਆਖਿਆ ਕਿ ਉਹ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਪਣੀਆਂ ਦਿੱਕਤਾਂ ਤੋਂ ਜਾਣੂ ਕਰਾ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਕਿਸਾਨ ਸਭਾ ਦੇ ਆਗੂਆਂ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਸਮੁੱਚੇ ਮਾਮਲੇ ਵਿੱਚ ਦਖਲ ਦੀ ਮੰਗ ਕਰਦਿਆਂ ਸਵੇਰ ਸਮੇਂ ਪਾਵਰ ਸਪਲਾਈ ਛੱਡੇ ਜਾਣ ਦੀ ਮੰਗ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ