ਕਣਕ ਦੀ ਖ਼ਰੀਦ ’ਚ ਮੰਡੀ ਬੋਰਡ ਦੀ ਅਹਿਮ ਭੂਮਿਕਾ : ਲਾਲ ਸਿੰਘ

May 09 2020

ਪੰਜਾਬ ’ਚ ਸਾਲਾਨਾ ਦੋ ਵਾਰ ਹਾੜ੍ਹੀ ਤੇ ਸਾਉਣੀ ਦੀਆਂ ਫ਼ਸਲਾਂ ਕਣਕ-ਝੋਨਾ ਤੇ ਹੋਰ ਸਬਜ਼ੀਆਂ ਆਦਿ ਦੀ ਖ਼ਰੀਦੋ-ਫਰੋਖਤ ਕਰਨ ਵਾਲੇ ਮੰਡੀ ਬੋਰਡ ਦੇ 4200 ਮੈਂਬਰੀ ਕਰਮਚਾਰੀਆਂ-ਅਧਿਕਾਰੀਆਂ ਨੇ, ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚਲਦਿਆਂ 4100 ਖ਼ਰੀਦ ਕੇਂਦਰਾਂ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਮਈ 31 ਤਕ, ਸੇਵਾ ਕਾਲ ’ਚ ਕੀਤੇ ਗਏ ਵਾਧੇ ਵਾਲੇ ਸਟਾਫ਼ ਦਾ ਵੀ ਚੋਖਾ ਯੋਗਦਾਨ ਰਹਿਣ ਦੀ ਉਮੀਦ ਹੈ।

ਅੱਜ ਸ਼ਾਮ ਤਕ 112 ਲੱਖ ਟਨ ਕਣਕ ਖ਼ਰੀਦ ਦੇ 116 ਸਬਜ਼ੀ ਮੰਡੀਆਂ, 153 ਮੁੱਖ ਯਾਰਡਾਂ, 284 ਸਬ-ਯਾਰਡਾਂ ਅਤੇ ਸੀਜ਼ਨ ’ਚ 1840 ਖ਼ਰੀਦ ਕੇਂਦਰਾਂ, ਜਿਨ੍ਹਾਂ ਨੂੰ ਵਧਾ ਕੇ 4100 ਕੀਤਾ ਗਿਆ, ਇਨ੍ਹਾਂ ਦੇ ਪ੍ਰਬੰਧ ਕਰਤਾ, ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਦੇ ਦਲੇਰੀ, ਦੂਰ-ਅੰਦੇਸ਼ੀ ਤੇ ਸਮਝਦਾਰੀ ਵਾਲੇ ਫ਼ੈਸਲਿਆਂ ਨੇ ਹੀ 15 ਅਪ੍ਰੈਲ ਤੋਂ ਸ਼ੁਰੂ ਕੀਤੀ ਕਣਕ ਖ਼ਰੀਦ ਨੂੰ ਤਿੰਨ ਹਫ਼ਤਿਆਂ ’ਚ ਹੀ 86 ਪ੍ਰਤੀਸ਼ਤ ਕਾਮਯਾਬੀ ਹਾਸਲ ਕਰਵਾ ਦਿਤੀ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੈਬਨਿਟ ਰੈਂਕ ਚੇਅਰਮੈਨ ਅਤੇ ਕਾਂਗਰਸ ਦੇ ਸੱਭ ਤੋਂ ਵਧ ਤਜ਼ਰਬੇ ਵਾਲੇ ਨੇਤਾ ਸ. ਲਾਲ ਸਿੰਘ ਨੈ ਕਿਹਾ ਕਿ ਮੰਡੀ ਬੋਰਡ ਨੇ ਖ਼ਰੀਦ ਕੇਂਦਰਾਂ ਦੇ ਪ੍ਰਬੰਧ ਤੋਂ ਇਲਾਵਾ, ਅਪਣੇ ਸੀਨੀਅਰ ਅਧਿਕਾਰੀਆਂ ਨੂੰ ਮੰਡੀਆਂ ਦੇ ਰੋਜ਼ਾਨਾ ਦੌਰੇ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ, ਏਜੰਸੀਆਂ ਨਾਲ ਤਾਲਮੇਲ, ਮੰਡੀਆਂ ’ਚ ਪਾਣੀ-ਬਿਜਲੀ, ਸੈਨੇਟਾਈਜ਼ਰਾਂ ਦਾ ਇੰਤਜਾਮ ਕਰਨ ਅਤੇ ਰਿਕਾਰਡ ਰੱਖਣ ਲਈ 50 ਮੈਂਬਰੀ ਕੰਟਰੋਲ ਰੂਮ ਵੀ ਚਲਾਇਆ ਜਿਥੇ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਦੋ ਸ਼ਿਫ਼ਟਾਂ ’ਚ ਡਿਊਟੀ ਨਿਭਾਈ ਜਾ ਰਹੀ ਹੈ।

ਕਣਕ-ਝੋਨਾ, ਕਪਾਹ, ਦਾਲਾਂ ਤੇ ਹੋਰ ਫ਼ਸਲਾਂ ਦੀ ਖ਼ਰੀਦ-ਵੇਚ ਤੋਂ ਮਿਲ ਰਹੀ ਤਿੰਨ ਪ੍ਰਤੀਸ਼ਤ ਮੰਡੀ ਫ਼ੀਸ ਤੇ ਪੇਂਡੂ ਵਿਕਾਸ ਫ਼ੰਡ ਵੀ ਤਿੰਨ ਫ਼ੀ ਸਦੀ, ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ. ਲਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਭੰਡਾਰ ਵਾਸਤੇ, ਖ਼ਰੀਦੀ ਜਾਂਦੀ ਫ਼ਸਲ ਤੋਂ ਰਿਕਾਰਡ ਮੁਤਾਬਕ, ਹਰ ਸੀਜ਼ਨ ’ਚ 800-900 ਕਰੋੜ ਮਿਲ ਜਾਂਦਾ ਹੈ ਅਤੇ ਇਸ ਰਕਮ ਨੂੰ ਪੰਜਾਬ ਦੇ ਵਿਕਾਸ ਕੰਮਾਂ ’ਚ ਖ਼ਰਚ ਕੀਤਾ ਜਾਂਦਾ ਹੈ।

ਇਸ ਵਾਰ ਬਾਰਦਾਨੇ ’ਚ ਕਮੀ ਆਉਣ ਬਾਰੇ ਪੁੱਛੇ ਸਵਾਲ ਦਾ ਉੱਤਰ ਦਿੰਦਿਆਂ ਸ. ਲਾਲ ਸਿੰਘ ਨੇ ਕਿਹਾ ਕਿ ਮਾਲਵਾ ਖੇਤਰ ’ਚ ਕਣਕ ਖ਼ਰੀਦ ਦਾ ਕੰਮ 98 ਪ੍ਰਤੀਸ਼ਤ ਪੂਰਾ ਹੋ ਗਿਆ ਹੈ ਅਤੇ ਹੁਣ ਬਾਰਦਾਨੇ ਦੀ ਕਮੀ, ਦੋਆਬਾ-ਮਾਝਾ ’ਚ ਅਸਰ ਵਿਖਾਏਗੀ, ਜਿਸ ਦੀ ਜ਼ਿੰਮੇਵਾਰੀ ਅਨਾਜ-ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੂੰ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਬੇਮੌਸਮੀ ਬਾਰਿਸ਼ ਹੋਣ ਕਰ ਕੇ, 135 ਲੱਖ ਟਨ ਕਣਕ-ਖ਼ਰੀਦ ਦਾ ਟੀਚਾ, ਲਗਦਾ ਹੈ, 130 ਲੱਖ ’ਤੇ ਟਿਕੇਗਾ ਕਿਉਂਕਿ ਝਾੜ 5 ਤੋਂ 8 ਫ਼ੀ ਸਦੀ ਘੱਟ ਨਿਕਲਣ ਦਾ ਅੰਦੇਸ਼ਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ