ਐਫਸੀਆਈ ਮਾਨਸਾ ਦੇ ਖਰੀਦ ਕੇਂਦਰਾਂ ਤੋਂ ਭਰੇਗੀ ਸਪੈਸ਼ਲਾਂ

April 26 2019

ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਨੇ ਪਹਿਲੀ ਵਾਰ ਮਾਨਸਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ’ਚੋਂ ਕਣਕ ਖਰੀਦ ਕੇ ਸਿੱਧੀਆਂ ਸਪੈਸ਼ਲਾਂ ਭਰਨ ਦਾ ਫੈਸਲਾ ਲਿਆ ਹੈ। ਕੇਂਦਰੀ ਖਰੀਦ ਏਜੰਸੀ ਵੱਲੋਂ ਭਲਕੇ ਮਾਨਸਾ ਤੋਂ ਇਲਾਵਾ ਬੁਢਲਾਡਾ ਅਤੇ ਬਰੇਟਾ ਦੇ ਰੇਲਵੇ ਹੈਡ ਤੋਂ 75 ਹਜ਼ਾਰ ਮੀਟਰਿਕ ਟਨ ਕਣਕ ਨੂੰ ਰੇਲ ਗੱਡੀਆਂ ਰਾਹੀਂ ਭੇਜਿਆ ਜਾ ਰਿਹਾ ਹੈ। ਇਹ ਫੈਸਲਾ ਇਸ ਏਜੰਸੀ ਕੋਲ ਖਰੀਦੀ ਹੋਈ ਕਣਕ ਨੂੰ ਸਟੋਰ ਕਰਕੇ ਰੱਖਣ ਲਈ ਥਾਂ ਨਾ ਹੋਣ ਕਾਰਨ ਕੀਤਾ ਗਿਆ ਹੈ। ਇਹ ਜਾਣਕਾਰੀ ਐਫਸੀਆਈ ਦੇ ਜ਼ਿਲ੍ਹਾ ਕੋਆਰਡੀਨੇਟਰ ਪਵਨ ਕੁਮਾਰ ਅਤੇ ਡੀ.ਐਮ. ਅਸ਼ੀਸ਼ ਤ੍ਰਿਪਾਠੀ ਵੱਲੋਂ ਦਿੱਤੀ ਗਈ। ਦਿਲਚਸਪ ਗੱਲ ਹੈ ਕਿ ਐਫਸੀਆਈ ਵੱਲੋਂ ਕਣਕ ਦੀ ਖਰੀਦ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਫੂਡ ਸਪਲਾਈ ਕੰਟਰੋਲਰ ਮਧੂ ਗੋਇਲ ਕੋਲ ਸੀਜ਼ਨ ਦੇ ਆਰੰਭ ਹੋਣ ਤੋਂ ਪਹਿਲਾਂ ਚਾਰ ਖਰੀਦ ਕੇਂਦਰਾਂ ਧਰਮਪੁਰਾ, ਕੁਲਰੀਆਂ, ਗੋਬਿੰਦਪੁਰਾ ਅਤੇ ਹੀਰੋ ਕਲਾਂ ਦੇ ਖਰੀਦ ਕੇਂਦਰਾਂ ਵਿਚੋਂ ਕਣਕ ਦੀ ਖਰੀਦ ਕਰਨ ਲਈ ਅਸਮਰੱਥਾ ਪ੍ਰਗਟਾਈ ਗਈ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਖਰੀਦ ਕੇਂਦਰਾਂ ਵਿਚੋਂ ਖਰੀਦੀ ਗਈ ਕਣਕ ਨੂੰ ਸਟੋਰ ਕਰਕੇ ਰੱਖਣ ਲਈ ਨੇੜੇ ਕੋਈ ਵੀ ਗੁਦਾਮ ਖਾਲੀ ਨਹੀਂ ਹੈ। ਭਾਵੇਂ ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਤਾਂ ਇਸ ਕੇਂਦਰੀ ਏਜੰਸੀ ਨੇ ਮਾਨਸਾ ਜ਼ਿਲ੍ਹੇ ਵਿਚ ਅਲਾਟ ਕੀਤੇ ਗਏ ਇਕ ਦਰਜਨ ਤੋਂ ਵੱਧ ਖਰੀਦ ਕੇਂਦਰਾਂ ’ਚੋਂ ਸਿੱਧੀ ਸਪੈਸ਼ਲ ਰਾਹੀਂ ਕੇਂਦਰ ਸਰਕਾਰ ਨੂੰ ਕਣਕ ਭੇਜਣ ਦਾ ਫੈਸਲਾ ਕੀਤਾ ਹੈ ਜਿਸ ਲਈ ਭਾਰਤੀ ਰੇਲਵੇ ਵੱਲੋਂ ਇਸ ਏਜੰਸੀ ਨੂੰ ਸਪੈਸ਼ਲਾਂ ਲਈ ਰੇਲਾਂ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਕੁਲਰੀਆਂ, ਗੋਬਿੰਦਪੁਰਾ ਧਰਮਪੁਰਾ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਫਸਲ ਦੀ ਬੋਲੀ ਵਿੱਚ ਬਿਲਕੁੱਲ ਵੀ ਦੇਰੀ ਨਾ ਕੀਤੀ ਜਾਵੇ ਅਤੇ ਖਰੀਦ ਕੀਤੀ ਫਸਲ ਦੀ ਮਿੱਥੇ ਸਮੇਂ ਹੇਠ ਲਿਫਟਿੰਗ ਕੀਤੀ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ