ਇੰਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਹੁਸ਼ਿਆਰਪੁਰ (ਰਜਿ.) ਦਾ 7ਵਾਂ ਸਲਾਨਾ ਸਮਾਗਮ

November 19 2021

ਇੰਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਹੁਸ਼ਿਆਰਪੁਰ (ਰਜਿ.) ਦਾ 7ਵਾਂ ਸਲਾਨਾ ਸਮਾਗਮ ਕਹੋਲ ਡੇਅਰੀ ਫਾਰਮ, ਊਨਾ ਰੋਡ, ਨੇੜੇ ਕੋਕਾ ਕੋਲਾ ਫੈਕਟਰੀ, ਦਾਦਾਮਾੜਾ, ਹੁਸ਼ਿਆਰਪੁਰ ਵਿਖੇ ਮਿਤੀ 18 ਨਵੰਬਰ 2021 ਨੂੰ ਮਨਾਇਆ ਗਿਆ।

ਜਨਰਲ ਸੈਕਟਰੀ ਰੇਸ਼ਮ ਸਿੰਘ ਜੀ ਵਲੋਂ  ਐਸੋਸੀਏਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ। ਖਚਾਨਚੀ ਸੁਨੀਲ ਕੁਮਾਰ ਵਲੋਂ ਵਿੱਤ ਅਤੇ ਮੈਂਬਰਸ਼ਿਪ ਦੀ ਰਿਪੋਰਟ ਪੇਸ਼ ਕੀਤੀ ਗਈ। ਹੱਟ ਮੈਨੇਜਮੈਂਟ ਕਮੇਟੀ ਵਲੋਂ ਹੱਟ ਦੀ ਕਾਰਗੁਜ਼ਾਰੀ ਦੀ ਰਿਪੋਰਟ ਮਾਸਟਰ ਪਿਆਰਾ ਸਿੰਘ ਅਤੇ ਰੇਟ ਨਿਰਧਾਰਤ ਕਰਨ ਵਾਲੀ ਕਮੇਟੀ ਦੀ ਰਿਪੋਰਟ ਨਰਿੰਦਰ ਸਿੰਘ ਵਲੋਂ ਪੇਸ਼ ਕੀਤੀ ਗਈ। ਮਾਸਟਰ ਮਦਨ ਲਾਲ ਜੀ ਨੇ ਕਿਸਾਨਾਂ ਨੂੰ ਖੇਤੀ ਖੇਤਰ ਚ ਆਏ ਨਿਘਾਰ ਅਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸੰਦਰਭ ਅਤੇ ਭਵਿੱਖ ਵਿੱਚ ਆਉਣ ਵਾਲ਼ੇ ਖਤਰਿਆਂ ਬਾਰੇ ਜਾਣਕਾਰੀ ਦਿੱਤੀ।

ਪੀਏਯੂ ਫਲ਼ ਖੋਜ਼ ਕੇਂਦਰ ਗੰਗੀਆਂ ਦੇ ਡਾਇਰੈਕਟਰ ਡਾ. ਸੁਮਨਜੀਤ ਕੌਰ ਨੇ ਕਿਸਾਨਾਂ ਨੂੰ ਫਲ਼ਦਾਰ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਤੋਂ ਏ.ਡੀ.ਓ. ਡਾ. ਕਿਰਨਜੀਤ ਸਿੰਘ, ਆਤਮਾ ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ. ਰਮਨ ਸ਼ਰਮਾ ਤੇ ਡਾ. ਰਾਜੀਵ ਰੰਜਨ, ਕੇਵੀਕੇ ਹੁਸ਼ਿਆਰਪੁਰ ਤੋਂ ਪਸ਼ੂ ਪਾਲਣ ਵਿਗਿਆਨੀ ਡਾ. ਕੰਵਰਪ੍ਰੀਤ ਸਿੰਘ ਢਿੱਲੋਂ, ਬਾਗਬਾਨੀ ਅਫਸਰ ਡਾ. ਜਸਪਾਲ ਸਿੰਘ ਢੇਰੀ, ਰਿਟਾ. ਖੇਤੀਬਾੜੀ ਅਫਸਰ ਡਾ. ਯਾਦਵਿੰਦਰ ਸਿੰਘ, ਫੀਲਡ ਅਫਸਰ ਪੰਜਾਬ ਐਗਰੋ ਸ਼੍ਰੀ ਗੁਰਬਿੰਦਰ ਸਿੰਘ ਨੇ ਕਿਸਾਨਾਂ ਨਾ ਵਿਭਾਗਾਂ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਅਤੇ ਵੱਖ-ਵੱਖ ਵਿਸ਼ਿਆਂ ਤੇ ਤਕਨੀਕੀ ਜਾਣਕਾਰੀ ਦਿੱਤੀ। ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਸਾਨਾਂ ਨੂੰ ਮਹਿਕਮਿਆਂ ਨਾਲ਼ ਲਗਾਤਾਰ ਸੰਪਰਕ ਬਣਾ ਕੇ ਜਾਣਕਾਰੀਆਂ ਹਾਸਲ ਕਰਨ ਦਾ ਸੱਦਾ ਦਿੱਤਾ।

ਮੌਜੂਦਾ ਕਾਰਜਕਾਰੀ ਕਮੇਟੀ ਨੂੰ ਭੰਗ ਕਰਕੇ ਸਰਬਸੰਮਤੀ ਨਾਲ਼ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਨਰਿੰਦਰ ਸਿੰਘ ਅੱਜੋਵਾਲ ਪ੍ਰਧਾਨ, ਬਾਬਾ ਬਖਸ਼ੀਸ਼ ਸਿੰਘ ਹਰੀਪੁਰ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਬੱਸੀ ਗੁਲਾਮ ਹੁਸੈਨ ਮੀਤ ਪ੍ਰਧਾਨ, ਸੰਜੀਵ ਕੁਮਾਰ ਦਾਦਾਮਾੜਾ ਜਨਰਲ ਸੈਕਟਰੀ, ਸੁਰਜੀਤ ਸਿੰਘ ਬਿੰਬ ਬੀਰਮਪੁਰ ਖਜਾਨਚੀ, ਬਲਰਾਜ ਸਿੰਘ ਪੰਡੋਰੀ ਅਰਾਈਆਂ ਜੁਆਇੰਟ ਸੈਕਟਰੀ, ਕਰਨਲ ਸੀਤਲ ਸਿੰਘ ਮੁਰਾਦਪੁਰ ਨਰਿਆਲਾਂ ਔਰਗੇਨਾਈਜੇਸ਼ਨ ਸੈਕਟਰੀ, ਸੁਨੀਲ ਕੁਮਾਰ ਮਹਿਲਾਂਵਾਲੀ ਸੈਕਟਰੀ ਮਾਰਕਿਟਿੰਗ, ਸਾਹਿਲ ਚੋਪੜਾ ਮੁਸਤਾਪੁਰ ਪ੍ਰੋਪੋਗੰਡਾ ਸੈਕਟਰੀ, ਰੇਸ਼ਮ ਸਿੰਘ ਬਾਦੋਵਾਲ਼ ਸੈਕਟਰੀ ਟ੍ਰੇਨਿੰਗ, ਪਿੰਸੀਪਲ ਤਰਸੇਮ ਸਿੰਘ ਨੀਲਾ ਨਲੋਆ ਸੈਕਟਰੀ ਬੀਜ ਬੈਂਕ ਚੁਣੇ ਗਏ।

ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਿਟਾ. ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਨੇ ਕਿਸਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਸਾਨਾਂ ਨੂੰ ਵਿਭਾਗਾਂ ਦੇ ਸਹਿਯੋਗ ਨਾਲ਼ ਮਿਲ਼ ਕੇ ਕੰਮ ਕਰਨ ਦੇ ਮਹੱਤਵ ਬਾਰੇ ਦੱਸਿਆ। ਓਹਨਾਂ ਨੇ ਟਿਕਾਊ ਖੇਤੀ ਅਤੇ ਸੁਚੱਜੇ ਮੰਡੀਕਰਨ ਦੇ ਨੁਕਤੇ ਵੀ ਕਿਸਾਨਾਂ ਨਾਲ਼ ਸਾਂਝੇ ਕੀਤੇ।

ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਡਿਜੀਟਲ ਮੀਡੀਆ ਰਾਹੀਂ ਜਾਣਕਾਰੀ ਦੇ ਰਹੇ ਆਪਣੀ ਖੇਤੀ ਗਰੁੱਪ ਤੋਂ ਜਗਸੀਰ ਸਿੰਘ ਜੀ ਨੇ ਆਪਣੀ ਖੇਤੀ ਐਪ ਅਤੇ ਹੋਰ ਇਲੈਕਟ੍ਰਾਨਿਕ ਮੀਡੀਆ ਚੈਨਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਇਹ ਮੀਡੀਆ ਨਾਲ਼ ਜੁੜ ਕੇ ਹੋਰ ਲਾਭ ਲੈਣ ਦਾ ਸੱਦਾ ਦਿੱਤਾ।

ਪ੍ਰਧਾਨ ਨਰਿੰਦਰ ਸਿੰਘ ਅੱਜੋਵਾਲ ਨੇ ਆਉਂਦੇ ਸਾਲਾਂ ਦੇ ਟੀਚਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੇ ਹੋਰ ਕਿਸਾਨਾਂ ਨੂੰ ਐਸੋਸੀਏਸ਼ਨ ਨਾਲ਼ ਜੋੜਨ ਲਈ ਵਿਭਾਗਾਂ ਦੇ ਸਹਿਯੋਗ ਨਾਲ਼ ਖੇਤਾਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿੱਤੀਆਂ ਜਾਣਗੀਆਂ ਅਤੇ ਐੱਫ ਪੀ ਓ ਬਣਾਉਣ ਲਈ ਕਾਰਵਾਈ ਅੱਗੇ ਤੋਰੀ ਜਾਵੇਗੀ। ਓਹਨਾਂ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਸ਼ਟਰੀ ਬਾਗ਼ਬਾਨੀ ਮਿਸ਼ਨ ਤਹਿਤ ਬਾਗ਼ਬਾਨੀ ਵਿਭਾਗ ਵਲੋਂ ਆਏ ਕਿਸਾਨਾਂ ਨੂੰ ਢਿੰਗਰੀ ਖੁੰਭਾਂ, ਜਿਸਨੂੰ ਪੈਦਾ ਕਰਨ ਵਿੱਚ ਕਿਸੇ ਰਸਾਇਣ ਦੀ ਵਰਤੋਂ ਨਹੀਂ ਹੁੰਦੀ, ਦੇ ਬੀਜ ਵੀ ਮੁਫਤ ਵੰਡੇ ਗਏ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਇੰਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਹੁਸ਼ਿਆਰਪੁਰ (ਰਜਿ.)