ਇਸ ਵਾਰ ਦੁਸਹਿਰੀ ਅੰਬ ਦਾ ਸਵਾਦ ਰਹੇਗਾ ਫਿੱਕਾ, ਝਾੜ ਵੀ ਰਹੇਗਾ ਘੱਟ

April 15 2019

ਇਸ ਵਾਰ ਵੀ ਦੁਸਹਿਰੀ ਅੰਬ ਤੁਹਾਡੀ ਜੇਬ ਢਿੱਲੀ ਕਰ ਸਕਦੇ ਹਨ। ਉੱਤਰ ਪ੍ਰਦੇਸ਼ ਦੀ ਫ਼ਲ ਪੱਟੀ ਖੇਤਰ ਵਿਚ ਲਗਾਤਾਰ ਦੁਜੀ ਵਾਰ ਅੰਬ ਦੀ ਫ਼ਸਲ ਖਰਾਬ ਹੋ ਗਈ ਹੈ। ਮਲੀਆਬਾਦ ਵਿਚ ਇਸ ਵਾਰ ਝਾੜ ਘੱਟ ਰਹਿਣ ਦਾ ਖ਼ਦਸ਼ਾ ਹੈ। ਦੁਸਹਿਰੀ ਅੰਬਾਂ ਲਈ ਦੇਸ਼ ਅਤੇ ਦੁਨੀਆਂ ਵਿਚ ਮਸ਼ਹੂਰ ਮਲੀਆਬਾਦ ਅਤੇ ਕਾਕੋਰੀ ਇਲਾਕੇ ਵਿਚ ਇਸ ਵਾਰ ਅੰਬ ਦੀ ਫ਼ਸਲ ਦਾ ਅਗੇਤੀ ਬੂਰ ਖਾਰਬ ਮੌਸਮ ਦੀ ਵਜ੍ਹਾ ਨਾਲ ਝੜਨ ਲੱਗਾ ਹੈ।

ਬਾਗਬਾਨਾਂ ਦਾ ਕਹਿਣਾ ਹੈ ਕਿ ਕਾਰੋਬਾਰ ਵਿਚ ਬੀਤੇ ਸਾਲ ਵੀ ਘਾਟਾ ਹੋਇਆ ਸੀ ਪਰ ਇਸ ਸਾਲ ਨੁਕਸਾਨ ਵੱਧ ਹੋਣ ਦਾ ਖ਼ਦਸਾ ਹੈ। ਮਲੀਆਬਾਦ ਵਿਚ ਇਕ ਅੰਬ ਕਾਰੋਬਾਰੀ ਨੇ ਕਿਹਾ ਕਿ ਫ਼ਰਵਰੀ ਵਿਚ ਚੰਗਾ ਬੂਰ ਆਉਣ ਨਾਲ ਬਾਗਬਾਨਾਂ ਨੂੰ ਇਸ ਵਾਰ ਦੁਸਹਿਰੀ ਦਾ ਉਤਪਾਦਨ ਬਿਹਤਰ ਰਹਿਣ ਦੀ ਉਮੀਦ ਸੀ। ਹਾਲਾਂਕਿ ਮੌਸਮ ਵਿਚ ਖਰਾਬੀ ਨੇ ਸਭ ਚੌਪਟ ਕਰ ਦਿੱਤਾ। ਮਾਰਚ ਵਿਚ ਤੇਜ਼ ਹਵਾਵਾਂ ਕਾਰਨ ਫ਼ਸਲ ਨੁਕਸਾਨੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੁਸਹਿਰੀ ‘ਤੇ ਕੀਟਾਂ ਦਾ ਹਮਲਾ ਵੀ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਬੂਰ ਝੜਿਆ ਹੈ।

ਬਾਗਬਾਨਾਂ ਦਾ ਕਹਿਣਾ ਹੈ ਕਿ ਦੁਸਹਿਰੀ ‘ਤੇ ਛਾਏ ਇਸ ਸੰਕਟ ਦਾ ਅਸਰ ਘਰੇਲੂ ਬਾਜ਼ਾਰਾਂ ਦੇ ਨਾਲ ਹੀ ਬਰਾਮਦ ‘ਤੇ ਵੀ ਪਵੇਗਾ। ਕੀਟਾਂ ਦੇ ਹਮਲੇ ਕਾਰਨ ਯੂਰਪ ਅਤੇ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ। ਇਕ ਕਾਰੋਬਾਰੀ ਨੇ ਕਿਹਾ ਕਿ ਬੀਤੇ ਦੋ ਸਾਲਾਂ ਤੋਂ ਅੰਬ ਦਾ ਕਾਰੋਬਾਰ ਸਲਾਨਾ 2400 ਤੋਂ 2500 ਕਰੋੜ ਰੁਪਏ ਤੱਕ ਹੋ ਰਿਹਾ ਸੀ, ਜੋ ਇਸ ਵਾਰ ਘੱਟ ਕੇ 600 ਤੋਂ 800 ਕਰੋੜ ਰੁਪਏ ਵਿਚਕਾਰ ਹੀ ਰਹਿ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਕਾਕੋਰੀ ਅਤੇ ਮਲੀਆਬਾਦ ਵਿਚ 35 ਤੋਂ 40 ਲੱਖ ਟਨ ਦੁਸਹਿਰੀ ਦਾ ਉਤਪਾਦਨ ਹੋ ਰਿਹਾ ਸੀ, ਜੋ ਇਸ ਵਾਰ ਘੱਟ ਹੋਣ ਦਾ ਅੰਦਾਜ਼ਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ