ਅਨਾਜ ਮੰਡੀ ਦੀ ਉਸਾਰੀ ਲਈ ਸਰਵੇਖਣ

September 07 2020

ਪਿਛਲੇ ਕਈ ਦਹਾਕਿਆਂ ਤੋਂ ਕੁਰਾਲੀ ਦੀ ਪੱਕੀ ਅਨਾਜ ਮੰਡੀ ਨੂੰ ਤਰਸ ਰਹੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਕਾਨੂੰਨੀ ਅੜਿੱਕਿਆਂ ਦੇ ਦੂਰ ਹੋਣ ਤੋਂ ਬਾਅਦ ਹੁਣ ਸ਼ਹਿਰ ਦੀ ਪਪਰਾਲੀ ਰੋਡ ’ਤੇ 11 ਕਰੋੜ ਦੀ ਲਾਗਤ ਨਾਲ 21 ਏਕੜ ਰਕਬੇ ਵਿੱਚ ਅਨਾਜ ਮੰਡੀ ਦੀ ਊਸਾਰੀ ਲਈ ਸਰਵੇਖਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਵੇਰਵਿਆਂ ਅਨੁਸਾਰ ਸਰਕਾਰ ਵੱਲੋਂ ਪਪਰਾਲੀ ਰੋਡ ’ਤੇ ਅਨਾਜ ਮੰਡੀ ਲਈ 21 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਹੈ ਜਿਸ ਵਿਚ ਆਧੁਨਿਕ ਸਹੂਲਤਾਂ ਵਾਲੀ ਦਾਣਾ ਮੰਡੀ ਬਣਾਈ ਜਾ ਰਹੀ ਹੈ। ਇਸ ਕੰਮ ’ਤੇ 11 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚ ਵੱਡੇ ਸਾਂਝੇ ਪਲੈਂਥਾਂ ਤੋਂ ਇਲਾਵਾ ਆੜ੍ਹਤੀਆਂ ਲਈ ਵੱਖਰੇ ਫੜ੍ਹ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਬਣਾਈ ਜਾ ਰਹੀ ਅਨਾਜ ਮੰਡੀ ਵਿੱਚ ਸੜਕਾਂ, ਡਰੇਨੇਜ, ਪੀਣ ਵਾਲੇ ਪਾਣੀ ਅਤੇ ਪਖਾਨੇ ਬਣਾਏ ਜਾਣਗੇ। ਸਰਵੇਖਣ ਟੀਮ ਦੇ ਜੈ ਕੁਮਾਰ ਨੇ ਦੱਸਿਆ ਕਿ ਊਸਾਰੀ ਸਬੰਧੀ ਨਿਸ਼ਾਨੀਆਂ ਲਗਾ ਦਿੱਤੀਆਂ ਗਈਆਂ ਹਨ ਜਦਕਿ ਅਰਜੁਨ ਚੌਹਾਨ ਨੇ ਦੱਸਿਆ ਕਿ ਮੰਡੀ ਦੀ ਚਾਰਦੀਵਾਰੀ ਬਣਾਉਣ ਦਾ ਕੰਮ ਸੋਮਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਦੀ ਜਗ੍ਹਾ ਬਹੁਤ ਘੱਟ ਹੋਣ ਕਾਰਨ ਬਡਾਲੀ ਰੋਡ ਦੇ ਕੱਚੇ ਫੜ੍ਹਾਂ ਵਾਲੇ ਖੇਤਾਂ ਵਿੱਚ ਆਰਜ਼ੀ ਮੰਡੀ ਚੱਲ ਰਹੀ ਹੈ। ਸ਼ਹਿਰ ਦੀ ਅਨਾਜ ਮੰਡੀ ਵਿਚ ਲਗਭਗ 55 ਆੜ੍ਹਤੀਆਂ ਹਨ ਜਿਨ੍ਹਾਂ ਕੋਲ ਇਲਾਕੇ ਦੇ ਸੈਂਕੜੇ ਪਿੰਡਾਂ ਦੇ ਕਿਸਾਨ ਫਸਲ ਲੈ ਕੇ ਆਉਂਦੇ ਹਨ। ਆਰਜ਼ੀ ਮੰਡੀ ਵਿਚ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune