ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਕਾਸ਼ਤ: ਵਧੇਰੇ ਮੁਨਾਫ਼ਾ

November 12 2021

ਕੱਦੂ ਜਾਤੀ ਗਰੁੱਪ ਏ ਵਿੱਚ ਖਰਬੂਜਾ, ਤਰਬੂਜ, ਤੋਰੀ, ਚੱਪਣ ਕੱਦੂ, ਘੀਆ ਕੱਦੂ, ਕਰੇਲਾ, ਖੀਰਾ, ਵੰਗਾਂ, ਤਰ, ਹਲਵਾ ਕੱਦੂ ਆਦਿ ਸਬਜ਼ੀਆਂ ਆਉਂਦੀਆਂ ਹਨ ਅਤੇ ਲਗਭਗ ਇਹ ਸਾਰੀਆਂ ਫ਼ਸਲਾਂ ਪੰਜਾਬ ਦੇ ਵਿੱਚ ਉਗਾਈਆਂ ਜਾਂਦੀਆਂ ਹਨ। ਜਲੰਧਰ ਅਤੇ ਕਪੂਰਥਲਾ ਜਿਲ੍ਹੇ ਵਿੱਚ ਖਰਬੂਜੇ ਦੀ ਖੇਤੀ ਮੁੱਖ ਤੌਰ ਤੇ ਹੁੰਦੀ ਹੈ ਅਤੇ ਫਾਜ਼ਿਲਕਾ ਜਿਲ੍ਹੇ ਵਿੱਚ ਵੱਗੇ ਦੀ ਖੇਤੀ ਕੀਤੀ ਜਾਂਦੀ ਹੈ।

ਜਦੋਂ ਵੀ ਸਬਜ਼ੀਆਂ ਦੀ ਖੇਤੀ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਵੀਰਾਂ ਵਲੋਂ ਬਾਜ਼ਾਰ ਵਿੱਚ ਸਬਜ਼ੀ ਦਾ ਘੱਟ ਮੁੱਲ ਮਿਲਣ ਦੀ ਸ਼ਿਕਾਇਤ ਮਿਲਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਉਹ ਸਬਜ਼ੀ ਸਾਰੇ ਕਿਸਾਨਾਂ ਦੇ ਖੇਤ ਵਿੱਚ ਵੇਚਣ ਲਈ ਤਿਆਰ ਹੋ ਜਾਂਦੀ ਹੈ ਅਤੇ ਬਾਜ਼ਾਰ ਵਿੱਚ ਉਸ ਸਬਜ਼ੀ ਦੀ ਸਪਲਾਈ ਮੰਗ ਤੋਂ ਜਿਆਦਾ ਹੋ ਜਾਂਦੀ ਹੈ। ਕਈ ਵਾਰ ਰੇਟ ਇਹਨਾਂ ਘਟ ਜਾਂਦਾ ਹੈ ਕਿ ਕਿਸਾਨ ਵੀਰਾਂ ਨੂੰ ਸਬਜ਼ੀਆਂ ਮੰਡੀ ਵਿੱਚ ਸੁੱਟਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਕਿਸਾਨ ਦਾ ਸਬਜ਼ੀ ਦੀ ਖੇਤੀ ਤੋਂ ਮਨ ਖੱਟਾ ਹੋ ਜਾਂਦਾ ਹੈ। ਸਬਜ਼ੀਆਂ ਦਾ ਵਧੀਆ ਮੁੱਲ ਅਗੇਤੀ ਜਾਂ ਪਛੇਤੀ ਫਸਲ ਤੋਂ ਲਿਆ ਜਾ ਸਕਦਾ ਹੈ ਜਿਸ ਨਾਲ ਸਬਜ਼ੀਆਂ ਦੀ ਖੇਤੀ ਲਾਹੇਵੰਦ ਬਣ ਸਕਦੀ ਹੈ। ਕੱਦੂ ਜਾਤੀ ਦੀਆਂ ਫਸਲਾਂ ਦਾ ਅਗੇਤਾ ਝਾੜ ਲੈਣ ਲਈ ਕੁਝ ਨੁਸਖੇ ਸਾਂਝੇ ਕਰ ਰਹੇ ਹਾਂ ਜੋ ਇਸ ਪ੍ਰਕਾਰ ਹਨ

ਲੋ ਟਨਲ (ਸੁਰੰਗਾਂ ਵਿੱਚ ਖੇਤੀ ਕਰਨਾ):

ਇਸ ਵਿਧੀ ਵਿੱਚ ਨਵੰਬਰ ਮਹੀਨੇ ਵਿੱਚ ਕੱਦੂ ਜਾਤੀ ਦੀਆਂ ਫਸਲਾਂ ਦੀ ਪੰਧ ਖੇਤ ਵਿੱਚ ਲਗਾਕੇ, ਦਸੰਬਰ ਦੇ ਮਹੀਨੇ ਵਿੱਚ ਫਸਲਾਂ ਨੂੰ 50 ਮਾਈਕਰੋਨ ਦੀ ਮੋਟਾਈ ਦੀ ਪੋਲੀਥੀਨ ਸੀਟ ਨਾਲ ਢੱਕ ਦਿੱਤਾ ਜਾਂਦਾ ਹੈ । ਇਸ ਲਈ 2 ਮੀਟਰ ਦੇ ਪਤਲੇ ਸਹਿਏ ਜਾਂ ਮੋਟੀ ਤਾਰ ਨੂੰ ਕੱਟ ਕੇ ਅਰਧ ਗੋਲੇ ਬਣਾ ਲੈਣੇ ਚਾਹੀਦੇ ਹਨ ਅਤੇ 3 ਮੀਟਰ ਦੀ ਦੂਰੀ ਤੇ ਇਸ ਤਰਾਂ ਲਗਾ ਦੇਣੇ ਚਾਹੀਦੇ ਹਨ ਜੋ ਕਿ ਖਾਲੀਆਂ ਦੇ ਦੋਨਾਂ ਪਾਸੇ ਲੱਗੇ ਬੂਟੇ ਅਰਧ ਗੋਲੇ ਦੇ ਵਿੱਚ ਆ ਜਾਣ ਇਸਤੋਂ ਬਾਅਦ ਇਸਦੇ ਉਪਰ ਪਲਾਸਟਿਕ ਸੀਟ ਪਾ ਦਿਓ ਅਤੇ ਦੋਨਾਂ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਓ। ਫਰਵਰੀ ਦੇ ਮਹੀਨੇ ਵਿੱਚ ਜਦੋਂ ਠੰਡ ਅਤੇ ਪਾਲੇ ਦਾ ਪ੍ਰਕੋਪ ਘਟ ਜਾਵੇ ਅਤੇ ਵਧੀਆ ਧੁੱਪਾਂ ਲੱਗਣ ਲੱਗ ਜਾਣ ਉਦੋਂ ਦੁਪਹਿਰ ਦੇ ਸਮੇਂ ਥੋੜੀ ਦੇਰ ਲਈ ਸੀਟ ਨੂੰ ਇੱਕ ਤਰਫ ਨੂੰ ਉਤਾਰ ਕੇ ਫਸਲ ਨੂੰ ਧੁੱਪ ਲਗਾ ਦਿਓ ਅਤੇ ਸ਼ਾਮ ਨੂੰ ਫਿਰ ਢੱਕ ਦੇਣਾ ਚਾਹੀਦਾ ਹੈ। ਮਾਰਚ ਦੇ ਮਹੀਨੇ ਜਾਂ ਜਦੋਂ ਤਾਪਮਾਨ ਵੱਧ ਜਾਵੇ ਉਦੋਂ ਸ਼ੀਟਾਂ ਪੂਰੀ ਤਰ੍ਹਾਂ ਹਟਾ ਦੇਣੀਆਂ ਚਾਹੀਦੀਆਂ ਹਨ।

ਪੋਲੀਥੀਨ ਲਿਫਾਫਿਆਂ ਵਿਚ ਨਰਸਰੀ ਤਿਆਰ ਕਰਨਾ

ਇਸ ਲਈ ਕਿਸਾਨ ਵੀਰ 100 ਗੇਜ ਵਾਲੇ ਅਤੇ 15x10 ਸੈਂਟੀਮੀਟਰ ਆਕਾਰ ਦੇ ਪੋਲੀਥੀਨ ਦੇ ਲਿਫਾਫੇ ਵਰਤ ਸਕਦੇ ਹਨ। ਇਹਨਾਂ ਲਿਫਾਫਿਆਂ ਨੂੰ ਵਧੀਆ ਖੇਤ ਦੀ ਮਿੱਟੀ ਰੂੜੀ ਦੀ ਖਾਦ ਮਿਲਾ ਕੇ ਭਰ ਲਉ। ਬੀਜ ਜਨਵਰੀ ਦੇ ਆਖਰੀ ਹਫਤੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਬੀਜ ਦਿਓ ਅਤੇ ਬੀਜ 1.5 ਮੈਂਟੀਮੀਟਰ ਬੀਜਣਾ ਚਾਹੀਦਾ ਹੈ। ਬਿਜਾਈ ਤੇ ਪਹਿਲਾਂ ਲਿਫਾਫਿਆਂ ਦੇ ਵਿੱਚ ਸੁਰਾਖ ਕੱਢ ਲੈਣੇ ਚਾਹੀਦੇ ਹਨ ਤਾਂ ਜੋ ਫਾਲਤੂ ਪਾਣੀ ਲਿਫਾਫੇ ਵਿਚੋਂ ਨਿਕਲ ਸਕੇ।

ਲਿਫਾਫਿਆਂ ਨੂੰ ਕਿਸੇ ਕੰਧ ਦੇ ਨੇੜੇ ਧੁੱਪ ਵਾਲੇ ਪਾਸੇ ਰੱਖਣੇ ਚਾਹਿਦੇ ਹਨ ਅਤੇ ਜਿਥੇ ਲਿਫਾਫੇ ਰੱਖਣੇ ਹੈਂ ਉਹ ਜਗ੍ਹਾ ਨੀਵੀਂ ਨਾ ਹੋਵੇ ਅਤੇ ਨਾ ਹੀ ਉਥੇ ਬਰਸਾਤ ਦਾ ਪਾਣੀ ਖੜਦਾ ਹੋਵੇ। ਇੱਕ ਏਕੜ ਦੀ ਪਨੀਰੀ ਬੀਜਣ ਲਈ 5 ਤੋਂ 6 ਕਿੱਲੋ ਲਿਫਾਫਿਆਂ ਦੀ ਲੋੜ ਪੈਂਦੀ ਹੈ। ਬਿਜਾਈ ਤੋਂ ਬਾਅਦ ਹਰ ਰੇਂਜ ਬਾਅਦ ਦੁਪਹਿਰ ਫਵਾਰੇ ਨਾਲੇ ਪਾਣੀ ਦਿਓ। ਜਦੋਂ ਬੂਟੇ 25-30 ਦਿਨ ਦੇ ਹੋ ਜਾਣ ਅਤੇ 2 ਅਸਲੀ ਪੱਤੇ ਨਿਕਲ ਜਾਣ ਉਦੋਂ ਖੇਤ ਵਿੱਚ ਲਗਾ ਦੇਣੇ ਚਾਹਿਦੇ ਹਨ । ਬੂਟੇ ਲਗਾਉਣ ਤੋਂ 2 ਦਿਨ ਪਹਿਲਾਂ ਪਾਣੀ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬੂਟੇ ਲਗਾਉਣ ਤੋਂ ਪਹਿਲਾ ਲਿਫ਼ਾਫ਼ਾ ਕੱਟ ਕੇ ਅਲੱਗ ਕਰ ਦਿਓ। ਬੂਟੇ ਦੀ ਗਾਚੀ ਟੁੱਟਣ ਤੋਂ ਬਚਾਕੇ ਟੋਏ ਵਿੱਚ ਧਿਆਨ ਨਾਲ ਲਗਾ ਦੇਣਾ ਚਾਹੀਦਾ ਹੈ। ਇਹਨਾਂ ਤਰੀਕਿਆਂ ਨੂੰ ਵਰਤਕੇ ਕਿਸਾਨ ਵੀਰ ਦੂਜੇ ਕਿਸਾਨਾਂ ਤੋਂ 25 30 ਦਿਨ ਅਗੇਤੀ ਫਸਲ ਲੈ ਸਕਦਾ ਹੈ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਤੋਂ ਵਧੇਰਾ ਮੁਨਾਫਾ ਲੈ ਸਕਦਾ ਹੈ।

ਪਲੱਗ ਟਰੇ ਵਿੱਚ ਨਰਸਰੀ ਤਿਆਰ ਕਰਨਾ

ਇਸ ਵਿਧਿ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਨਰਸਰੀ ਪਲਾਸਟਿਕ ਦੀਆਂ ਬਣੀਆਂ ਟਰੇਆਂ ਵਿੱਚ ਉਗਾਈ ਜਾਂਦੀ ਹੈ ਜਿਸ ਨੂੰ ਪ੍ਰੋ ਟਰੇ ਵੀ ਕਹਿੰਦੇ ਹਨ। ਇਹ ਟਰੇਆਂ 50 ਤੋਂ 100 ਖਾਨਿਆਂ ਵਾਲੀਆਂ ਹੁੰਦੀਆਂ ਹਨ ਜੋ ਕਿ ਜਿਆਦਾਤਰ ਕਾਲੇ ਰੰਗ ਵਿੱਚ ਹੁੰਦੀਆਂ ਹਨ। ਇਹ ਟਰੇਆ 2 ਤੋਂ 3 ਸਾਲ ਤੱਕ ਕੰਮ ਵਿੱਚ ਲਈਆਂ ਜਾ ਸਕਦੀਆਂ ਹਨ ਇਹਨਾਂ ਟਰੇਆਂ ਨੂੰ ਕੋਕੋਪੀਟ: ਵਰਮੀਕੁਲਾਈਟ: ਪਰਲਾਈਟ (3:1:1) ਦੇ ਅਨੁਪਾਤ ਨਾਲ ਭਰ ਲਓ ਅਤੇ ਇਸਤੋਂ ਬਾਅਦ 1.5 ਤੋਂ 2 ਸੈਂਟੀਮੀਟਰ ਦੇ ਡੂੰਗਾਈ ਤੇ ਬਿਜਾਈ ਕਰ ਦੇਣੀ ਚਾਹੀਦੀ ਹੈ। ਅਤੇ ਬੀਜ ਨੂੰ ਇਸੇ ਮਿਸ਼ਰਣ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਬਿਜਾਈ ਦੇ ਤੁਰੰਤ ਬਾਅਦ ਫਵਾਰੇ ਨਾਲ ਹਲਕਾ ਪਾਣੀ ਦੇ ਦੇਣਾ ਚਾਹੀਦਾ ਹੈ। ਇਹਨਾ ਟਰੇਆਂ ਨੂੰ ਕਿਸੇ ਖਾਲੀ ਕਮਰੇ ਵਿੱਚ ਰੱਖ ਸਕਦੇ ਹੋ ਜਾਂ ਪਲਾਸਟਿਕ ਸ਼ੀਟ ਨਾਲ ਢੱਕਿਆ ਜਾ ਸਕਦਾ ਹੈ। ਜਦੋਂ ਪੌਦੇ ਦੇ 2 ਤੋਂ 4 ਅਸਲੀ ਪੱਤੇ ਨਿਕਲ ਜਾਣ ਉਦੋਂ ਖੇਤ ਵਿੱਚ ਲਗਾਏ ਜਾ ਸਕਦੇ ਹਨ। ਇਸ ਵਿਧੀ ਨਾਲ 25 ਤੋਂ 30 ਦਿਨ ਅਗੇਤੀ ਫਸਲ ਲਈ ਜਾ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran