ਪੰਜਾਬ ’ਚ ਝੋਨੇ ਦੀ ਬੰਪਰ ਫ਼ਸਲ ਹੋਣ ਦਾ ਅਨੁਮਾਨ

October 26 2023

ਪੰਜਾਬ ਵਿਚ ਐਤਕੀਂ ਝੋਨੇ ਦੇ ਝਾੜ ਤੋਂ ਬੰਪਰ ਫ਼ਸਲ ਹੋਣ ਦਾ ਅਨੁਮਾਨ ਹੈ। ਮਾਲਵੇ ਵਿੱਚ ਝਾੜ ਦੇ ਮੁੱਢਲੇ ਅਨੁਮਾਨ ਦੱਸ ਰਹੇ ਹਨ ਕਿ ਝੋਨਾ ਪ੍ਰਤੀ ਏਕੜ ਔਸਤਨ 30 ਤੋਂ 32 ਕੁਇੰਟਲ ਨਿਕਲ ਰਿਹਾ ਹੈ। ਬਹੁਤੇ ਥਾਵਾਂ ’ਤੇ 34 ਕੁਇੰਟਲ ਨੂੰ ਵੀ ਛੂਹ ਰਿਹਾ ਹੈ। ਹੜ੍ਹ ਦੀ ਮਾਰ ਹੇਠ ਆਏ ਖੇਤਰ ਥੋੜ੍ਹਾ ਪ੍ਰਭਾਵਿਤ ਹੋਏ ਹਨ ਅਤੇ ਤਰਨ ਤਾਰਨ ਵਿਚ ਝਾੜ ਅਨੁਮਾਨਾਂ ਤੋਂ ਘੱਟ ਹੈ। ਪਟਿਆਲਾ, ਸੰਗਰੂਰ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਵਿਚ ਦੂਸਰੀ ਦਫ਼ਾ ਝੋਨਾ ਲਾਉਣਾ ਪਿਆ ਸੀ।

ਖੇਤੀ ਮਹਿਕਮੇ ਨੇ 35 ਫ਼ੀਸਦੀ ਵਾਢੀ ’ਤੇ ਅਧਾਰਿਤ ਜਿਹੜੇ ਅਨੁਮਾਨ ਲਗਾਏ ਹਨ, ਉਹ ਨਾਖੁਸ਼ੀ ਵਾਲੇ ਜਾਪਦੇ ਹਨ। ਮਹਿਕਮੇ ਮੁਤਾਬਕ ਪ੍ਰਤੀ ਏਕੜ ਕਰੀਬ 25 ਕੁਇੰਟਲ ਝਾੜ ਹੀ ਨਿਕਲ ਰਿਹਾ ਹੈ ਜੋ ਕਿ ਪਿਛਲੇ ਵਰ੍ਹੇ 26 ਕੁਇੰਟਲ ਪ੍ਰਤੀ ਏਕੜ ਸੀ। ਪੰਜਾਬ ਦੇ ਵੱਖ ਵੱਖ ਖ਼ਿੱਤਿਆਂ ਵਿਚ ਕਿਸਾਨਾਂ ਨਾਲ ਕੀਤੀ ਗੱਲਬਾਤ ਕੁਝ ਹੋਰ ਹੀ ਹਕੀਕਤ ਬਿਆਨ ਰਹੀ ਹੈ। ਮਾਲਵੇ ਵਿਚ ਕਿਸਾਨ ਝੋਨੇ ਦੀ ਪੀਆਰ 126 ਕਿਸਮ ਦੀ ਤਾਰੀਫ਼ ਕਰ ਰਹੇ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੇ ਕਿਸਾਨ ਪ੍ਰੀਤ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਲੰਘੇ ਕੱਲ੍ਹ ਹੀ ਫ਼ਸਲ ਵੇਚੀ ਹੈ ਅਤੇ ਤੁਲਾਈ ’ਚ ਪ੍ਰਤੀ ਏਕੜ 35 ਕੁਇੰਟਲ ਝਾੜ ਸਾਹਮਣੇ ਆਇਆ ਹੈ। ਪੰਜਾਬ ਦੀਆਂ 1854 ਪੱਕੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸਿਖਰ ’ਤੇ ਚੱਲ ਰਹੀ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਨਿਆਲ ਦੇ ਕਿਸਾਨ ਮਨਜੀਤ ਸਿੰਘ ਮੁਤਾਬਕ ਉਸ ਦੀ ਪੀਆਰ 126 ਕਿਸਮ ਦਾ ਝਾੜ ਐਤਕੀਂ ਪ੍ਰਤੀ ਏਕੜ 32 ਤੋਂ 34 ਕੁਇੰਟਲ ਤੱਕ ਨਿਕਲਿਆ ਹੈ, ਜੋ ਪਿਛਲੇ ਵਰ੍ਹੇ ਨਾਲੋਂ ਕਰੀਬ ਦੋ ਤਿੰਨ ਕੁਇੰਟਲ ਵੱਧ ਹੈ। ਨਾਭਾ ਨੇੜਲੇ ਪਿੰਡ ਰੋਹਟੀ ਖ਼ਾਸ ਦੇ ਕਿਸਾਨ ਗਿਆਨੀ ਦਰਸ਼ਨ ਸਿੰਘ ਨੇ ਕਿਹਾ ਕਿ ਪਹਿਲਾਂ ਝਾੜ ਘਟਣ ਦਾ ਖ਼ਦਸ਼ਾ ਸੀ, ਪਰ ਵਾਢੀ ਮਗਰੋਂ ਹੁਣ ਝਾੜ ਦੇ ਪਿਛਲੇ ਸਾਲ ਨਾਲੋਂ ਵੱਧ ਨਿਕਲਣ ਦੀ ਖ਼ਬਰ ਹੈ। ਫ਼ਿਰੋਜ਼ਪੁਰ ਦੇ ਪਿੰਡ ਪੋਜੋ ਕੇ ਉਤਾੜ ਦੇ ਕਿਸਾਨ ਵਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਕਈ ਖੇਤਾਂ ਦਾ ਝਾੜ 100 ਮਣ ਪ੍ਰਤੀ ਏਕੜ ਨੇੜੇ ਵੀ ਪੁੱਜਿਆ ਹੈ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਦੋ ਕੁਇੰਟਲ ਪ੍ਰਤੀ ਏਕੜ ਝਾੜ ਵੱਧ ਨਿਕਲ ਰਿਹਾ ਹੈ। ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ ਕਰੀਬ 60 ਲੱਖ ਮੀਟਰਿਕ ਟਨ ਫ਼ਸਲ ਆ ਚੁੱਕੀ ਹੈ ਅਤੇ ਰੋਜ਼ਾਨਾ ਪੰਜ ਤੋਂ ਛੇ ਲੱਖ ਮੀਟਰਿਕ ਟਨ ਝੋਨਾ ਮੰਡੀਆਂ ਵਿਚ ਪੁੱਜ ਰਿਹਾ ਹੈ। ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਅਗਾਂਹਵਧੂ ਕਿਸਾਨ ਅਤੇ ਕਾਂਗਰਸੀ ਆਗੂ ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਮਾਝੇ ਵਿਚ ਬਾਸਮਤੀ ਦਾ ਝਾੜ 18 ਤੋਂ 21 ਕੁਇੰਟਲ ਦਾ ਹੈ ਅਤੇ ਬਾਸਮਤੀ ਦੀ ਖ਼ਰੀਦ ਵਿਚ ਸਭ ਮਿਲ ਕੇ ਲੁੱਟ ਕਰ ਰਹੇ ਹਨ ਅਤੇ ਸਰਕਾਰ ਦਾ ਇਸ ਪਾਸੇ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਕਾਸ਼ਤਕਾਰਾਂ ਨੂੰ ਮਾਝੇ ਵਿਚ ਵੱਡਾ ਸੇਕ ਲੱਗਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਪੀਆਰ 126 ਕਿਸਮ ਦਾ ਝੋਨਾ ਆਇਆ ਹੈ ਜਿਸ ਦਾ ਝਾੜ 31 ਤੋਂ 32 ਕੁਇੰਟਲ ਪ੍ਰਤੀ ਏਕੜ ਨਿਕਲਿਆ ਹੈ। ਪੰਜਾਬ ਸਰਕਾਰ ਨੇ ਐਤਕੀਂ 182 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਹੈ।

ਫ਼ਸਲੀ ਝਾੜ ਤਸੱਲੀਬਖ਼ਸ਼: ਖੇਤੀ ਮੰਤਰੀ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਐਤਕੀਂ ਝੋਨੇ ਦਾ ਝਾੜ ਤਸੱਲੀਬਖ਼ਸ਼ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦਾ 35 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਬੇਸ਼ੱਕ ਕੁਝ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਮਾਰ ਪੈ ਗਈ ਸੀ, ਪਰ ਪੰਜਾਬ ਸਰਕਾਰ ਨੇ ਵੇਲੇ ਸਿਰ ਪਨੀਰੀ ਆਦਿ ਦਾ ਪ੍ਰਬੰਧ ਕੀਤਾ ਜਿਸ ਕਰਕੇ ਝਾੜ ਪ੍ਰਭਾਵਿਤ ਹੋਣ ਤੋਂ ਬਚ ਗਿਆ ਹੈ।

ਸਰੋਤ: ਪੰਜਾਬੀ ਟ੍ਰਿਬਿਊਨ