ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਹਿਲੀ ਅਪ੍ਰੈਲ ਤੋਂ ਸ਼ੁਰੂ ਕਰੇਗਾ 'ਪ੍ਰਦੂਸ਼ਣ ਰਹਿਤ ਲਿਫ਼ਾਫ਼ੇ'

March 29 2018

ਚੰਡੀਗੜ੍ਹ : ਪਲਾਸਟਿਕ ਦੇ ਲਿਫ਼ਾਫ਼ੇ ਮਿੱਟੀ ਵਿਚ ਗਲਣ ਨਾ ਕਾਰਨ ਵਾਤਾਵਰਣ ਵਿਚ ਜ਼ਹਿਰ ਘੋਲ ਰਹੇ ਹਨ ਅਤੇ ਇਨ੍ਹਾਂ ਕਾਰਨ ਜਗ੍ਹਾ-ਜਗ੍ਹਾ ਤੇ ਸੀਵਰੇਜ਼ ਜਾਮ ਹੋਣ ਵਰਗੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫ਼ਾਫਿ਼ਆਂ ਤੋਂ ਫ਼ੈਲ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮੰਤਵ ਨਾਲ ਇਕ ਅਹਿਮ ਕਦਮ ਉਠਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਬੋਰਡ ਵਲੋਂ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਕਰਕੇ ਅਜਿਹੇ ਲਿਫ਼ਾਫ਼ੇ ਬਜ਼ਾਰ ਵਿਚ ਲਿਆਂਦੇ ਜਾ ਰਹੇ ਹਨ।

ਇਨ੍ਹਾਂ ਵਾਤਾਵਰਣ ਪੱਖੀ ਲਿਫ਼ਾਫਿ਼ਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਵਾਤਾਵਰਣ ਵਿਚ ਪ੍ਰਦੂਸ਼ਣ ਨਹੀਂ ਫ਼ੈਲਾਉਂਦੇ ਅਤੇ ਵਰਤੋਂ ਵਿਚ ਆਉਣ ਤੋਂ ਬਾਅਦ ਅਸਾਨੀ ਨਾਲ ਮਿੱਟੀ ਵਿਚ ਗਲ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਨ੍ਹਾਂ ਵਾਤਾਵਰਣ ਪੱਖੀ ਲਿਫ਼ਾਫਿ਼ਆਂ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਲਿਫ਼ਾਫਿ਼ਆਂ ਨੂੰ ਦੁਰਗਿਆਣਾ ਮੰਦਰ, ਕਾਲੀ ਮਾਤਾ ਮੰਦਰ ਸਮੇਤ ਹੋਰ ਧਾਰਮਿਕ ਅਸਥਾਨਾਂ ਤੇ ਵੀ ਲਿਆਂਦਾ ਜਾਵੇਗਾ ਕਿਉਂਕਿ ਇਥੇ ਲਿਫ਼ਾਫਿ਼ਆਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਭਾਵੇਂ ਕਿ ਫਿ਼ਲਹਾਲ ਇਸ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ ਕੀਤੀ ਜਾ ਰਹੀ ਹੈ ਪਰ ਜਲਦ ਹੀ ਇਨ੍ਹਾਂ ਲਿਫ਼ਾਫਿ਼ਆਂ ਨੂੰ ਪੂਰੇ ਪੰਜਾਬ ਵਿਚ ਲਿਆਂਦਾ ਜਾਵੇਗਾ ਤਾਂ ਜੋ ਪਲਾਸਟਿਕ ਦੇ ਲਿਫ਼ਾਫਿਆਂ ਕਾਰਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Rozana Spokesman