ਅਨਾਰ ਤੇ ਨਾਰੀਅਲ ਦੇ ਬਾਗ਼ਾਂ ’ਚ ਭਾਰਤ ਮੋਹਰੀ

November 15 2018

ਹਰ ਦਿਨ ਪੈਦਾ ਹੋ ਰਹੀਆਂ ਨਵੀਆਂ-ਨਵੀਆਂ ਬਿਮਾਰੀਆਂ ਕਾਰਨ ਲੋਕ ਮੁੜ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਹਨ ਕਿਉਕਿ ਗ਼ੈਰ-ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ। ਇਸ ਕਰਕੇ ਸਿਰਫ਼ ਪੂਜਾ ਭਗਤੀ, ਤਿਉਹਾਰ ਤੇ ਰਸਮ-ਰਿਵਾਜ ਆਦਿ ਲਈ ਵਰਤੇ ਜਾਣ ਵਾਲੇ ਨਾਰੀਅਲਾਂ ਦੀ ਲੋਕ ਖ਼ੂਬ ਵਰਤੋਂ ਕਰਨ ਲੱਗ ਪਏ ਹਨ। ਇਸ ਤੋਂ ਪਹਿਲਾਂ ਪਾਣੀ ਵਾਲਾ ਕੱਚਾ ਨਾਰੀਅਲ ਦੇਸ਼ ਦੇ ਵੱਡੇ ਮਹਾਨਗਰਾਂ ਅਤੇ ਸਮੁੰਦਰਾਂ ਦੇ ਕੰਢੇ ’ਤੇ ਹੀ ਮਸ਼ਹੂਰ ਹੁੰਦਾ ਸੀ ਜਾਂ ਫਿਰ ਆਮ ਲੋਕ ਫਿਲਮਾਂ ਵਿੱਚ ਨਾਰੀਅਲ ਪਾਣੀ ਪੀਂਦੇ ਹੋਏ ਦੇਖਦੇ ਸਨ। ਪਰ ਹੁਣ ਦੇਸ਼ ਦੇ ਹਰ ਛੋਟੇ-ਵੱਡੇ ਸ਼ਹਿਰ ਅੰਦਰ ਹਰ ਰੋਜ਼ ਹਜ਼ਾਰਾਂ ਰੁਪਏ ਦਾ ਨਾਰੀਅਲ ਵਰਤੋਂ ਵਿੱਚ ਆ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਮੰਗ ਵਧ ਰਹੀ ਹੈ। ਦੁਨੀਆਂ ਭਰ ਵਿਚ ਭਾਰਤ ਨਾਰੀਅਲ ਅਤੇ ਅਨਾਰ ਦੀ ਪੈਦਾਵਾਰ ਵਿੱਚ ਮੋਹਰੀ ਚੱਲ ਰਿਹਾ ਹੈ। ਦੇਸ਼ ਅੰਦਰ 20.82 ਲੱਖ ਹੈਕਟੇਅਰ ਵਿੱਚ ਨਾਰੀਅਲ ਦੇ ਬਾਗ਼ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ ਸਾਲਾਨਾ 2395 ਕਰੋੜ ਨਾਰੀਅਲ ਪੈਦਾ ਹੁੰਦੇ ਹਨ। ਪ੍ਰਤੀ ਹੈਕਟੇਅਰ ਨਾਰੀਅਲ ਦਾ ਝਾੜ 11,505 ਨਾਰੀਅਲ ਹੈ। ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿੱਚ ਢਾਬ ਵੀ ਕਿਹਾ ਜਾਂਦਾ ਹੈ। ਨਾਰੀਅਲ ਦੀ ਘਰੇਲੂ ਪੱਧਰ ‘ਤੇ ਖ਼ਪਤ 27,900 ਕਰੋੜ ਰੁਪਏ ਸਾਲਾਨਾ ਦੇ ਕਰੀਬ ਹੈ। ਸਾਲ 2016-17 ਵਿੱਚ 2084 ਕਰੋੜ ਰੁਪਏ ਮੁੱਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ। ਦੇਸ਼ ਅੰਦਰ ਇੱਕ ਕਰੋੜ ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਨਾਰੀਅਲ ਦੀ ਮੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਲਈ ਫ਼ਾਈਦੇਮੰਦ ਹੋਣਾ ਹੈ। ਨਾਰੀਅਲ ਦਾ ਪਾਣੀ ਸਰੀਰਕ ਕਮਜ਼ੋਰੀ, ਪੁਰਾਣੀ ਕਬਜ਼ ਦੂਰ ਕਰਨ ਦੇ ਨਾਲ ਹੀ ਡੇਂਗੂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋਣ ਸਣੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਦਾ ਹੈ। ਪਾਣੀ ਵਾਲੇ ਨਾਰੀਅਲ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਵੀ ਹੈ ਕਿ ਬਿਨਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਤੋਂ ਤਿਆਰ ਹੋ ਕੇ ਆਉਂਦਾ ਹੈ। ਇਸ ਦਾ ਪਾਣੀ ਸਰੀਰ ਦਾ ਮੋਟਾਪਾ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਖਾਣ ਜਾਂ ਪੀਣ ਵਾਲਾ ਨਾਰੀਅਲ ਖਾਧ ਪਦਾਰਥਾਂ ਦੇ ਰੂਪ ’ਚ ਘੱਟ ਵਰਤਿਆ ਜਾਂਦਾ ਸੀ ਅਤੇ ਪੂਜਾ ਭਗਤੀ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਦੇ ਨਾਰੀਅਲ ਨਦੀ-ਨਾਲਿਆਂ ਵਿੱਚ ਵਹਾ ਦਿੱਤੇ ਜਾਂਦੇ ਸਨ। ਲੋਕਾਂ ਨੂੰ ਕੱਚਾ ਨਾਰੀਅਲ ਖਾਣ ਦੀ ਬਹੁਤੀ ਆਦਤ ਨਹੀਂ ਸੀ ਕਿਉਂਕਿ ਜ਼ਿਆਦਾਤਰ ਨਾਰੀਅਲ ਪੂਜਾ-ਭਗਤੀ ਕਰਨ ਜਾਂ ਨਦੀ ਨਾਲਿਆਂ ਵਿੱਚ ਜਲ ਪ੍ਰਵਾਹ ਕਰਨ ਦੇ ਕੰਮ ਹੀ ਆਉਂਦੇ ਹਨ ਜਾਂ ਫਿਰ ਕਿਸੇ ਨੂੰ ਨਾਰੀਅਲ (ਗੁੱਟ) ਸ਼ਗਨ ਵਜੋਂ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ। ਤਾਂਤਰਿਕਾਂ ਵੱਲੋਂ ਕਰਵਾਏ ਜਾਂਦੇ ਟੂਣੇ-ਟੋਟਕਿਆਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਨਾਰੀਅਲ ਨੂੰ ਹੋਰ ਕਿਸੇ ਵਰਤੋਂ ਦਾ ਸਾਧਨ ਨਹੀਂ ਮੰਨਿਆ ਜਾਂਦਾ। ਹੁਣ ਕੱਚੇ ਨਾਰੀਅਲ ਦੀ ਮੰਗ ਅਤੇ ਖ਼ਪਤ ਵਧਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਛੋਟੇ ਜਿਹੇ ਕਸਬੇ ਵਿੱਚ ਵੀ ਤਿੰਨ-ਚਾਰ ਸੌ ਨਾਰੀਅਲ ਪ੍ਰਤੀ ਦਿਨ ਖ਼ਪਤ ਦੇਖੀ ਜਾ ਰਹੀ ਹੈ। ਇਸ ਕਰਕੇ ਨਾਰੀਅਲ ਦੇ ਬਾਗ਼ ਬਿਹਾਰ, ਕੇਰਲਾ ਆਦਿ ਦੇ ਨਾਲ ਨਾਲ ਦੇਸ਼ ਦੇ ਹੋਰ ਕਈ ਸੂਬਿਆਂ ਵਿੱਚ ਪ੍ਰਫੁੱਲਿਤ ਕੀਤੇ ਜਾ ਸਕਦੇ ਹਨ।

ਇਸੇ ਤਰ੍ਹਾਂ ਹੀ ਅਨਾਰ ਉਤਪਾਦਨ ਵਿੱਚ ਵੀ ਭਾਰਤ ਦੁਨੀਆਂ ਭਰ ਵਿੱਚੋਂ ਸਭ ਤੋਂ ਸਭ ਵੱਧ ਪੈਦਾਵਾਰ ਕਰਕੇ ਅਨਾਰ ਵਿਦੇਸ਼ਾਂ ਨੂੰ ਭੇਜ ਰਿਹਾ ਹੈ। ਸਾਲ 2017 ਵਿਚ ਭਾਰਤ ਤੋਂ 12.7 ਫ਼ੀਸਦੀ ਵੱਧ ਫਲ ਭੇਜ ਕੇ 554 ਕਰੋੜ ਰੁਪਏ ਦੀ ਵੱਧ ਕਮਾਈ ਹੋਈ ਹੈ। ਭਾਰਤ ਦੁਨੀਆਂ ਦੇ ਅਜਿਹਾ ਦੇਸ਼ ਹੈ ਜਿੱਥੇ ਸਾਰਾ ਸਾਲ ਹੀ ਰਸੀਲੇ ਅਨਾਰਾਂ ਦਾ ਉਤਪਾਦਨ ਹੁੰਦਾ ਹੈ। ਮਹਾਰਾਸ਼ਟਰ ਇੱਕ ਲੱਖ 28 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਅਨਾਰਾਂ ਦਾ ਉਤਪਾਦਨ ਕਰ ਰਿਹਾ ਹੈ ਜਦੋਂਕਿ 23 ਹਜ਼ਾਰ 230 ਹੈਕਟੇਅਰ ‘ਚ ਅਨਾਰਾਂ ਦੀ ਖੇਤੀ ਕਰਕੇ ਕਰਨਾਟਕ ਦੂਜੇ ਨੰਬਰ ’ਤੇ ਆਉਦਾ ਹੈ। ਇਹ ਦੋਵੇਂ ਸੂਬੇ ਦੇਸ਼ ਭਰ ਦਾ 84 ਫ਼ੀਸਦੀ ਅਨਾਰ ਪੈਦਾ ਕਰ ਰਹੇ ਹਨ। ਰਾਜਸਥਾਨ ਵਿੱਚ ਤਕਰੀਬਨ 18 ਹਜ਼ਾਰ ਹੈਕਟੇਅਰ ਵਿੱਚ ਅਨਾਰ ਉਦਪਾਦਨ ਹੋ ਰਿਹਾ ਹੈ। ਪੰਜਾਬ ਦਾ ਅਨਾਰ ਉਤਪਾਦਨ ਵਿੱਚ ਕਿਤੇ ਕੋਈ ਨਾਂ ਨਹੀਂ ਹੈ ਪਰ ਬਾਗ਼ਬਾਨੀ ਦੇ ਬਦਲ ਵਜੋਂ ਪੰਜਾਬ ਵਿੱਚ ਅਨਾਰ ਉਤਪਾਦਨ ਕੀਤਾ ਜਾ ਸਕਦਾ ਹੈ।

ਸੰਪਰਕ: 98761-01698