ਲੁਟੇਰਿਆਂ ਦਾ ਬਾਸਮਤੀ ’ਤੇ ਡਾਕਾ, ਨਿੱਤ ਹੋ ਰਿਹੈ ਨਵਾਂ ਵਾਕਾ

November 22 2018

ਤਰਨ ਤਾਰਨ-ਪੱਟੀ ਸੜਕ ’ਤੇ ਬੀਤੀ ਰਾਤ ਪਿੰਡ ਜੌੜਾ ਨੇੜਿਓਂ ਇਨੋਵਾਂ ਸਵਾਰ ਪੰਜ ਲੁਟੇਰਿਆਂ ਵਲੋਂ ਬਾਸਮਤੀ ਦਾ ਭਰਿਆ ਟਰੱਕ ਖੋਹਣ ਨਾਲ ਲੋਕਾਂ ਵਿੱਚ ਦਹਿਤਸ਼ ਫੈਲ ਗਈ ਹੈ। ਥਾਣਾ ਸਰਹਾਲੀ ਨੇ ਦਫ਼ਾ 379, 148, 149 ਫੌਜਦਾਰੀ ਅਧੀਨ ਮਾਮਲਾ ਦਰਜ ਕੀਤਾ ਹੈ| ਸਰਹੱਦੀ ਖੇਤਰ ਅੰਦਰ ਅਜੇ ਕੁਝ ਦਿਨ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ, ਜਿਸ ਦੌਰਾਨ ਇਨੋਵਾ ਸਵਾਰ ਲੁਟੇਰੇ ਟਰੱਕ ਚਾਲਕ ਨੂੰ ਭਿੱਖੀਵਿੰਡ ਇਲਾਕੇ ਅੰਦਰ ਸੁੱਟ ਗਏ ਸਨ ਤੇ ਬਾਸਮਤੀ ਦਾ ਟਰੱਕ ਲੈ ਕੇ ਫ਼ਰਾਰ ਹੋ ਗਏ ਸਨ।

ਇਲਾਕੇ ਦੇ ਆੜ੍ਹਤੀਆਂ ਦੇ ਆਗੂ ਰਵੀ ਦੀ ਅਗਵਾਈ ਵਿਚ ਆੜ੍ਹਤੀਆਂ ਦੇ ਵਫਦ ਨੇ ਥਾਣਾ ਸਰਹਾਲੀ ਦੇ ਐਸਐਚਓ ਨਾਲ ਮੀਟਿੰਗ ਕਰਕੇ ਕੌਮੀ ਸ਼ਾਹ ਮਾਰਗ ’ਤੇ ਰਾਤ ਵੇਲੇ ਪੁਲੀਸ ਦੀ ਗਸ਼ਤ ਤੇਜ਼ ਕਰਨ ਦੇ ਮੰਗ ਕੀਤੀ| ਇਸ ਦੇ ਨਾਲ ਹੀ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦਾਅਵਾ ਹੈ ਕੀਤਾ ਕਿ ਇਸ ਘਟਨਾ ਦੇ ਮੁਲਜ਼ਮਾਂ ਦੀ ਛੇਤੀ ਭਾਲ ਕਰ ਲਈ ਜਾਵੇਗੀ| ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਕਾਰੋਬਾਰਿਆਂ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਦਿਆਂ ਪੁਲੀਸ ਨੇ ਰਾਤ ਵੇਲੇ ਵੀ ਗਸ਼ਤ ਤੇਜ਼ ਕਰ ਦਿੱਤੀ ਹੈ| ਬੀਤੀ ਰਾਤ ਹੋਈ ਘਟਨਾ ਸਬੰਧੀ ਮਾਮਲੇ ਦੀ ਜਾਂਚ ਕਰਦੇ ਪੁਲੀਸ ਅਧਿਕਾਰੀ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਟਰੱਕ ਨੰਬਰ ਪੀਬੀ 46 ਐਮ-9164 ਦਾ ਚਾਲਕ ਜਸਪਾਲ ਸਿੰਘ ਵਾਸੀ ਲਾਖਣਾ (ਵਲਟੋਹਾ) ਸ਼ਾਮ ਵੇਲੇ ਬਾਸਰਕੇ ਦੇ ਆੜ੍ਹਤੀ ਨਿਰਭੈਅ ਰਾਮ ਦੀ ਦੁਕਾਨ ਤੋਂ 797 ਤੋੜਾ 1121 ਬਾਸਮਤੀ ਲੱਦ ਕੇ ਤਰਨ ਤਾਰਨ ਦੇ ਸ਼ੈਲਰ ’ਤੇ ਆ ਰਿਹਾ ਸੀ ਕਿ ਜਿਵੇਂ ਹੀ ਉਹ ਜੌੜਾ ਨੇੜੇ ਪੁੱਜਾ ਤਾਂ ਉਸ ਨੂੰ ਪਿੱਛੋਂ ਦੀ ਸਿਲਵਰ ਰੰਗ ਦੀ ਇਨੋਵਾ ’ਤੇ ਆਏ ਪੰਜ ਲੁਟੇਰਿਆਂ ਨੇ ਘੇਰ ਲਿਆ|

ਲੁਟੇਰਿਆਂ ਨੇ ਉਸ ਨੂੰ ਦਾਤਰ ਦਾ ਡਰਾਵਾ ਦੇ ਕੇ ਉਸ ਕੋਲੋਂ ਟਰੱਕ ਖੋਹ ਲਿਆ ਅਤੇ ਉਸ ਨੂੰ ਹੇਠਾਂ ਉਤਾਰ ਕੇ ਟਰੱਕ ਲੈ ਗਏ| ਆੜ੍ਹਤੀ ਨਿਰਭੈਅ ਰਾਮ ਨੇ ਦੱਸਿਆ ਕਿ ਸਰਹੱਦੀ ਖੇਤਰ ਅੰਦਰ ਲੁੱਟਾਂ ਖੋਹਾਂ ਦੀਆਂ ਅਕਸਰ ਹੁੰਦੀਆਂ ਘਟਨਾਵਾਂ ਨੇ ਕਾਰੋਬਾਰ ਨੂੰ ਪਹਿਲਾਂ ਹੀ ਬਹੁਤ ਢਾਹ ਲਗਾਈ ਹੈ, ਜਿਸ ਕਰਕੇ ਉਹ ਸਖਤ ਸੁਰੱਖਿਆ ਦੇ ਬੰਦੋਬਸਤ ਕੀਤੇ ਜਾਣ ਦੀ ਮੰਗ ਕਰਦੇ ਹਨ|

Source: Punjabi Tribune