ਰੋਟਾਵੇਟਰ ਅਤੇ ਹੈਪੀ ਸੀਡਰ ਦੇ ਸੁਮੇਲ ਨਾਲ ਪਰਾਲੀ ਦੇ ਹੱਲ ਲਈ ਕਿਸਾਨਾਂ ਨੇ ਬਣਾਈ ਨਵੀਂ ਮਸ਼ੀਨ

November 08 2018

ਸ੍ਰੀ ਮੁਕਤਸਰ ਸਾਹਿਬ - ਜੈਤੋ ਦੇ ਮਿਸਤਰੀ ਸੰਤੋਖ ਸਿੰਘ ਦੇ ਸਹਿਯੋਗ ਨਾਲ ਪਿੰਡ ਮਹਿਰਾਜ ਦੇ ਕਿਸਾਨ ਜਸਵਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੇ ਹੱਲ ਲਈ ਇਕ ਨਵੀਂ ਮਸ਼ੀਨ ਬਣਾਈ ਹੈ, ਜੋ ਰੋਟਾਵੇਟਰ ਅਤੇ ਹੈਪੀ ਸੀਡਰ ਦਾ ਸੁਮੇਲ ਹੈ। ਇਸ ਮਸ਼ੀਨ ਨੂੰ ਬਣਾਉਣ ਚ 3 ਸਾਲ ਲਗੇ ਹਨ, ਜਿਸ ਦਾ ਖੇਤੀਬਾੜੀ ਅਧਿਕਾਰੀਆਂ ਵਲੋਂ ਤਕਨੀਕੀ ਨਿਰੀਖਣ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ 7 ਸਾਲਾ ਤੋਂ ਪਰਾਲੀ ਨੂੰ ਅੱਗ ਲਾਏ ਬਿਨਾਂ ਇਸ ਦਾ ਨਿਪਟਾਰਾ ਕਰ ਰਹੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਇੱਛਾ ਸੀ ਕਿ ਇਕ ਅਜਿਹੀ ਮਸ਼ੀਨ ਬਣਾਈ ਜਾਵੇ, ਜੋ ਪਰਾਲੀ ਵਾਲੇ ਖੇਤ ਚ ਸਿੱਧੇ ਤੌਰ ਤੇ ਕਣਕ ਦੀ ਬਿਜਾਈ ਕਰ ਸਕੇ। 

ਇਸ ਮਸ਼ੀਨ ਚ ਘੁੰਮਣ ਵਾਲੇ ਬਲੇਡ ਲਾਏ ਗਏ ਹਨ, ਜੋ 5 ਇੰਚ ਦੀ ਡੂੰਘਾਈ ਤੱਕ ਮਿੱਟੀ ਨੂੰ ਪੁੱਟ ਕੇ ਪਰਾਲੀ ਅਤੇ ਮਿੱਟੀ ਨੂੰ ਮਿਲਾ ਦਿੰਦੇ ਹਨ। ਇਸ ਤੋਂ ਬਾਅਦ ਘੁਮਾਓਦਾਰ ਤਵੀਆਂ ਨਾਲ ਕਣਕ ਦੀ ਬਿਜਾਈ ਲਈ ਪਾੜਾ ਬਣਦਾ ਹੈ, ਜਿਸ ਚ ਇਹ ਮਸ਼ੀਨ ਬੀਜ ਅਤੇ ਖਾਦ ਕੇਰ ਦਿੰਦੀ ਹੈ। ਇਸ ਮਸ਼ੀਨ ਨੂੰ ਬਣਾਉਣ ਚ ਸਹਿਯੋਗ ਦੇਣ ਵਾਲੇ ਜੈਤੋ ਦੇ ਸੰਤੋਖ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੇ ਇਸ ਸਾਲ ਕੀਤੇ ਤਜਰਬਿਆਂ ਤਹਿਤ ਕਣਕ ਬਹੁਤ ਚੰਗੀ ਪੁੰਗਰੀ ਹੈ। ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਦਾ ਟਰੈਕਟਰ ਆਸਾਨੀ ਨਾਲ ਖਿੱਚ ਸਕਦਾ ਹੈ ਅਤੇ ਇਹ ਮਸ਼ੀਨ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਹੁਤ ਕਾਰਗਰ ਸਿੱਧ ਹੋਵੇਗੀ। ਇਸ ਸਬੰਧ ਚ ਜ਼ਿਲਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਇਸ ਮਸ਼ੀਨ ਦੇ ਤਜਰਬਿਆਂ ਦੀ ਪਰਖ ਕੀਤੀ ਜਾ ਰਹੀ ਹੈ।

Source: Jagbani