ਕਿਸਾਨਾਂ ਨੂੰ 50 ਹਜ਼ਾਰ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਐਲਾਨ

May 08 2018

ਪਟਿਆਲਾ: ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਚਾਲੂ ਮਾਲੀ ਸਾਲ ਦੌਰਾਨ 50 ਹਜ਼ਾਰ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਉਹ ਸੋਮਵਾਰ ਨੂੰ ਇੱਥੇ ਪਾਵਰਕੌਮ ਦੇ ਬਠਿੰਡਾ ਥਰਮਲ ਪਲਾਂਟ ਤੋਂ ਸਰਪਲੱਸ ਹੋਏ ਠੇਕੇਦਾਰਾਂ ਦੇ ਕਿਰਤੀਆਂ ਨੂੰ ਪੈਸਕੋ ਵਿੱਚ ਭਰਤੀ ਕੀਤੇ ਜਾਣ ਮੌਕੇ ਨਿਯੁਕਤੀ ਪੱਤਰ ਵੰਡਣ ਲਈ ਪੁੱਜੇ ਸਨ।

ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਮਗਰੋਂ ਪਾਵਰਕੌਮ ਨੇ ਨਵੇਂ ਟਿਊਬਵੈੱਲ ਕੁਨੈਕਸ਼ਨ ਦੇਣ ਤੋਂ ਹੱਥ ਘੁੱਟਿਆ ਹੋਇਆ ਸੀ। ਇਸ ਸਬੰਧੀ ਪਾਵਰਕੌਮ ਵੱਲੋਂ ਨਾ ਤਾਂ ਸਿੱਧੇ ਤੌਰ ’ਤੇ ਕੋਈ ਪਾਬੰਦੀ ਲਾਈ ਗਈ ਸੀ ਤੇ ਨਾ ਹੀ ਕੁਨੈਕਸ਼ਨ ਦਿੱਤੇ ਜਾ ਰਹੇ ਸਨ ਜਦਕਿ ਇਸ ਐਲਾਨ ਨੂੰ ਕਿਸਾਨ ਕਾਫ਼ੀ ਦੇਰ ਤੋਂ ਉਡੀਕ ਰਹੇ ਸੀ। ਬਿਜਲੀ ਮੰਤਰੀ ਮੁਤਾਬਕ ਇਹ ਕੁਨੈਕਸ਼ਨ ਕੈਪਟਨ ਸਰਕਾਰ ਦੀ ਇਸ ਸਬੰਧੀ ਬਣਾਈ ਨੀਤੀ ਤਹਿਤ ਦਿੱਤੇ ਜਾ ਰਹੇ ਹਨ।

ਕਾਂਗੜ ਨੇ ਦਾਅਵਾ ਕੀਤਾ ਕਿ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਪਾਵਰਕੌਮ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਜ਼ੋਨ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਵਰਕੌਮ ’ਚ ਨਵੀਂ ਭਰਤੀ ਲਈ ਜਲਦੀ ਹੀ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ।

ਇਸ ਤਹਿਤ 2800 ਸਹਾਇਕ ਲਾਈਨਮੈਨ, 300 ਜੇ.ਈ, 248 ਐਸ.ਐਸ.ਏ. ਤੇ 330 ਐਲ.ਡੀ.ਸੀ. ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਕਰਾਰ ਤਹਿਤ ਬਠਿੰਡਾ ਪਲਾਂਟ ਤੋਂ ਸਰਪਲੱਸ ਹੋਏ ਠੇਕਾ ਕਾਮਿਆਂ ਨੂੰ ਪਹਿਲਾਂ ਬਠਿੰਡਾ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਸਨ ਤੇ 101 ਹੋਰ ਕਾਮਿਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਬਾਕੀ 635 ਕਾਮਿਆਂ ਨੂੰ ਵੀ ਜਲਦੀ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha