ਹੁਣ ਪਸ਼ੂਆਂ ਦੇ ਹਰੇ ਚਾਰੇ ਲਈ ਨਹੀਂ ਜ਼ਮੀਨ ਦੀ ਲੋੜ, ਸਿਰਫ 7 ਦਿਨ ਚ ਚਾਰਾ ਤਿਆਰ

January 29 2019

This content is currently available only in Punjabi language.

ਹੁਣ ਉਹ ਦਿਨ ਗਏ ਜਦੋਂ ਖੇਤ ਵਿੱਚ ਹਰਾ ਚਾਰਾ ਉਗਾਉਣ ਲਈ ਮਿਹਨਤ ਕਰਨੀ ਪੈਂਦੀ ਸੀ। ਹੁਣ ਪਸ਼ੂ ਪਾਲਕ ਇੱਕ ਟ੍ਰੇਅ ਵਿੱਚ ਚਾਰਾ ਉਗਾ ਸਕਦੇ ਹਨ। ਇਹੀ ਨਹੀਂ ਇਹ ਚਾਰਾ ਖੇਤ ਵਿੱਚ ਉਗਾਏ ਚਾਰੇ ਨਾਲੋਂ ਦੁੱਗਣਾ ਪੌਸ਼ਟਿਕ ਹੁੰਦਾ ਹੈ। ਇਹ ਚਾਰਾ ਸਿਰਫ਼ 7 ਦਿਨਾਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਹ ਚਾਰਾ ਉਨ੍ਹਾਂ ਕਿਸਾਨਾਂ ਵਾਸਤੇ ਬਹੁਤ ਫ਼ਾਇਦੇਮੰਦ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਜਾਂ ਜੋ ਸ਼ਹਿਰ ਵਿੱਚ ਰਹਿੰਦੇ ਹਨ। ਕਿਸਾਨ ਦੁਧਾਰੂ ਪਸ਼ੂਆਂ ਨੂੰ ਖਵਾਉਣ ਲਈ ਚਾਰੇ ਤੇ ਹਰੇ ਘਾਹ ਦੇ ਬਦਲ ਵਜੋਂ ਹਾਈਡ੍ਰੋਪੋਨਿਕ ਢੰਗ ਨਾਲ ਉਗਾਏ ਗਏ ਚਾਰੇ ਨੂੰ ਇਸਤੇਮਾਲ ਕਰ ਸਕਦੇ ਹਨ।

ਇਸ ਵਿਧੀ ਵਿੱਚ ਇੱਕ ਟ੍ਰੇਅ ਵਿੱਚ ਬਿਨਾਂ ਮਿੱਟੀ ਦੇ ਹੀ ਚਾਰਾ 7 ਤੋਂ 10 ਦਿਨਾਂ ਵਿੱਚ ਹੀ ਉੱਗ ਕੇ ਤਿਆਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਤਕਨੀਕ ਨਾਲ ਚਾਰੇ ਨੂੰ ਕਿਸੇ ਵੀ ਮੌਸਮ ਵਿੱਚ ਲਾਇਆ ਜਾ ਸਕਦਾ ਹੈ। ਖ਼ਾਸ ਗੱਲ ਹੈ ਕਿ ਦੁਧਾਰੂ ਪਸ਼ੂਆਂ ਦੇ ਦੁੱਧ ਵਧਾਉਣ ਵਿੱਚ ਇਹ ਚਾਰਾ ਦੂਜੇ ਹਰੇ ਚਾਰੇ ਦੀ ਤੁਲਨਾ ਵਿੱਚ ਜ਼ਿਆਦਾ ਸਹਾਈ ਹੁੰਦਾ ਹੈ। ਹਾਈਡ੍ਰੋਪੋਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਘਾਹ ਵਿੱਚ ਆਮ ਹਰੇ ਚਾਰੇ ਦੀ ਤੁਲਨਾ ਵਿੱਚ 40 ਫ਼ੀਸਦੀ ਜ਼ਿਆਦਾ ਪੋਸ਼ਣ ਹੁੰਦਾ ਹੈ। ਚਾਰਾ ਉਗਾਉਣ ਦੀ ਇਹ ਤਕਨੀਕ ਵਾਤਾਵਰਨ ਨੂੰ ਗੰਧਲਾ ਨਹੀਂ ਕਰਦੀ।

ਇਸ ਤਕਨੀਕ ਵਿੱਚ ਹਰੇ ਚਾਰੇ ਲਈ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਕੀਟਨਾਸ਼ਕਾਂ ਦੇ ਵੀ ਕਾਫ਼ੀ ਘੱਟ ਪ੍ਰਯੋਗ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਤਿਆਰ ਕਰੋ ਹਾਈਡ੍ਰੋਪੋਨਿਕ ਚਾਰਾ (Hydroponic Fodder) ਇਸ ਤਕਨੀਕ ਵਿੱਚ ਚਾਰਾ ਕਣਕ, ਜੋ, ਮੱਕੀ, ਜਵਾਰ ਤੋਂ ਉਗਾਇਆ ਜਾ ਸਕਦਾ ਹੈ। ਮੱਕੇ ਦਾ ਚਾਰਾ ਬੀਜਣ ਲਈ ਲਈ 1.25 ਕਿੱਲੋਗਰਾਮ ਮੱਕੇ ਦੇ ਬੀਜ ਨੂੰ ਚਾਰ ਘੰਟੇ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਫਿਰ ਉਸ ਨੂੰ 90X32 ਸੈ.ਮੀ. ਦੀ ਟ੍ਰੇਅ ਵਿੱਚ ਰੱਖ ਦਿੱਤਾ ਜਾਂਦਾ ਹੈ। ਜੂਟ ਦੇ ਬੋਰੇ ਨਾਲ ਢੱਕ ਦਿੰਦੇ ਹਨ।

ਇਹ ਟ੍ਰੇਅ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਜਾਂ ਫਿਰ ਆਪਣੇ ਆਪ ਵੀ ਤਿਆਰ ਕਰ ਸਕਦੇ ਹੋ। ਇਹ ਪਲਾਸਟਿਕ ਜਾਂ ਟੀਨ ਦੀ ਤਿਆਰ ਕੀਤੀ ਜਾ ਸਕਦੀ ਹੈ।

ਤਿੰਨ ਦਿਨਾਂ ਤੱਕ ਇਸ ਨੂੰ ਢੱਕੇ ਰੱਖਣ ਨਾਲ ਇਹ ਪੁੰਗਰਨ ਲੱਗ ਜਾਂਦਾ ਹੈ। ਫਿਰ ਉਸ ਨੂੰ ਪੰਜ ਟ੍ਰੇਆਂ ਵਿੱਚ ਵੰਡ ਦੇਣਾ ਹੁੰਦਾ ਹੈ। ਹਰ ਦੋ-ਤਿੰਨ ਘੰਟੇ ਵਿੱਚ ਪਾਣੀ ਪਾਉਣਾ ਹੁੰਦਾ ਹੈ। ਟ੍ਰੇਅ ਵਿੱਚ ਛੇਕ ਹੁੰਦੇ ਹਨ। ਇਸ ਕਰਕੇ ਬੂਟਿਆਂ ਨੂੰ ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਓਨਾ ਪਾਣੀ ਹੀ ਰੁਕਦਾ ਹੈ। ਬਾਕੀ ਪਾਣੀ ਨਿਕਲ ਜਾਂਦਾ ਹੈ। ਇੱਕ ਹਫ਼ਤੇ ਵਿੱਚ ਇਹ ਹਰਾ ਚਾਰਾ ਤਿਆਰ ਹੋ ਜਾਂਦਾ ਹੈ। ਚਾਰਾ ਉਗਾਉਣ ਵਾਸਤੇ ਤਾਪਮਾਨ 15 ਤੋਂ 35 ਤੱਕ ਹੋਣਾ ਚਾਹੀਦਾ ਹੈ।

ਟ੍ਰੇਅ ਵਿੱਚੋਂ ਕੱਢਣ ਉੱਤੇ ਇਹ ਚਾਰਾ ਇੱਕ ਮੈਟ ਦੀ ਤਰ੍ਹਾਂ ਦਿੱਸਦਾ ਹੈ। ਇੱਕ ਕਿੱਲੋਗ੍ਰਾਮ ਪੀਲਾ ਮੱਕਾ (CT-818) ਤੋਂ 3 .5 ਕਿੱਲੋਗਰਾਮ ਤੇ ਇੱਕ ਕਿੱਲੋਗਰਾਮ ਸਫ਼ੇਦ ਮੱਕਾ (GM-4) ਤੋਂ 5.5 ਕਿਲੋਗਰਾਮ ਹਾਈਡ੍ਰੋਪੋਨਿਕਸ ਹਰਾ ਚਾਰਾ ਤਿਆਰ ਹੁੰਦਾ ਹੈ। ਇਹ ਤਕਨੀਕ ਨਾਲ ਮਿਹਨਤ ਵੀ ਬਚਦੀ ਹੈ। ਖੇਤਾਂ ਵਿੱਚ ਕੰਮ ਕਰਨ ਲਈ ਕਾਫ਼ੀ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਜਦੋਂਕਿ ਇਸ ਤਕਨੀਕ ਵਿੱਚ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਰਹਿੰਦੀ। ਅਜਿਹੇ ਵਿੱਚ ਫ਼ਸਲਾਂ ਦੀ ਲਾਗਤ ਘੱਟ ਰਹਿੰਦੀ ਹੈ ਤੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।

ਹਾਈਡ੍ਰੋਪੋਨਿਕ ਤਕਨੀਕ ਨਾਲ ਬੂਟਿਆਂ ਨੂੰ ਜ਼ਿਆਦਾ ਆਕਸੀਜਨ ਮਿਲ ਜਾਂਦੀ ਹੈ। ਬੂਟੇ ਜ਼ਿਆਦਾ ਤੇਜ਼ ਰਫ਼ਤਾਰ ਨਾਲ ਤੱਤ ਨੂੰ ਸੋਖਦੇ ਹਨ। ਆਮ ਹਰੇ ਚਾਰੀਆਂ ਵਿੱਚ ਪ੍ਰੋਟੀਨ 10.7 ਫ਼ੀਸਦੀ ਹੁੰਦੀ ਹੈ ਜਦੋਂਕਿ ਹਾਈਡ੍ਰੋਪੋਨਿਕਸ ਹਰੇ ਚਾਰੇ ਵਿੱਚ ਪ੍ਰੋਟੀਨ 13.6 ਫ਼ੀਸਦੀ ਹੁੰਦੀ ਹੈ। ਹੋਰ ਜ਼ਿਆਦਾ ਜਾਣਕਾਰੀ ਲਈ “Hydroponic Fodder” ਲਿਖ ਕੇ ਸਰਚ ਕਰੋ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman