ਹੁਣ ਕਿਸਾਨ ਕੋਲੇ ਲੱਖ ਦੀ, ਵਪਾਰੀ ਕੋਲ ਕੱਖ ਦੀ..

August 12 2017

By: abp sanjha Date: 12 August 2017

ਚੰਡੀਗੜ੍ਹ : ਕਿਸਾਨ ਕੋਲ ਫਸਲ ਤਾਂ ਕੱਖ ਦੀ ਹੁੰਦੀ ਹੈ ਜਦੋਂਕਿ ਵਪਾਰੀ ਕੋਲ ਕਿਸਾਨ ਦੀ ਫਸਲ ਜਾਕੇ ਲੱਖ ਦੀ ਬਣ ਜਾਂਦੀ ਹੈ। ਜੀ ਹਾਂ ਇਹ ਗੱਲ ਅੱਜ ਦੀ ਸਮੇਂ ਬਿਲਕੁੱਲ ਢੁੱਕਵੀਂ ਹੈ। ਕਿਸਾਨ ਆਪਣਾ ਖੂਨ ਪਸੀਨਾ ਵਹਾਕੇ ਤੇ ਸਾਰਾ ਖਰਚਾ ਕਰਕੇ ਫਸਲ ਦੀ ਪੈਦਾਵਾਰ ਕਰਦਾ ਹੈ ਪਰ ਉਸਦੀ ਹਾਲਤ ਇਹ ਹੈ ਕਿ ਉਸਨੂੰ ਆਪਣੀ ਫਸਲ ਦੀ ਲਾਗਤ ਤੱਕ ਨਹੀਂ ਮਿਲ ਪਾਉਂਦੀ ਪਰ ਇਹੀ ਫਸਲ ਵਿਹਲੇ ਬੈਠੇ ਵਪਾਰੀ ਲਈ ਲੱਖਾਂ ਦੀ ਹੋ ਜਾਂਦੀ ਹੈ। ਵਪਾਰੀ ਜਾਂ ਵਿਚੋਲੀਏ ਦਾ ਫਸਲ ਤੇ ਕੋਈ ਖਰਚਾ ਨਹੀਂ ਹੁੰਦਾ,ਉਹ ਬੈਠਾ-ਬੈਠਾ ਹੀ ਚੋਖੀ ਕਮਾ ਕਰ ਲੈਂਦਾ ਹੈ। ਵਪਾਰੀ ਦਿਨ ਦੁੱਗਣੀ ਰਾਤ ਚੁੱਗਣੀ ਤਰੀਕੇ ਕਰ ਰਹੇ ਹਨ ਜਦਕਿ ਫਸਲ ਦੀ ਪੈਦਾਵਾਰ ਕਰਨ ਵਾਲਾ ਕਿਸਾਨ ਖਦੁਕੁਸ਼ੀ ਕਰ ਰਿਹਾ ਹੈ। ਇਸ ਕੜੀ ਨੂੰ ਤੋੜਣ ਲਈ ਮਿਹਨਤਕਸ਼ ਖੇਤੀਬਾੜੀ ਅਫਸਰ ਅਮਰੀਕ ਸਿੰਘ ਨੇ ਇੱਕ ਪਹਿਲ ਕੀਤਾ ਹੈ। ਜਿਹੜੀ ਕਿ ਕਿਸਾਨਾਂ ਲ਼ਈ ਸੌਗਾਤ ਬਣ ਗਈ ਹੈ।

ਇਹ ਅਫਸਰ ਨੇ ਕਿਸਾਨਾਂ ਦੀ ਮੰਡੀਕਰਨ ਦੀ ਸਮੱਸਿਆ ਨੂੰ ਹੱਲ ਕਰਨ ਤੇ ਸਿੱਧਾ ਗਾਹਕ ਨਾਲ ਜੁੜਕੇ ਚੋਖੀ ਕਮਾਈ ਕਰਨ ਲਈ ‘ਖੇਤ ਤੋਂ ਘਰ ਤੱਕ’ ਦਾ ਨਵਾਂ ਰਾਹ ਲੱਭਿਆ ਹੈ। ਜਿਸਦੀ ਬਹੁਤ ਵਧੀਆ ਉਦਾਹਰਣ ਪਠਾਨਕੋਟ ਵਿੱਚ ਦੇਖਣ ਨੂੰ ਮਿਲਦੀ ਹੈ ।ਇਸ ਵਿੱਚ www.farmtohome.net ਵੈਬਸਾਈਟ ਲਾਂਚ ਕੀਤੀ ਗਈ। ਮੋਬਾਈਲ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਅਤੇ ਨੌਜਵਾਨ ਕਿਸਾਨਾਂ ਦੀ ਸਹੂਲਤ ਲਈ ਮੋਬਾਈਲ ਐਪ farmtohome pathankot ਲਾਂਚ ਕੀਤੀ ਗਈ। ਵੈਬਸਾਈਟ ਅਤੇ ਐਪ ਲਾਂਚ ਕਰਨ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਨੂੰ ਖੇਤੀ ਪਦਾਰਥਾਂ ਦੀ ਆਨਲਾਈਨ ਖ੍ਰੀਦੋ -ਫਰੋਖ਼ਤ ਦੀ ਸਹੂਲਤ ਦੇਣਾ ਸੀ। ਫਾਰਮ-ਟੂ-ਹੋਮ ਵੈਬਸਾਈਟ ਨੂੰ ਜਲਦੀ ਰਾਜ ਪੱਧਰ ’ਤੇ ਲਾਂਚ ਕੀਤਾ ਜਾ ਰਿਹਾ ਹੈ।

ਅੱਜ ਤੱਕ ਦੇਸੀ ਮੱਕੀ, ਸ਼ਹਿਦ ਅਤੇ ਹਲਦੀ ਦੀ ਖ੍ਰੀਦੋ-ਫਰੋਖਤ ਔਨਲਾਈਨ ਤਕਰੀਬਨ ਇੱਕ ਲੱਖ ਪੰਜਤਾਲੀ ਹਜ਼ਾਰ ਰੁਪਏ ਦੇ ਮੁੱਲ ਦੀ ਹੋਈ ਹੈ। ਸਿੱਧੇ ਮੰਡੀਕਰਨ ਨੂੰ ਹੋਰ ਉਤਸ਼ਾਹਿਤ ਕਰਨ ਲਈ 18 ਦਸੰਬਰ 2016 ਨੂੰ ਕਿਸਾਨ ਬਾਜ਼ਾਰ ਦੀ ਸ਼ੁਰੂਆਤ ਰਾਮ ਲੀਲਾ ਗਰਾਉਂਡ, ਪਠਾਨਕੋਟ ਤੋਂ ਕੀਤੀ ਗਈ। ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਪੈਦਾ ਕੀਤੇ ਖੇਤੀ ਪਦਾਰਥ, ਜਿਵੇਂ ਸਬਜ਼ੀਆਂ, ਸ਼ਹਿਦ, ਦਾਲਾਂ, ਗੁੜ, ਦੁੱਧ ਪਦਾਰਥ, ਆਚਾਰ, ਚਟਨੀਆਂ, ਸੁਕੈਸ਼, ਅੰਬ ਪਾਪੜ, ਆਦਿ ਨੂੰ ਕਿਸਾਨ ਖੁਦ ਖਪਤਕਾਰਾਂ ਨੂੰ ਵੇਚਣ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਖਪਤਕਾਰਾਂ ਨੂੰ ਵਾਜਬ ਭਾਅ ’ਤੇ ਮਿਆਰੀ ਖੇਤੀ ਪਦਾਰਥ ਮੁਹੱਈਆ ਕਰਵਾਏ ਜਾ ਸਕਣ।

ਇਹ ਕਿਸਾਨ ਬਾਜ਼ਾਰ ਹਰੇਕ ਐਤਵਾਰ ਸ਼ਾਮ ਨੂੰ ਦਫਤਰ, ਖੇਤੀਬਾੜੀ ਅਫਸਰ ਦੇ ਵਿਹੜੇ ਵਿੱਚ ਲਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ’ਤੇ ਹੁਣ ਮੰਗਲਵਾਰ, ਬੁੱਧਵਾਰ, ਸ਼ੁਕਰਵਾਰ ਨੂੰ ਵੀ ਕਿਸਾਨ ਬਾਜ਼ਾਰ ਲਗਾਇਆ ਜਾ ਰਿਹਾ ਹੈ। ਪਠਾਨਕੋਟ ਦਾ ਕਿਸਾਨ ਬਾਜ਼ਾਰ ਸਫਲ ਹੋਣ ਉਪ੍ਰੰਤ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਹਰੇਕ ਐਤਵਾਰ ਨੂੰ ਕਿਸਾਨ ਬਾਜ਼ਾਰ ਸ਼ੁਰੂ ਕਰ ਦਿੱਤਾ ਗਿਆ ਹੈ।

ਕਿਸਾਨ ਬਾਜ਼ਾਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨੇ ਪਛਾਣ ਪੱਤਰ ਜਾਰੀ ਕੀਤੇ ਹਨ ਤਾਂ ਜੋ ਰੇਹੜੀ ਵਾਲੇ ਕਾਰੋਬਾਰੀ ਘੁਸਪੈਠ ਨਾ ਕਰ ਸਕਣ।ਖਪਤਕਾਰਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਫਸਲਾਂ, ਸਬਜ਼ੀਆਂ ਅਤੇ ਫਲਾਂ ਉੱਪਰ ਕਿਸੇ ਗ਼ੈਰ ਸਿਫਾਰਸ਼ਸ਼ੁਦਾ ਕੀਟ ਨਾਸ਼ਕ ਦਾ ਛਿੜਕਾਅ ਨਾ ਕਰਨ। ਭਵਿੱਖ ਵਿੱਚ ਜੈਵਿਕ/ਕੁਦਰਤੀ ਤਰੀਕੇ ਨਾਲ ਪੈਦਾ ਕੀਤੀਆਂ ਸਬਜ਼ੀਆਂ ਅਤੇ ਫਸਲਾਂ ਦੀ ਵਿਕਰੀ ਵੀ ਕਿਸਾਨ ਬਾਜ਼ਾਰ ਵਿੱਚ ਸ਼ੁਰੂ ਕਰਵਾਈ ਜਾਵੇਗੀ।

ਸਬਜ਼ੀ ਉਤਪਾਦਕਾਂ ਨੂੰ ਸਿਰਫ ਇੱਕ ਸਬਜ਼ੀ ਦੀ ਕਾਸਤ ਕਰਨ ਦੀ ਬਜਾਏ, ਖੇਤ ਨੂੰ ਵੰਡ ਕੇ ਮੌਸਮ ਅਨੁਸਾਰ ਹਰੇਕ ਤਰ੍ਹਾਂ ਦੀ ਸਬਜ਼ੀ ਦੀ ਕਾਸ਼ਤ ਕਰਨੀ ਚਾਹੀਦੀ ਤਾਂ ਜੋ ਕਿਸੇ ਇੱਕ ਫਸਲ ਦੇ ਫੇਲ੍ਹ ਜਾਂ ਮੁੱਲ ਘੱਟ ਮਿਲਣ ’ਤੇ ਦੂਜੀ ਸਬਜ਼ੀ ਦੀ ਫਸਲ ਭਰਪਾਈ ਕਰ ਸਕੇ। ਸਬਜ਼ੀਆਂ ਦੀ ਸ਼ਰਿੰਕ ਪੈਕਿੰਗ ਕਰਕੇ ਸ਼ਹਿਰਾਂ ਵਿੱਚ ਬਣੇ ਮਾਲਜ਼ ਵਿੱਚ ਜ਼ਰੂਰਤ ਅਨੁਸਾਰ ਸਪਲਾਈ ਕੀਤੀ ਜਾ ਸਕਦੀ ਹੈ।

ਸ਼ਰਿੰਕ ਪੈਕਿੰਗ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਦਿੱਤੀ ਜਾਦੀ ਹੈ। ਹਲਦੀ, ਦਾਲਾਂ, ਚੌਲ, ਦਲੀਆ, ਦੇਸੀ ਮੱਕੀ ਦੇ ਆਟਾ ਦੀ ਛੋਟੀ, ਦਰਮਿਆਨੀ ਅਤੇ ਵੱਡੀ ਪੈਕਿੰਗ ਕਰਕੇ ਬਾਜ਼ਾਰ ਦੇ ਥੋਕ ਮੁੱਲ ਤੋਂ ਵੱਧ ਪਰ ਪ੍ਰਚੂਨ ਮੁੱਲ ਤੋਂ ਘੱਟ ਮੁੱਲ ’ਤੇ ਵੇਚੀ ਜਾ ਸਕਦੀ ਹੈ। ਗੁੜ, ਸ਼ਹਿਦ, ਦੁੱਧ ਪਦਾਰਥ ਦੀ ਆਕਰਸ਼ਿਕ ਡੱਬਾਬੰਦੀ ਕਰਕੇ ਵੇਚੀ ਜਾ ਸਕਦੀ ਹੈ। ਕਿਸਾਨ ਬੀਬੀਆਂ ਘਰਾਂ ਵਿੱਚ ਰਹਿ ਕੇ ਵੜੀਆਂ,ਪਾਪੜ, ਸੇਵੀਆਂ, ਮਸਾਲੇ, ਸਜਾਵਟੀ ਵਸਤਾਂ ਆਦਿ ਬਣਾ ਕੇ ਵੇਚ ਕੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ।

ਵਟਸਐਪ ਅਤੇ ਫੇਸਬੁੱਕ ਦੀ ਵਰਤੋਂ:

ਇਸ ਤਕਨੀਕ ਦਾ ਹੋਰ ਵਿਸਥਾਰ ਕਰਦਿਆਂ ਵਟਸਐਪ ਤੇ ਖਪਤਕਾਰਾਂ ਦਾ ਇੱਕ ਸਮੂਹ ਬਣਾਇਆ ਗਿਆ ਹੈ। ਜਿਸ ’ਤੇ ਕਿਸਾਨ ਬਾਜ਼ਾਰ ਨਾਲ ਸਬੰਧਿਤ ਜ਼ਰੂਰੀ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ। ਖਪਤਕਾਰਾਂ ਤੋਂ ਖੇਤੀ ਵਸਤਾਂ ਦੀ ਮੰਗ ਵੀ ਲਈ ਜਾਦੀ ਹੈ ਤਾਂ ਜੋ ਮੰਗ ਆਧਾਰਿਤ ਖੇਤੀ ਜਿਨਸਾਂ ਦੀ ਪੈਦਾਵਾਰ ਕੀਤੀ ਜਾ ਸਕੇ।ਵਟਸਐਪ ਰਾਹੀ ਰੋਜ਼ਾਨਾ ਖੇਤੀ ਜਿਨਸਾਂ ਦੇ ਭਾਅ, ਵਿਕਰੀ ਕਰਨ ਦੀ ਜਗ੍ਹਾ ਬਾਰੇ ਖਪਤਕਾਰਾਂ ਨੂੰ ਦੱਸ ਦਿੱਤਾ ਜਾਂਦਾ ਹੈ। ਭਵਿੱਖ ਵਿੱਚ ਜੇਕਰ ਸੰਭਵ ਹੋਇਆ ਤਾਂ ਮੰਗ ਅਨੁਸਾਰ ਖੇਤੀ ਵਸਤਾਂ ਘਰ ਘਰ ਵੀ ਪਹੁੰਚਾਈਆਂ ਜਾਣਗੀਆਂ। ਇਸ ਤਰ੍ਹਾਂ ਜਿਥੇ ਖਪਤਕਾਰ ਨੂੰ ਉੱਚ ਮਿਆਰੀ ਖੇਤੀ ਜਿਨਸਾਂ, ਵਾਜਬ ਭਾਅ ’ਤੇ ਮਿਲ ਰਹੀਆਂ ਹਨ , ਉੱਥੇ ਕਿਸਾਨਾਂ ਨੂੰ ਵੀ ਵਧੇਰੇ ਆਰਥਿਕ ਫਾਇਦਾ ਹੋ ਰਿਹਾ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।