ਸੰਯੁਕਤ ਕੀਟ ਪ੍ਰਬੰਧਨ ਪ੍ਰਣਾਲੀ ਸਦਕਾ ਪੰਜਾਬ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਘਟੀ ਹੈ-ਡਾ. ਢਿੱਲੋਂ

October 27 2017

ਲੁਧਿਆਣਾ: ੨੭ ਅਕਤੂਬਰ

ਖੇਤੀ ਫਸਲਾਂ ਵਿੱਚ ਕੀਟਾਂ ਦੇ ਹਮਲਿਆਂ ਨੂੰ ਰੋਕਣ ਲਈ ਵਰਤੇ ਜਾਂਦੇ ਕੀਟਨਾਸ਼ਕਾਂ ਦੀ ਮਿਕਦਾਰ ਅਤੇ ਉਹਨਾਂ ਦੀ ਮਨੁੱਖੀ ਸਿਹਤ ਉੱਪਰ ਅਸਰ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਇਥੇ ਦਿੱਲੀ ਤੋਂ ਆਏ ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਹੈਲਥ ਮੈਨੇਜਮੈਂਟ ਦੇ ਡਾਇਰੈਕਟਰ ਜਨਰਲ ਡਾ.ਜੀ.ਜਿਆਲਕਸ਼ਮੀ,   ਪਲਾਂਟ ਹੈਲਥ ਮੈਨੇਜਮੈਂਟ ਦੇ ਨਿਰਦੇਸ਼ਕ ਡਾ.ਕੇ ਵਿਜੇ ਲਕਸ਼ਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ। ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਲ ੨੦੧੬-੧੭ ਵਿੱਚ ਪੰਜਾਬ ਰਾਜ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਲਗਾਤਾਰ ਘਟੀ ਹੈ ਅਤੇ ਇਸ ਦਾ ਮੁੱਖ ਕਾਰਨ ਸਹੀ ਤਕਨਾਲੋਜੀ, ਕੀਟਨਾਸ਼ਕਾਂ ਦੀ ਸਹੀ ਮਿਕਦਾਰ ਅਤੇ ਇਸਦੀ ਸਹੀ ਸਮੇਂ ਵਰਤੋਂ ਪ੍ਰਤੀ ਜਗਾਈ ਚੇਤਨਾ ਹੈ। 

ਨੈਸ਼ਨਲ ਇੰਸਟੀਚਿਊਟ ਪਲਾਂਟ ਹੈਲਥ ਮੈਨੇਜਮੈਂਟ ਦੇ ਡਾਇਰੈਕਟਰ ਜਨਰਲ ਡਾ.ਜਿਆਲਕਸ਼ਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਥੇ ਰਸਾਇਣਕਾਂ ਖਾਦਾਂ ਅਤੇ ਕੀਟਨਾਸ਼ਕਾਂ ਨਾਲ ਸਬੰਧਿਤ ਇੱਥ ਪ੍ਰਾਜੈਕਟ ਦੀ ਕੌਮੀ ਪੱਧਰ ਦੀ ਰੀਵਿਊ ਮੀਟਿੰਗ ਵਿੱਚ ਹਿੱਸਾ ਲੈਣ ਲਈ ਆਏ ਹਨ। ਇਸ ਪ੍ਰਾਜੈਕਟ ਨੂੰ ਖੇਤੀਬਾੜੀ ਅਤੇ ਕੋਆਪਰੇਟਿਵ  ਵਿਭਾਗ ਅਤੇ ਖੇਤੀਬਾੜੀ ਮੰਤਰਾਲੇ ਦੀ ਸਰਪ੍ਰਸਤੀ ਹਾਸਿਲ ਹੈ। ਇਸ ਦਾ ਮੁੱਖ ਉਦੇਸ਼ ਅਜਿਹੀ ਸੰਯੁਕਤ ਕੀਟ ਪ੍ਰਬੰਧਨ ਪ੍ਰਣਾਲੀ ਵਿਕਸਤ ਕਰਨਾ ਹੈ ਤਾਂ ਜੋ ਕਈ ਤਰ•ਾਂ ਦੇ ਕੀਟਾਂ ਨਾਲ ਨਜਿੱਠਣ ਲਈ ਇੱਕ ਸਮੁੱਚੀ ਵਿਧੀ ਤਿਆਰ ਕੀਤੀ ਜਾ ਸਕੇ। ਇਸ ਪ੍ਰਾਜੈਕਟ ਅਧੀਨ ਅਜਿਹਾ ਅਧਿਐਨ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਅਨੇਕਾਂ ਨਵੀਨਤਮ ਖੋਜਾਂ ਹੋ ਰਹੀਆਂ ਹਨ ਜੋ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕੀਟਨਾਸ਼ਕਾਂ ਦੀ ਮਾਤਰਾ ਨੂੰ ਲਗਾਤਾਰ ਘਟਾ ਰਹੀਆਂ ਹਨ। 

ਇਹ ਸੰਯੁਕਤ ਕੀਟ ਪ੍ਰਬੰਧਨ ਪ੍ਰਣਾਲੀ ਕਈ ਫਸਲਾਂ ਉੱਤੇ ਅਧਿਐਨ ਅਧੀਨ ਹੈ। ਉਹਨਾਂ ਖਾਸ ਕਰਕੇ ਟਮਾਟਰ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਇਸ ਫਸਲ ਸੰਬੰਧੀ ਅਧਿਐਨ ਦੇ ਨਤੀਜੇ ਤਸੱਲੀਬਖਸ਼ ਹਨ। ਉਹਨਾਂ ਦੱਸਿਆ ਕਿ ਲੋਕਾਂ ਵਿੱਚ ਜਿਹੜੇ ਲਗਾਤਾਰ ਕੀਟਨਾਸ਼ਕਾਂ ਦੀ  ਮਾਤਰਾ ਵੱਧ ਹੋਣ ਦੇ ਭਰਮ ਬਣ ਰਹੇ ਹਨ, ਇਹ ਅਧਿਐਨ ਉਹਨਾਂ ਨੂੰ ਤੋੜਦਾ ਹੈ। ਪਲਾਂਟ ਹੈਲਥ ਮੈਨੇਜਮੈਂਟ ਦੀ ਨਿਰਦੇਸ਼ਕ ਡਾ.ਕੇ ਵਿਜੇ ਲਕਸ਼ਮੀ ਨੇ ਇਸ ਸੰਬੰਧੀ ਹੋਰ ਵਿਸਥਾਰ ਵਿੱਚ ਦਸਦਿਆਂ ਕਿਹਾ ਕਿ ਦੇਸ਼ ਦੇ ਕਈ ਰਾਜਾਂ ਵਿੱਚ ਕੀਟਨਾਸ਼ਕਾਂ ਦੀ ਇਹ ਵਰਤੋਂ ਬਹੁਤ ਵੱਧ ਹੈ। ਸਾਡੇ ਅਧਿਐਨ ਇਹ ਦੇਖਣ ਵਿੱਚ ਰੁਚਿਤ ਹਨ ਕਿ ਇਹ ਖਾਦਾਂ ਅਤੇ ਕੀਟਨਾਸ਼ਕ ਅਲੱਗ ਅਲੱਗ ਪੱਧਰਾਂ ਤੇ ਕਿਵੇਂ ਅਸਰ ਕਰਦੇ ਹਨ। ਡਾ: ਵਿਜੇ ਲਕਸ਼ਮੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ੮ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਸ਼ਾਮਿਲ ਹਨ।