ਸਰਕਾਰੀ ਏਜੰਸੀ ਵੱਲੋਂ ਖਰੀਦੇ ਝੋਨੇ ਦੇ 71 ਗੱਟੇ ਚੋਰੀ

November 12 2018

ਪਿੰਡ ਬਾਠ ਦੇ ਖਰੀਦ ਕੇਂਦਰ ’ਚੋਂ ਸਰਕਾਰੀ ਏਜੰਸੀ ਵੱਲੋਂ ਖਰੀਦੇ ਝੋਨੇ ਦੇ 71 ਗੱਟੇ ਚੋਰੀ ਹੋ ਗਏ। ਵਿਨੋਦ ਟਰੇਡਿੰਗ ਕੰਪਨੀ ਨਾਂ ਦੇ ਆੜ੍ਹਤੀਏ ਦੀ ਥਾਂ ‘ਤੇ ਇਹ ਗੱਟੇ ਪਏ ਸਨ, ਜਿਥੇ ਚੋਰਾਂ ਨੇ ਲੰਘੀ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ। ਆੜ੍ਹਤੀ ਦੇ ਅੱਜ ਸਵੇਰੇ ਇਥੇ ਆਉਣ ਉਪਰੰਤ ਵਾਰਦਾਤ ਦਾ ਪਤਾ ਲੱਗਾ। ਥਾਣਾ ਨਥਾਣਾ ਦੀ ਪੁਲੀਸ ਨੇ ਸੂਚਨਾ ਮਿਲਣ ਮਗਰੋਂ ਚੋਰੀ ਦੀ ਘਟਨਾ ਵਾਲੀ ਥਾਂ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੜਤਾਲ ਦਾ ਭਰੋਸਾ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਨਥਾਣਾ ਅਧੀਨ ਪੈਂਦੇ ਪਿੰਡ ਬਾਠ ਦੇ ਖਰੀਦ ਕੇਂਦਰ ’ਚ ਪਨਗਰੇਨ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਢੋਆ ਢੁਆਈ ਦੀ ਮੱਠੀ ਰਫਤਾਰ ਹੋਣ ਕਾਰਨ ਏਜੰਸੀ ਵੱਲੋਂ ਖਰੀਦੇ ਝੋਨੇ ਦੇ ਗੱਟੇ ਇੱਕ ਪਾਸੇ ਜਮਾਂ ਕਰਕੇ ਲਾਏ ਜਾ ਰਹੇ ਹਨ। ਇਸ ਆੜ੍ਹਤੀ ਦੀ ਥਾਂ ’ਤੇ ਵੀ ਇਹ ਗੱਟੇ ਪਏ ਸਨ। ਇਹ ਥਾਂ ਸੰਪਰਕ ਸੜਕ ਕਿਨਾਰੇ ਹੈ। ਦੱਸਿਆ ਗਿਆ ਹੈ ਕਿ ਚੋਰਾਂ ਦੇ ਗਰੋਹ ਨੇ ਪਹਿਲਾਂ ਝੋਨੇ ਦੇ ਭਰੇ ਗੱਟਿਆਂ ਨੂੰ ਚੁੱਕ ਕੇ ਡੇਢ ਸੌ ਮੀਟਰ ਦੂਰ ਇੱਕ ਪਹੀ ਦੇ ਰਸਤੇ ਨਰਮੇ ਵਾਲੇ ਖੇਤਾਂ ਕੋਲ ਰੱਖਿਆ ਤੇ ਫਿਰ ਗੱਟਿਆਂ ਨੂੰ ਖੋਲ੍ਹ ਕੇ ਕਿਸੇ ਵਹੀਕਲ ਵਿੱਚ ਢੇਰੀ ਕਰ ਲਿਆ। ਝੋਨਾ ਕਿਸੇ ਵਾਹਨ ’ਚ ਭਰਨ ਮੰਗਰੋਂ ਚੋਰਾਂ ਨੇ ਸਾਰੇ ਖਾਲੀ ਗੱਟਿਆਂ ਨੂੰ ਕੁਝ ਕੁ ਗੱਟਿਆਂ’’ਚ ਤੁੰਨ ਕੇ ਨਰਮੇ ਵਾਲੇ ਖੇਤਾਂ ’ਚ ਸੁੱਟ ਦਿੱਤਾ। ਵਾਰਦਾਤ ਸਮੇਂ ਚੋਰ ਕਿਸੇ ਡਰ ਕਾਰਨ ਜਲਦਬਾਜ਼ੀ ’ਚ ਭੱਜ ਨਿਕਲੇ ਕਿਉਂਕਿ ਇਥੇ ਝੋਨੇ ਦੇ ਹਜ਼ਾਰਾਂ ਗੱਟੇ ਪਏ ਸਨ ਅਤੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ।

ਪੁਲੀਸ ਇਨ੍ਹਾਂ ਖਾਲੀ ਗੱਟਿਆਂ ਨੂੰ ਨਰਮੇ ਦੇ ਖੇਤਾਂ ’ਚੋਂ ਬਰਾਮਦ ਕਰਕੇ ਥਾਣੇ ਲੈ ਗਈ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ ਚੋਰਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਹੈ। ਮਾਰਕੀਟ ਕਮੇਟੀ ਦੇ ਚੌਕੀਦਾਰ ਗੁਲਜਾਰ ਸਿੰਘ ਨੇ ਦੱਸਿਆ ਕਿ ਸੜਕ ਕਿਨਾਰੇ ਝੋਨੇ ਦੇ ਗੱਟਿਆਂ ਦੇ ਉੱਚੇ ਢੇਰ ਲੱਗੇ ਹੋਣ ਕਾਰਨ ਹਨੇਰੇ ਦਾ ਫਾਇਦਾ ਉਠਾ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Source: Punjabi Tribune