ਸਰਕਾਰ ਖੇਤੀ ਰਿਆਇਤਾਂ ਜਾਰੀ ਰੱਖੇ: ਟਿਕੈਤ

September 02 2017

by: punjabi tribune Date:2 september 2017
ਲੁਧਿਆਣਾ, 2 ਸਤੰਬਰ- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਕੋਆਰਡੀਨੇਟਰ ਨਰੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਸਰਕਾਰ ਵਿਕਸਤ ਦੇਸ਼ਾਂ ਦੇ ਦਬਾਅ ਹੇਠ ਆ ਕੇ ਕਿਸਾਨਾਂ ਨੂੰ ਮਿਲ ਰਹੀ ਸਬਸਿਡੀ ਬੰਦ ਨਾ ਕਰੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਕਸਤ ਦੇਸ਼ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਉਪਰ ਲਗਾਤਾਰ ਦਬਾਅ ਬਣਾ ਰਹੇ ਹਨ ਕਿ ਇਹ ਦੇਸ਼ ਕਿਸਾਨਾਂ ਦੀਆਂ ਸਬਸਿਡੀਆਂ ਬੰਦ ਕਰਨ ਜਦਕਿ ਦਬਾਅ ਪਾਉਣ ਵਾਲੇ ਵਿਕਸਤ ਦੇਸ਼ ਆਪਣੇ ਕਿਸਾਨਾਂ ਨੂੰ 50 ਫੀਸਦੀ ਤੋਂ ਵਧ ਸਬਸਿਡੀਆਂ ਦਿੰਦੇ ਹਨ ਅਤੇ ਬਹੁਤ ਵਾਰੀ ਇਹ ਰਾਸ਼ੀ 100 ਫੀਸਦੀ ਤੱਕ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਇਸ ਜ਼ਿੱਦ ਉਪਰ ਅੜੇ ਹੋਏ ਹਨ ਕਿ ਵਿਕਾਸਸ਼ੀਲ ਮੁਲਕ ਸਬਸਿਡੀਆਂ ਉਤਪਾਦ ਦੀ ਕੀਮਤ ਦਾ 10 ਫੀਸਦੀ ਹੀ ਦੇਣ। ਅਜਿਹਾ ਹੋਣ ਨਾਲ ਕਿਸਾਨੀ ਦਾ ਆਰਥਿਕ ਤੌਰ ’ਤੇ ਲੱਕ ਟੁੱਟ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਵੀ ਉਨ੍ਹਾਂ ਦੇ ਨਾਲ ਸਨ।
ਦੋਹਾਂ ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਬਸਿਡੀਆਂ ਘਟਾਉਣ ਦੀ ਬਜਾਏ ਹੋਰ ਆਰਥਿਕ ਸੁਧਾਰਾਂ ਉਪਰ ਜ਼ੋਰ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਭਾਰਤ ਨੇ ਵਿਸ਼ਵ ਵਪਾਰ ਸੰਸਥਾ ਦੀਆਂ ਕਿਸਾਨ ਵਿਰੋਧੀ ਧਾਰਾਵਾਂ ਉਪਰ ਸਹੀ ਪਾਈ ਤਾਂ ਦੇਸ਼ ਵਿੱਚ ਉਥਲ-ਪੁਥਲ ਪੈਦਾ ਹੋ ਸਕਦੀ ਹੈ ਅਤੇ ਦੇਸ਼ ਦੀ ਕਿਸਾਨੀ ਮੂਧੇ ਮੂੰਹ ਡਿੱਗ ਪਵੇਗੀ। ਇਸ ਮੌਕੇ ਅਵਤਾਰ ਸਿੰਘ ਮੇਹਲੋਂ, ਗੁਰਵਿੰਦਰ ਸਿੰਘ ਕੂਮਕਲਾਂ, ਅਜਾਇਬ ਸਿੰਘ ਪਹਾੜੂਵਾਲ,  ਅਜਮੇਰ ਸਿੰਘ ਮੇਹਲੋਂ, ਰਣਧੀਰ ਸਿੰਘ ਧਨਾਨਸੂ ਵੀ ਹਾਜ਼ਰ ਸਨ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।