ਸਬਜ਼ੀਆਂ ਦੀ ਕਾਸ਼ਤ ਨੇ ਬਣਾਈ ਪਿੰਡ ਮਾਨ ਸਿੰਘ ਵਾਲਾ ਦੀ ਪਛਾਣ

January 19 2018

 ਸ੍ਰੀ ਮੁਕਤਸਰ ਸਾਹਿਬ ਤੋਂ ਕਰੀਬ 25 ਕਿਲੋਮੀਟਰ ਦੂਰ ਮੁਕਤਸਰ-ਫਿਰੋਜ਼ਪੁਰ ਮੁੱਖ ਮਾਰਗ ਉਪਰ ਸਥਿਤ ਪਿੰਡ ਮਾਨ ਸਿੰਘ ਵਾਲਾ ਸਬਜ਼ੀ ਕਾਸ਼ਤਕਾਰੀ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਪਿੰਡ ਦੀ 60 ਪ੍ਰਤੀਸ਼ਤ ਅਬਾਦੀ ਬਾਵਰੀਆ ਬਰਾਦਰੀ ਦੀ ਹੈ ਜਿਨ੍ਹਾਂ ਕੋਲ ਆਪਣੀਆਂ ਜ਼ਮੀਨਾਂ ਹਨ। 1960ਵਿਆਂ ਵਿੱਚ ਜਦੋਂ ਇਹ ਇਲਾਕਾ ਰੇਤਲੇ ਟਿੱਬਿਆਂ ਦੀ ਮਾਰ ਹੇਠ ਸੀ, ਬਾਵਰੀਆ ਬਰਾਦਰੀ ਦੇ ਕਿਸਾਨ ਬਾਬਾ ਚੂਹੜ ਸਿੰਘ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਗਾਜਰਾਂ ਲਈ ਜ਼ਮੀਨ ਤੇ ਪਾਣੀ ਬੇਹੱਦ ਢੁਕਵਾਂ ਸੀ। ਮਾਨ ਸਿੰਘ ਵਾਲਾ ਦੀਆਂ ਗਾਜਰਾਂ ਲੋਕਾਂ ਦੀ ਪਹਿਲੀ ਪਸੰਦ ਬਣ ਗਈਆਂ।

ਹੌਲੀ-ਹੌਲੀ ਹੋਰ ਸਬਜ਼ੀਆਂ ਦੀ ਕਾਸ਼ਤ ਹੋਣ ਲੱਗੀ। ਹੁਣ ਇਹ ਕਾਸ਼ਤ ਪਿੰਡ ਦੇ ਕੁੱਲ 2400 ਏਕੜ ਰਕਬੇ ਵਿੱਚੋਂ ਅੱਧੇ ਵਿੱਚ ਫੈਲੀ ਹੋਈ ਹੈ। ਇਸਦੇ ਨਾਲ ਹੀ ਪਿੰਡ ਦੇ ਕਈ ਕਿਸਾਨਾਂ ਨੇ ਨਾਲ ਲੱਗਵੇਂ ਪਿੰਡਾਂ ਭੰਗੇਵਾਲਾ, ਸੀਰਵਾਲੀ, ਕਾਨਿਆਂ ਵਾਲੀ ਆਦਿ ਵਿੱਚ ਵੀ ਜ਼ਮੀਨਾਂ ਠੇਕੇ ’ਤੇ ਲੈ ਕੇ ਸਬਜ਼ੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੁਣ ਪਿੰਡ ਮਾਨ ਸਿੰਘ ਵਾਲਾ ਦੇ ਦੁਆਲੇ ਦਾ ਕਰੀਬ ਚਾਰ ਹਜ਼ਾਰ ਏਕੜ ਰਕਬਾ ਸਬਜ਼ੀਆਂ ਦੀ ਕਾਸ਼ਤ ਹੇਠ ਆ ਗਿਆ ਹੈ।

ਇਸ ਖੇਤਰ ਵਿੱਚ ਗਾਜਰ, ਮਟਰ, ਗਵਾਰਾ, ਕੱਦੂ, ਟਿੰਡੇ, ਖੀਰੇ ਅਤੇ ਮਤੀਰੇ ਦੀ ਕੁਆਲਟੀ ਕੁਦਰਤੀ ਬਹੁਤ ਵਧੀਆ ਹੁੰਦੀ ਹੈ। ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਵਿਉਂਤਬੰਦੀ ਨਾਲ ਸਬਜ਼ੀਆਂ ਦੀ ਕਾਸ਼ਤ ਵਿੱਚੋਂ ਕਣਕ ਅਤੇ ਝੋਨੇ ਦੀ ਕਮਾਈ ਨਾਲੋਂ ਦੁੱਗਣੀ ਤੋਂ ਵੱਧ ਕਮਾਈ ਕਰ ਲੈਂਦੇ ਹਨ। ਪਰ ਇਸ ਵਾਸਤੇ ਘਰ ਦੇ ਹਰ ਇੱਕ ਜੀਅ ਨੂੰ ਆਪਣਾ ਹੱਥ ਕੰਮ ਵਿੱਚ ਵਟਾਉਣਾ ਪੈਂਦਾ ਹੈ।

ਪਿੰਡ ਦੇ ਕਿਸਾਨ ਬਾਰਾ ਸਿੰਘ, ਸ਼ਿੰਦਰ ਸਿੰਘ ਪਟਵਾਰੀ, ਰਾਮ ਰੱਖਾ ਤੇ ਰੂਪ ਸਿੰਘ ਅਨੁਸਾਰ ਮੰਡੀਆਂ ਦੇ ਭਾਅ ਆਪ ਪਤਾ ਕਰਨੇ ਪੈਂਦੇ ਹਨ। ਫੇਰ ਉਥੇ ਮਾਲ ਪਹੁੰਚਾਉਣਾ ਪੈਂਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਜੇਕਰ ਪਿੰਡ ਵਿੱਚ ਗਾਜਰ ਦਾ ਅਚਾਰ, ਜੂਸ, ਮੁਰੱਬਾ ਅਤੇ ਸਬਜ਼ੀਆਂ ਦੀ ਪੈਕਿੰਗ ਕਰਨ ਵਾਲਾ ਕੋਈ ਪਲਾਂਟ ਲੱਗ ਜਾਵੇ ਤਾਂ ਉਨ੍ਹਾਂ ਦੀ ਆਮਦਨ ਦੇ ਨਾਲ-ਨਾਲ ਹੋਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਸਕਦੇ ਹਨ। ਇਸਦੇ ਨਾਲ ਹੀ ਮਿੱਟੀ-ਪਾਣੀ ਦੀ ਪਰਖ ਦਾ ਪ੍ਰਬੰਧ ਹੋ ਜਾਵੇ। ਪਿੰਡ ’ਚ ਸਰਕਾਰ ਬੀਜਾਂ ਦਾ ਪ੍ਰਬੰਧ ਕਰ ਦੇਵੇ ਅਤੇ ਮਾਹਿਰ ਸਬਜ਼ੀਆਂ ਬੀਜਣ ਦੀ ਨਵੀਆਂ ਤਕਨੀਕਾਂ ਦੱਸ ਦੇਣ ਤਾਂ ਇਹ ਪਿੰਡ ਸਬਜ਼ੀ ਦੇ ਖੇਤਰ ਵਿੱਚ ਹੋਰ ਤਰੱਕੀ ਕਰ ਸਕਦਾ ਹੈ।

ਇਹ ਪਿੰਡ ਸੋਢੀ ਖਾਨਦਾਨ ਦੇ ਬਜ਼ੁਰਗਾਂ ਵੱਲੋਂ ਬੰਨ੍ਹਿਆ ਗਿਆ ਹੈ। ਤਿੰਨ ਬਜ਼ੁਰਗਾਂ ਮਾਨ ਸਿੰਘ, ਮੁਕੰਦ ਸਿੰਘ ਅਤੇ ਜਗਤ ਸਿੰਘ ਨੇ ਆਪੋ ਆਪਣੇ ਨਾਮ ’ਤੇ ਪਿੰਡ ਬੰਨ੍ਹ ਲਏ। ਹੁਣ ਲੋਕਾਂ ਨੇ ਟਰੈਕਟਰਾਂ ਨਾਲ ਟਿੱਬੇ ਕਰਾਹ ਕੇ ਧੇੜੇ ਲਾ ਦਿੱਤੇ ਹਨ। ਜ਼ਮੀਨ ਪੱਧਰੀ ਹੋ ਗਈ ਹੈ। ਝੋਨਾ,     ਕਣਕ, ਮੱਕੀ ਦੀ ਖੇਤੀ ਵੀ ਹੁੰਦੀ ਹੈ। ਜਿਸ ਸਮੇਂ ਜਗਮੀਤ ਸਿੰਘ ਬਰਾੜ   ਪੰਜਾਬ ਰਾਜ ਬਿਜਲੀ ਬੋਰਡ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਣੇ ਸਨ ਤਾਂ ਉਨ੍ਹਾਂ ਇਸ ਪਿੰਡ ਨੂੰ ਮੋਟਰਾਂ ਦੇ ਕੁਨੈਕਸ਼ਨ ਦੇ ਦਿੱਤੇ। ਇਸ ਨਾਲ ਕਿਸਾਨਾਂ ਦੀ ਜੂਨ ਸੰਵਰ ਗਈ। ਪਾਣੀ ਮਹਿਜ਼ ਚਾਲੀ ਕੁ ਫੁੱਟ ’ਤੇ ਹੈ। ਚਾਰ ਪੰਜ ਸਾਲਾਂ ਤੋਂ ਨਹਿਰੀ ਪਾਣੀ ਵੀ ਆ ਗਿਆ ਹੈ।

ਪਿੰਡ ਵਿੱਚ ਇੱਕ ਗੁਰਦਵਾਰਾ, ਸਮਸ਼ਾਨ ਘਾਟ, ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਂਇਆ ਅਤੇ ਚੈਕ ਪੋਸਟ ਵੀ ਬਣਿਆ ਹੋਇਆ ਹੈ। ਲੋਕ ਰਲ ਮਿਲ ਕੇ ਰਹਿੰਦੇ ਹਨ। ਸਾਰਾ ਦਿਨ ਖੇਤਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਲਈ ਮਿਹਨਤ ਕਰਦੇ ਹਨ।ਪਿੰਡ ਵਿੱਚ ਬਾਬਾ ਖੇਤਰਪਾਲ, ਬਾਬਾ ਗੋਸਾਂਈ ਅਤੇ ਬਾਬਾ ਕੇਸਰ ਕੁਮਾਰ ਦੀ ਮਾਨਤਾ ਹੈ। ਲੋਕਾਂ ਦੀ ਮੰਗ ਹੈ ਕਿ ਜੇਕਰ ਛੱਪੜ ਦੇ ਪਾਣੀ ਨੂੰ ਇੱਕ ਕਿਲੋਮੀਟਰ ਦੀ ਵਿੱਥ ’ਤੇ ਡਰੇਨ ਵਿੱਚ ਪਾ ਦਿੱਤਾ ਜਾਵੇ ਤਾਂ ਬਾਰਿਸ਼ਾਂ ਕਾਰਨ ਪਿੰਡ ਦਾ ਹੁੰਦਾ ਨੁਕਸਾਨ ਬੰਦ ਹੋ ਜਾਵੇਗਾ। ਪੀਣ ਵਾਲਾ ਪਾਣੀ ਮਾੜਾ ਹੈ। ਛੇ ਮਹੀਨੇ ਤੋਂ ਆਰਓ ਬੰਦ ਹੈ। ਦੋ ਕਿਲੋਮੀਟਰ ਦੂਰ ਕੱਸੀ ਤੋਂ ਪਾਣੀ ਢੋਣਾ ਪੈਂਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: PunjabiTribune