ਸ਼ਿਮਲਾ ਮਿਰਚਾਂ ਦੇ ਭਾਅ ਮੂਧੇ ਮੂੰਹ ਡਿੱਗਣ ਕਾਰਨ ਕਿਸਾਨਾਂ 'ਚ ਨਿਰਾਸ਼ਾ

April 18 2018

ਸੁਲਤਾਨਪੁਰ ਲੋਧੀ — ਪੰਜਾਬ ਚ ਸ਼ਿਮਲਾ ਮਿਰਚਾਂ ਅਤੇ ਹਰੀਆਂ ਮਿਰਚਾਂ ਦੀ ਸ਼ੁਰੂਆਤ ਹੁੰਦਿਆਂ ਹੀ ਇਸ ਦੇ ਭਾਅ ਮੂਧੇ ਮੂੰਹ ਡਿੱਗ ਪਏ ਹਨ, ਜਿਸ ਕਾਰਨ ਕਿਸਾਨ ਭਾਰੀ ਘਾਟੇ ਚ ਜਾ ਰਹੇ ਹਨ। ਸ਼ਿਮਲਾ ਮਿਰਚ ਮੰਡੀ ਚ 2 ਤੋਂ 3 ਰੁਪਏ ਕਿਲੋ ਵਿਕ ਰਹੀ ਹੈ, ਜਦਕਿ ਹਰੀ ਮਿਰਚ ਵੀ 5 ਰੁਪਏ ਕਿਲੋ ਵਿਕ ਰਹੀ ਹੈ। ਪੁੱਤਾਂ ਵਾਂਗ ਬੜੀ ਮਿਹਨਤ ਨਾਲ ਪਾਲੀ ਸਬਜ਼ੀ ਸ਼ਿਮਲਾ ਮਿਰਚ ਦਾ ਰੇਟ ਦਿਨੋ-ਦਿਨ ਘਟਦੇ ਜਾਣ ਕਾਰਨ ਸਬਜ਼ੀ ਉਤਪਾਦਕ ਕਿਸਾਨਾਂ ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਕਾਰਨ ਸਬਜ਼ੀ ਉਤਪਾਦਕਾਂ ਦਾ ਮਨੋਬਲ ਵੀ ਡਿੱਗ ਰਿਹਾ ਹੈ। ਸ਼ਿਮਲਾ ਮਿਰਚਾਂ ਦੇ ਪ੍ਰਮੁੱਖ ਸਬਜ਼ੀ ਉਤਪਾਦਕ ਕਿਸਾਨ ਰਣਜੀਤ ਸਿੰਘ ਥਿੰਦ ਬੂਲਪੁਰ ਨੇ ਇਸ ਸਬੰਧੀ ਸੰਪਰਕ ਕਰਨ ਤੇ ਦੱਸਿਆ ਕਿ ਸ਼ਿਮਲਾ ਮਿਰਚ ਦੀ ਫਸਲ ਤੇ ਖਰਚ ਸਾਰੀਆਂ ਫਸਲਾਂ ਤੋਂ ਵੱਧ ਆਉਂਦਾ ਹੈ। ਇਸ ਦਾ ਬੀਜ ਲਗਭਗ ਇਕ ਲੱਖ 20 ਹਜ਼ਾਰ ਰੁਪਏ ਕਿਲੋ ਹੈ। ਇਕ ਏਕੜ ਫਸਲ ਤੇ ਖਰਚ ਪਹਿਲੀ ਤੁੜਾਈ ਤੱਕ ਲਗਭਗ 80 ਹਜ਼ਾਰ ਰੁਪਏ ਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਵਾਰ ਹਰੀ ਮਿਰਚ ਅਤੇ ਸ਼ਿਮਲਾ ਮਿਰਚ ਦਾ ਖਰਚ ਵੀ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਜ਼ਿਆਦਾਤਰ ਕਿਸਾਨਾਂ ਨੇ ਤੁੜਾਈ ਬੰਦ ਕਰ ਦਿੱਤੀ ਹੈ ਤਾਂ ਕਿ ਲੇਬਰ ਖਰਚਾ ਅਤੇ ਹੋਰ ਨੁਕਸਾਨ ਤੋਂ ਬਚਿਆ ਜਾਵੇ ਪਰ ਤੁੜਾਈ ਜ਼ਿਆਦਾ ਦਿਨ ਬੰਦ ਕਰਨ ਦਾ ਦੋਹਰਾ ਨੁਕਸਾਨ ਹੋ ਜਾਵੇਗਾ। ਇਸ ਵਾਰ ਘੱਟ ਹੋਏ ਰੇਟ ਸਬੰਧੀ ਪਿਛਲੇ 25 ਸਾਲਾਂ ਤੋਂ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਪਿੰਡ ਬੂਲਪੁਰ ਦੇ ਕਿਸਾਨ ਰਣਜੀਤ ਸਿੰਘ ਥਿੰਦ ਤੇ ਬੂਲਪੁਰ ਦੇ ਹੋਰ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰੇਟ ਘੱਟ ਮਿਲਣ ਦੇ ਕਈ ਕਾਰਨ ਹਨ। ਇਸ ਵਾਰ ਸ਼ਿਮਲਾ ਮਿਰਚ ਦਾ ਉਤਪਾਦਨ ਵਧਿਆ ਹੈ ਅਤੇ ਖਪਤ ਘਟੀ ਹੈ।

ਸ਼ਿਮਲਾ ਮਿਰਚ ਦੀ ਖਪਤ ਗੁਆਂਢੀ ਰਾਜਾਂ ਜੰਮੂ, ਸ਼੍ਰੀਨਗਰ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਚ ਹੁੰਦੀ ਹੈ ਪਰ ਇਸ ਵਾਰ ਇਨ੍ਹਾਂ ਰਾਜਾਂ ਚੋਂ ਵੀ ਡਿਮਾਂਡ ਬਹੁਤ ਘੱਟ ਆਈ ਹੈ। ਪੰਜਾਬ ਚ ਸ਼ਿਮਲਾ ਮਿਰਚ ਦਾ ਰਕਬਾ ਹਰ ਸਾਲ ਵਧ ਰਿਹਾ ਹੈ ਪਰ ਆਮਦਨ ਘਟਦੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਫਸਲ ਤੇ ਸਰਕਾਰ ਵੱਲੋਂ ਕੋਈ ਵੀ ਸਹੂਲਤ ਕਿਸਾਨਾਂ ਨੂੰ ਨਹੀਂ ਮਿਲਦੀ, ਜਦਕਿ ਪਹਿਲਾਂ ਪੋਲੀਥੀਨ, ਤਿਰਪਾਲਾਂ ਤੇ ਸਬਸਿਡੀ ਮਿਲਦੀ ਹੁੰਦੀ ਸੀ ਪਰ ਹੁਣ ਉਸ ਤੇ ਵੀ ਸਖਤ ਸ਼ਰਤਾਂ ਲਾ ਕੇ ਬੰਦ ਕੀਤਾ ਹੋਇਆ ਹੈ। ਸਮੂਹ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਮੰਦੇ ਦੀ ਮਾਰ ਹੇਠ ਚੱਲ ਰਹੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਮੰਦੇ ਦੀ ਮਾਰ ਤੋਂ ਬੱਚ ਸਕਣ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjab Kesari