ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਵੱਲੋਂ ਬੀਜਿਆ ਨਰਮਾ ਮੀਂਹ ਕਾਰਨ ਹੋਇਆ ਕਰੰਡ

May 08 2018

ਮੰਡੀ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ ) - ਪਿਛਲੇਂ ਦੋ ਦਿਨਾਂ ਤੋਂ ਖਰਾਬ ਮੌਸਮ ਅਤੇ ਮੀਂਹ ਕਾਰਨ ਇਸ ਖੇਤਰ ਦੇ ਕੁਝ ਪਿੰਡਾਂ ਵਿਚ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਬੀਜਿਆ ਨਰਮਾ ਕਰੰਡ ਹੋ ਗਿਆ, ਜਿਸ ਕਰਕੇ ਆਰਥਿਕ ਮੰਦਵਾੜੇ ਦੀ ਤੰਗੀ ਤੁਰਸ਼ੀ ਝੱਲ ਰਹੇ ਕਿਸਾਨਾਂ ਤੇ ਕੁਦਰਤੀ ਕਰੋਪੀ ਦਾ ਬੋਝ ਪੈ ਗਿਆ ਹੈ। ਕਿਸਾਨਾਂ ਦਾ ਨਰਮਾ ਬੀਜਣ ਤੇ ਕਾਫ਼ੀ ਖਰਚਾ ਹੋ ਗਿਆ ਸੀ। ਪਹਿਲਾਂ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਟਰੈਕਟਰਾਂ ਰਾਹੀ ਜ਼ਮੀਨ ਨੂੰ ਵਾਹਿਆ ਗਿਆ ਸੀ ਤੇ ਫੇਰ ਬੀ. ਟੀ. ਕਾਟਨ ਨਰਮੇਂ ਦਾ ਬੀਜ ਵੀ ਮਹਿੰਗਾ ਖਰੀਦਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਦਰੱਸਾ, ਕੌੜਿਆਂਵਾਲੀ, ਰਾਮਗੜ੍ਹ ਚੂੰਘਾਂ ਤੇ ਭਾਗਸਰ ਆਦਿ ਵਿਖੇ ਉਨ੍ਹਾਂ ਕਿਸਾਨਾਂ ਦੇ ਨਰਮੇਂ ਕਰੰਡ ਹੋਏ, ਜਿੰਨਾਂ ਨੇ ਇਕ ਦੋ ਦਿਨ ਪਹਿਲਾਂ ਹੀ ਨਰਮੇਂ ਦਾ ਬੀਜ ਬੀਜਿਆ ਸੀ। 

ਕਿਸਾਨਾਂ ਦੀ ਆਰਥਿਕ ਤੌਰ  ਤੇ ਕੀਤੀ ਜਾਵੇ ਮੱਦਦ : ਬੀ. ਕੇ. ਯੂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਦਿੱਤਾ ਸਿੰਘ ਭਾਗਸਰ, ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ, ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਮਰੇਡ ਜਗਦੇਵ ਸਿੰਘ ਆਦਿ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਜਿੰਨਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਆਰਥਿਕ ਤੌਰ ਤੇ ਮੱਦਦ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਰਮਾ ਦੁਬਾਰਾ ਬੀਜਣ ਲਈ ਬੀਜ ਮੁਫ਼ਤ ਮੁਹੱਈਆ ਕਰਵਾਇਆ ਜਾਵੇ ਅਤੇ ਡੀਜ਼ਲ ਵੀ ਸਸਤੇ ਭਾਅ ਦਿੱਤਾ ਜਾਵੇ। 

ਸਰਕਾਰ ਨੇ ਨਰਮਾ ਬੀਜਣ ਵਾਲਿਆਂ ਦੀ ਨਹੀਂ ਕੀਤੀ ਸਹਾਇਤਾ 

ਭਾਵੇਂ ਸਮੇਂ ਦੀਆਂ ਸਰਕਾਰਾਂ ਪਾਣੀ ਦਾ ਪੱਧਰ ਖੇਤਾਂ ਚੋਂ ਘੱਟਦਾ ਵੇਖ ਕਿਸਾਨਾਂ ਨੂੰ ਸੈਮੀਨਾਰ ਅਤੇ ਕੈਂਪ ਲਗਾ ਕੇ ਸਲਾਹ ਦੇ ਰਹੇ ਹਨ ਕਿ ਝੋਨੇ ਦੇ ਖਹਿੜਾ ਛੱਡੋ ਕਿਉਂਕਿ ਧਰਤੀ ਖਰਾਬ ਹੋ ਰਹੀ ਹੈ ਪਰ ਫ਼ਸਲੀ ਚੱਕਰ ਬਦਲਣ ਵਾਲਿਆਂ ਤੇ ਨਰਮਾ ਬੀਜਣ ਵਾਲੇ ਕਿਸਾਨਾਂ ਦੀ ਸਰਕਾਰ ਕੋਈ ਸਹਾਇਤਾ ਨਹੀਂ ਕਰ ਰਹੀ। 

ਟੇਲਾਂ ਤੇ ਪੈਂਦੇ ਕਿਸਾਨਾਂ ਨੂੰ ਨਰਮਾ ਬੀਜਣ ਲਈ ਹੈ ਨਹਿਰੀ ਪਾਣੀ ਦੀ ਵੱਡੀ ਘਾਟ 

ਪਿੰਡ ਬੱਲਮਗੜ੍ਹ, ਮੌੜ, ਰਾਮਗੜ੍ਹ ਚੂੰਘਾਂ, ਕੌੜਿਆਂਵਾਲੀ, ਭਾਗਸਰ ਤੇ ਮਦਰੱਸਾ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਸ੍ਰੀ ਮੁਕਤਸਰ ਸਾਹਿਬ ਰਜਬਾਹੇ ਵਿਚੋਂ ਮਿਲਦਾ ਹੈ ਤੇ ਉਕਤ ਸਾਰੇ ਪਿੰਡਾਂ ਦੀ ਜ਼ਮੀਨ ਟੇਲਾਂ ਤੇ ਪੈਂਦੀ ਹੈ। ਪਿੰਡ ਰਹੂੜਿਆਂਵਾਲੀ ਦੀ ਜ਼ਮੀਨ ਦੇ ਕੁਝ ਹਿੱਸੇ ਨੂੰ ਇਸੇ ਰਜਬਾਹੇ ਦਾ ਪਾਣੀ ਅੱਪੜਦਾ ਪਰ ਕਿਸਾਨਾਂ ਨੇ ਕਿਹਾ ਕਿ ਇਸ ਸਾਰੇ ਹੀ ਥਾਵਾਂ ਤੇ ਨਰਮਾ ਬੀਜਣ ਲਈ ਨਹਿਰੀ ਪਾਣੀ ਦੀ ਵੱਡੀ ਘਾਟ ਰੜਕ ਰਹੀ ਹੈ। ਕਿਸਾਨ ਔਖੇ ਹੋ ਕੇ ਨਰਮਾ ਬੀਜਦੇ ਹਨ, ਕਿਉਂਕਿ ਕਿਸਾਨ ਇਕ ਦੂਜੇ ਕੋਲੋ ਪਾਣੀ ਉਧਾਰ ਸੁਧਾਰ ਲੈ ਕੇ ਤੇ ਇਕੱਠਾ ਕਰਕੇ ਆਪਣੀਆਂ ਜ਼ਮੀਨਾਂ ਨੂੰ ਲਾ ਲੈਂਦੇ ਹਨ ਅਤੇ ਫਿਰ ਨਰਮੇ ਦੀ ਫਸਲ ਨੂੰ ਪਾਲਣਾ ਬੜਾ ਔਖਾ ਹੋ ਜਾਂਦਾ ਹੈ। 

7 ਦਹਾਕੇ ਬੀਤ ਜਾਣ ਦੇ ਬਾਵਜੂਦ ਨਹੀਂ ਮਿਲਿਆ ਕਿਸਾਨਾਂ ਨੂੰ ਨਹਿਰੀ ਪਾਣੀ 

ਇਸ ਕਿਸਾਨਾਂ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆ ਭਾਵੇ 7 ਦਹਾਕੇ ਬੀਤ ਚੁੱਕੇ ਹਨ ਪਰ ਅਜੇ ਤੱਕ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਪੂਰਾ ਨਸੀਬ ਨਹੀਂ ਹੋਇਆ। ਪਿਛਲੇਂ ਦੋ ਦਹਾਕਿਆ ਤੋਂ ਸੂਬੇ ਤੇ ਰਾਜ ਭਾਗ ਕਰਨ ਵਾਲੀਆ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੇ ਕਿਸਾਨਾਂ ਨੂੰ ਇਸ ਖੇਤਰ ਵਿਚ ਨਵੀਂ ਕੱਸੀ ਕੱਢਣ ਦੇ ਲਾਰੇ ਲਾਏ ਸਨ ਪਰ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਹੈ।  ਿ

ਸਾਰੇ ਪਿੰਡ ਪੈਂਦੇ ਹਨ ਵਿਧਾਨ ਸਭਾ ਹਲਕਾ ਰਿਜ਼ਰਵ ਮਲੋਟ ਚ

ਜ਼ਿਕਰਯੋਗ ਹੈ ਕਿ ਨਹਿਰੀ ਪਾਣੀ ਦੀ ਘਾਟ ਨਾਲ ਝੂਜ ਰਹੇ ਅਤੇ ਆਰਥਿਕ ਪੱਖ ਤੋਂ ਟੁੱਟ ਚੁੱਕੇ ਸਾਰੇ ਪਿੰਡ ਵਿਧਾਨ ਸਭਾ ਹਲਕਾ ਰਿਜ਼ਰਵ ਮਲੋਟ ਚ ਪੈਂਦੇ ਹਨ ਤੇ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਇਨ੍ਹਾਂ ਪਿੰਡਾਂ ਨੂੰ ਅੱਖੋ ਪਰੋਖੇ ਕਰ ਦਿੰਦਿਆ ਹਨ। ਇਸ ਵੇਲੇ ਇਸ ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਹਨ, ਜੋ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਹਨ ਪਰ ਉਨ੍ਹਾਂ ਨੇ ਕਿਸਾਨਾਂ ਦਾ ਇਹ ਮਸਲਾ ਹੱਲ ਨਹੀਂ ਕਰਵਾਇਆ। 

ਤੇਜ ਹਵਾਵਾਂ ਨੇ ਕੀਤਾ ਨੁਕਸਾਨ 

ਇਸ ਖੇਤਰ ਚ ਵੱਧ ਰਹੀਆਂ ਤੇਜ ਹਵਾਵਾਂ ਕਾਰਨ ਕਈ ਥਾਵਾਂ ਤੇ ਦਰੱਖਤਾਂ ਦੇ ਟਾਹਣੇ ਟੁੱਟ ਚੁੱਕੇ ਹਨ। ਭਾਗਸਰ ਪਿੰਡ ਦੇ ਲੱਖੇਵਾਲੀ ਰੋਡ ਤੇ ਸਮਸ਼ਾਨਘਾਟ ਚ, ਜੋ ਸ਼ੈੱਡ ਬਣਾਇਆ ਗਿਆ ਹੈ, ਉਸ ਦੀਆਂ ਚਾਦਰਾਂ ਨੂੰ ਤੇਜ ਹਵਾਵਾਂ ਨੇ ਤੋੜਨਾ ਸ਼ੁਰੂ ਕਰ ਦਿੱਤਾ। 

ਕਿਸਾਨਾਂ ਨੇ ਖੇਤਾਂ ਚ ਸੰਭਾਲੀ ਤੂੜੀ 

ਪਿਛਲੇਂ ਦੋ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਦਿੱਤੀ ਚੇਤਾਵਨੀ ਕਿ ਤੇਜ ਹਵਾਵਾਂ, ਹਨੇਰੀ, ਝੱਖੜ, ਮੀਂਹ ਅਤੇ ਤੂਫ਼ਾਨ ਆ ਸਕਦਾ ਹੈ, ਨੂੰ ਮੁੱਖ ਰੱਖਦਿਆਂ ਕਈ ਕਿਸਾਨਾਂ ਨੇ ਕਣਕ ਦੇ ਨਾੜ ਤੋਂ ਬਣਾਈ ਤੂੜੀ ਆਪਣੇ ਖੇਤਾਂ ਚ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਤੂੜੀ ਦੇ ਕੁੱਪ ਬਣਾ ਕੇ ਉਸ ਨੂੰ ਉਪਰੋ ਮਿੱਟੀ ਨਾਲ ਲੱਪ ਰਹੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani