ਵਪਾਰੀਆਂ ਨੇ ਚੁਗੇ ਨਰਮਾ ਕਾਸ਼ਤਕਾਰਾਂ ਦੇ ਅਰਮਾਨ

October 04 2017

Date: 4 oct 2017

ਕਪਾਹ ਪੱਟੀ ਦੇ ਕਿਸਾਨਾਂ ਦੀਆਂ ਆਸਾਂ ’ਤੇ ਕੈਪਟਨ ਅਮਰਿੰਦਰ ਸਰਕਾਰ ਖਰੀ ਨਹੀਂ ਉਤਰ ਸਕੀ ਹੈ। ਭਾਰਤੀ ਕਪਾਹ ਨਿਗਮ ਵੱਲੋਂ ਨਰਮੇ ਦੀ ਖ਼ਰੀਦ ਨਾ ਕੀਤੇ ਜਾਣ ਕਾਰਨ ਕਿਸਾਨਾਂ ’ਚ ਰੋਹ ਵਧਦਾ ਜਾ ਰਿਹਾ ਹੈ। ਅੱਕੇ ਹੋਏ ਕਿਸਾਨਾਂ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚਿੱਟਾ ਸੋਨਾ ਫੂਕਿਆ। ਕਿਸਾਨਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕਪਾਹ ਨਿਗਮ ਨੇ ਨਰਮੇ ਦੀ ਇਕ ਫੁੱਟੀ ਵੀ ਨਹੀਂ  ਖਰੀਦੀ ਹੈ, ਜਿਸ ਕਾਰਨ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਮਾਂਜਾ ਲਾਇਆ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬਾਦਲਾਂ ਦੇ 10 ਸਾਲਾਂ ਦੇ ਰਾਜ ਦੌਰਾਨ ਮਾਰਕਫੈੱਡ ਨੇ ਕਦੇ ਵੀ ਨਰਮਾ ਨਹੀਂ ਖਰੀਦਿਆ ਅਤੇ ਜੇਕਰ ਹੁਣ ਕੈਪਟਨ ਹਕੂਮਤ ’ਚ ਵੀ ਉਹੀ ਹਾਲ ਰਿਹਾ ਤਾਂ ਕਿਸਾਨ ਸੜਕਾਂ ‘ਤੇ ਉਤਰਨਗੇ। ਦੱਸਣਯੋਗ ਹੈ ਕਿ ਮਾਨਸਾ ’ਚ ਜਦੋਂ ਚਿੱਟੀ ਮੱਖੀ ਨੇ ਹਮਲਾ ਕੀਤਾ ਸੀ ਤਾਂ ਮੁੱਖ ਮੰਤਰੀ ਨੇ ਨੇੜਲੇ ਪਿੰਡ ਖਿਆਲਾ ਕਲਾਂ ਤੇ ਸਾਹਨਿਆਂਵਾਲੀ ’ਚ ਨਰਮੇ ਦੇ ਖੇਤਾਂ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨੂੰ ਹੌਂਸਲਾ ਦਿੱਤਾ ਸੀ ਅਤੇ ਚੰਗਾ ਭਾਅ ਦਿਵਾਉਣ ਦੀ ਹਾਮੀ ਵੀ ਭਰੀ ਸੀ।

ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ’ਚ ਨਰਮੇ ਦਾ ਚੰਗਾ ਭਾਅ ਦਿਵਾਉਣ ਲਈ ਮਾਰਕਫੈੱਡ ਰਾਹੀਂ ਖਰੀਦ ਕਰਾਉਣ ਲਈ ਕੇਂਦਰ ‘ਤੇ ਦਬਾਅ ਪਾਉਣ ਦਾ ਦਾਅਵਾ ਕੀਤਾ ਸੀ ਅਤੇ ਅਜਿਹਾ ਦਾਅਵਾ ਹੁਣ ਕਾਂਗਰਸ ਵੱਲੋਂ ਵੀ ਕੀਤਾ ਗਿਆ ਹੈ। ਅੱਜ ਇਥੇ ਨਰਮਾ ਸਾੜੇ ਜਾਣ ਦੌਰਾਨ ਕਿਸਾਨਾਂ ਨੇ ਕਿਹਾ ਕਿ ਬਾਦਲਾਂ ਵਾਂਗ ਅਮਰਿੰਦਰ ਸਿੰਘ ਦੀ ਸਰਕਾਰ ਵੀ ਕਪਾਹ ਨਿਗਮ ਤੋਂ ਖ਼ਰੀਦ ਸ਼ੁਰੂ ਨਹੀਂ ਕਰਾ ਸਕੀ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਰਮੇ ਦਾ ਘੱਟੋ ਘੱਟ ਸਮਰਥਨ ਮੁੱਲ 4220 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਪਰ ਮੰਡੀਆਂ ’ਚ ਕਪਾਹ ਨਿਗਮ ਵੱਲੋਂ ਖ਼ਰੀਦ ਨਾ ਕੀਤੇ ਜਾਣ ਕਾਰਨ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਮਨਮਰਜ਼ੀ ਨਾਲ ਭਾਅ ਦਿੱਤਾ ਜਾ ਰਿਹਾ ਹੈ।

ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਾਨਸਾ ਦੀ ਮੰਡੀ ਵਿੱਚ 16 ਅਗਸਤ ਤੋਂ ਨਰਮੇ ਦੀ ਬੋਲੀ ਲੱਗ ਰਹੀ ਹੈ ਪਰ ਅੱਜ ਤਕ ਕਪਾਹ ਨਿਗਮ ਖਰੀਦ ਲਈ ਅੱਗੇ ਨਹੀਂ ਆਇਆ ਹੈ, ਜਿਸ ਕਾਰਨ ਪ੍ਰਾਈਵੇਟ ਵਪਾਰੀਆਂ ਵੱਲੋਂ ਮਨਮਰਜ਼ੀ ਦੇ ਭਾਅ ਉਤੇ ਨਰਮਾ ਤੇ ਕਪਾਹ ਖਰੀਦੀ ਜਾ ਰਹੀ ਹੈ। ਵਪਾਰੀਆਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਕਿਸੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਕੇਂਦਰੀ ਅਧਿਕਾਰੀਆਂ ਦੇ ਹੁਕਮ ਬਾਅਦ ਸ਼ੁਰੂ ਹੋਵੇਗੀ ਖਰੀਦ: ਜੀਐਮ

ਭਾਰਤੀ ਕਪਾਹ ਨਿਗਮ, ਬਠਿੰਡਾ ਦੇ ਜੀਐਮ ਗੁਰਜੇਸ਼ ਸਿਆਣਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਅੱਜ ਹੀ ਚੰਡੀਗੜ੍ਹ ਵਿੱਚ ਨਰਮੇ ਦੀ ਖਰੀਦ ਬਾਰੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਨਾਲ ਗੱਲ ਹੋਈ ਹੈ। ਨਿਗਮ ਵੱਲੋਂ ਇਕ ਹਫ਼ਤੇ ਤਕ ਮੰਡੀਆਂ ‘ਚੋਂ ਨਰਮੇ ਦੀ ਖਰੀਦ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਨਿਗਮ ਦੇ ਕੇਂਦਰੀ ਅਧਿਕਾਰੀਆਂ ਦੇ ਆਦੇਸ਼ ਬਾਅਦ ਹੀ ਮਾਲਵਾ ਦੀਆਂ 18 ਮੰਡੀਆਂ ’ਚ ਖਰੀਦ ਸ਼ੁਰੂ ਕੀਤੀ ਜਾਵੇਗੀ। ਪੰਜਾਬ ’ਚ ਪਹਿਲੀ ਵਾਰ ਕਪਾਹ ਨਿਗਮ, ਬਠਿੰਡਾ ਦਾ ਜੀਐਮ ਕਿਸੇ ਪੰਜਾਬੀ ਅਧਿਕਾਰੀ ਨੂੰ ਲਾਇਆ ਗਿਆ ਹੈ। ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਗੁਰਵੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਨਰਮੇ ਦੀ ਖਰੀਦ ਲਈ ਲੰਬੇ ਸਮੇਂ ਤੋਂ ਮਾਰਕਫੈਡ ਨੂੰ ਫੰਡ ਹੀ ਨਹੀਂ ਦਿੱਤੇ ਅਤੇ ਪੰਜਾਬ ‘ਚੋਂ ਨਰਮੇ ਦੀ ਖਰੀਦ ਦੇ ਅਧਿਕਾਰ ਸਿਰਫ਼ ਭਾਰਤੀ ਕਪਾਹ ਨਿਗਮ ਕੋਲ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Punjabi Tribune