ਲਾਹੇਵੰਦ ਹੈ ਪੌਲੀਹਾਊਸ ਵਿੱਚ ਜ਼ਰਬੇਰਾ ਦੀ ਕਾਸ਼ਤ

December 11 2017

 ਜ਼ਰਬੇਰਾ ਇੱਕ ਮਹੱਤਵਪੂਰਨ ਵਪਾਰਕ ਕੱਟ ਫੁੱਲ ਹੈ ਜੋ ਦੁਨੀਆਂ ਭਰ ਵਿੱਚ ਉਗਾਇਆ ਜਾਂਦਾ ਹੈ ਅਤੇ ਇਸ ਨੂੰ ਆਮ ਤੌਰ ’ਤੇ ‘ਅਫ਼ਰੀਕੀ ਡੇਜ਼ੀ’ ਜਾਂ ‘ਟ੍ਰਾਂਸਵਲ ਡੇਜ਼ੀ’ ਵਜੋਂ ਜਾਣਿਆ ਜਾਂਦਾ ਹੈ। ਜ਼ਰਬੇਰਾ ਦੇ ਫੁੱਲਾਂ ਨੂੰ ਡੰਡੀ ਸਹਿਤ ਫੁੱਲਾਂ ਵਜੋਂ, ਗੁਲਦਸਤਾ ਬਣਾਉਣ ਅਤੇ ਹੋਰ ਸਮਾਜਿਕ ਕਾਰਜਾਂ ਦੌਰਾਨ ਕੰਧਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ। ਜ਼ਰਬੇਰਾ ਦੇ ਪੌਦੇ ਗ਼ਮਲਿਆਂ ਵਿੱਚ ਅਤੇ ਕਿਆਰਿਆਂ ਵਿੱਚ ਲੈਂਡਸਕੇਪ ਦੇ ਉਦੇਸ਼ ਲਈ ਵੀ ਲਗਾਏ ਜਾਂਦੇ ਹਨ।  ਜ਼ਰਬੇਰਾ ਦੇ ਫੁੱਲ ਸਾਲ ਭਰ ਵੱਖ-ਵੱਖ ਰੰਗਾਂ ਵਿੱਚ ਉਪਲੱਬਧ ਹੁੰਦੇ ਹਨ।  ਇਸ ਦੀ ਕਾਸ਼ਤ ਪੂਰੇ ਭਾਰਤ ਵਿੱਚ ਕੀਤੀ ਜਾਂਦੀ ਹੈ ਅਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਕੁਦਰਤੀ ਤੌਰ ’ਤੇ ਹਵਾਦਾਰ ਪੌਲੀਹਾਊਸ ਵਿੱਚ ਕੀਤੀ ਜਾਂਦੀ ਹੈ।

ਫੁੱਲਾਂ ਦਾ ਰੰਗ ਬਹੁਤ ਮਹੱਤਵਪੂਰਨ ਹੈ, ਇਸ ਲਈ ਜ਼ਰਬੇਰਾ ਦੀ ਖੇਤੀ ਦੀ ਯੋਜਨਾ ਬਣਾਉਂਦੇ ਸਮੇਂ, ਫੁੱਲਾਂ ਦਾ ਰੰਗ ਧਿਆਨ ਵਿੱਚ ਰੱਖਣਾ ਚਾਹੀਦਾ ਹੈ।  ਮੰਡੀ ਦੀ ਲੋੜ ਅਨੁਸਾਰ ਲਾਲ ਰੰਗ ਦੀ ਮੰਗ ਜ਼ਿਆਦਾ ਹੈ।  ਇਸ ਦੇ ਬਾਅਦ ਚਿੱਟੇ, ਪੀਲੇ ਅਤੇ ਬਾਕੀ ਦੇ ਰੰਗ ਹੁੰਦੇ ਹਨ।  ਇਸ ਲਈ ਲਾਇਆ ਜਾਣ ਵਾਲਾ ਖੇਤਰ 4:3:2:1 ਅਨੁਪਾਤ, ਅਰਥਾਤ 40 ਫ਼ੀਸਦੀ ਲਾਲ ਕਿਸਮਾਂ, 30 ਫ਼ੀਸਦੀ ਚਿੱਟਾ, 20 ਫ਼ੀਸਦੀ ਪੀਲਾ ਅਤੇ 10 ਫ਼ੀਸਦੀ ਹੋਰ ਰੰਗਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।  ਵੱਖ-ਵੱਖ ਰੰਗਾਂ ਦੀਆਂ ਕਿਸਮਾ ਇਸ ਪ੍ਰਕਾਰ ਹਨ:

ਲਾਲ ਰੰਗ:    ਅੰਕੁਰ, ਰੂਬੀ ਰੈਡ, ਰੋਜਾਲੀਨ, ਸੈਲਵਾਡੋਰ, ਜੂਲੀਆ, ਰੈਡ  ਇੰਪੱਲਸ, ਐਮਲੀਟ ਅਤੇ ਨਤਾਸ਼ਾ।

ਚਿੱਟੇ ਰੰਗ:    ਸਿਲਵੇਸਟਰ, ਡੈਲਫੀ, ਵਾਈਟ ਮਾਰੀਆ, ਸਨੋਫਲੈਕ, ਵਿੰਟਰ ਕਵੀਨ, ਐਮੀਲੀ ਅਤੇ ਟਰੈਂਸਾ

ਪੀਲਾ ਰੰਗ:    ਡਾਨਾ ਏਲਨ, ਸਬਮੈਰੀਨ, ਸੁਪਰਨੋਵਾ, ਫੁੱਲਮੂਨ, ਹਵਾਨਾ, ਬਿਲਾਸੋਰ ਅਤੇ ਪਨਾਮਾ।

ਗੁਲਾਬੀ ਰੰਗ:     ਸਮਾਰਾ, ਇਨਟੈਂਸ, ਪਿੰਕ ਐਲੀਗੈਂਸ, ਵੈਲਨਟੀਨਾ ਅਤੇ ਟੇਰਾਕੁਇਨ।

ਸੰਤਰੀ ਰੰਗ:    ਕੋਜ਼ੇਕ, ਔਰੇਂਜ ਕਲਾਸਿਕ ਅਤੇ ਗੋਲਿਅਥ।

ਜ਼ਰਬੇਰਾ ਲਈ ਦਿਨ ਦਾ ਤਾਪਮਾਨ 20 ਤੋਂ 25 ਡਿਗਰੀ ਅਤੇ ਰਾਤ ਦਾ ਤਾਪਮਾਨ 12 ਤੋਂ 15 ਡਿਗਰੀ ਜ਼ਰਬੇਰਾ ਦੀ ਕਾਸ਼ਤ ਲਈ ਢੁੱਕਵਾਂ ਹੈ।  ਮਿੱਟੀ ਚੰਗੀ ਤਰ੍ਹਾਂ ਪਾਣੀ ਨਿਕਾਸੀ ਵਾਲੀ ਹਲਕੀ, ਉਪਜਾਊ ਅਤੇ ਥੋੜ੍ਹੀ ਤੇਜ਼ਾਬੀ ਹੋਵੇ।  ਮਿੱਟੀ ਦੀ ਪੀ ਐਚ 5.5 ਤੋਂ 6.5 ਅਤੇ ਬਿਜਲੀ ਸੰਚਾਲਕਤਾ 1  ਐਮ ਐਸ/ਸੈਟੀਮੀਟਰ ਤੋਂ ਘੱਟ ਜ਼ਰਬੇਰਾ ਦੀ ਕਾਸ਼ਤ ਲਈ ਅਤਿ ਢੁੱਕਵੀਂ ਹੈ। ਜ਼ਰਬੇਰਾ ਦੇ ਪੌਦੇ ਦੀਆਂ ਜੜ੍ਹਾਂ 50-70 ਸੈਂਟੀਮੀਟਰ ਡੂੰਘੀਆਂ ਜਾਂਦੀਆਂ ਹਨ।  ਇਸ ਲਈ ਪੌਦਿਆਂ ਨੂੰ ਉਭਰਵੇਂ ਕਿਆਰਿਆਂ ’ਤੇ ਉਗਾਇਆ ਜਾਣਾ ਚਾਹੀਦਾ ਹੈ।

ਖੇਤ ਨੂੰ ਚੰਗੀ ਤਰ੍ਹਾਂ ਵਾਹੋ ਅਤੇ 60 ਤੋਂ 80 ਸੈਟੀਂਮੀਟਰ ਚੌੜਾਈ ਵਾਲੇ ਉਭਰਵੇਂ ਕਿਆਰੇ ਤਿਆਰ ਕਰੋ, ਜੋ 45 ਸੈਂਟੀਮੀਟਰ ਉੱਚੇ ਹੋਣ ਅਤੇ ਦੋ ਕਿਆਰਿਆਂ ਵਿਚਕਾਰ 30 ਤੋਂ 40 ਸੈਂਟੀਮੀਟਰ ਫ਼ਾਸਲਾ ਰੱਖੋ। ਸ਼ੁਰੂਆਤੀ ਖ਼ੁਰਾਕ ਦੇ ਤੌਰ ’ਤੇ ਐਸਐਸਪੀ 100 ਕਿਲੋਗ੍ਰਾਮ, ਐਮਓਪੀ 66 ਕਿਲੋਗ੍ਰਾਮ ਅਤੇ 20 ਟਨ ਗਲੀ ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਮਿਲਾਓ।  ਜੇਕਰ ਜ਼ਮੀਨ ਭਾਰੀ, ਚੀਕਣੀ ਹੋਵੇ ਤਾਂ ਉਸ ਵਿੱਚ ਰੇਤ ਜਾਂ ਚੌਲਾਂ ਦੇ ਛਿਲੜ ਮਿਲਾਓ।  ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਫ਼ਸਲਾਂ ਦੀ ਰੱਖਿਆ ਕਰਨ ਲਈ ਜ਼ਰਬੇਰਾ ਦੀ ਕਾਸ਼ਤ ਤੋਂ ਪਹਿਲਾਂ ਮਿੱਟੀ ਦੀ ਸੋਧ ਕੀਤੀ ਜਾਂਦੀ ਹੈ।  ਕਿਆਰਿਆਂ ਦੀ ਤਿਆਰੀ ਤੋਂ ਪਹਿਲਾਂ ਮਿੱਟੀ ਨੂੰ 2 ਫ਼ੀਸਦੀ ਫਾਰਮੈਲਡੀਹਾਈਡ (1:10) ਦੇ ਘੋਲ ਨਾਲ ਚੰਗੀ ਤਰ੍ਹਾਂ ਗੜੁੱਚ ਕਰੋ ਅਤੇ 7 ਦਿਨਾਂ ਲਈ ਪਲਾਸਟਿਕ ਦੀ ਸ਼ੀਟ ਨਾਲ ਢੱਕ ਦਿਉ।  ਫਿਰ ਇਸ ਦੇ ਉਪਰ ਚੰਗੀ ਤਰ੍ਹਾਂ ਪਾਣੀ ਖੜ੍ਹਾ ਕਰੋ ਤਾਂ ਜੋ ਬਚੇ ਹੋਏ ਫਾਰਮੇਲਿਨ ਨੂੰ ਵੀ ਜ਼ਮੀਨ ਵਿੱਚ 1081299CD _GERBERAਨਿਕਾਸ ਹੋ ਜਾਵੇ।  ਜ਼ਰਬੇਰਾ ਦੇ ਪੌਦੇ ਅਤਿ ਗਰਮੀ ਅਤੇ ਸਰਦੀ ਨੂੰ ਛੱਡ ਕੇ ਸਾਰਾ ਸਾਲ ਲਗਾਏੇ ਜਾ ਸਕਦੇ ਹਨ।  ਜ਼ਰਬੇਰਾ ਪੌਦੇ ਵਪਾਰਕ ਤੌਰ ’ਤੇ ਟਿਸ਼ੂ ਕਲਚਰ ਦੁਆਰਾ ਵਧਾਏ ਜਾਂਦੇ ਹਨ, ਪੌਦੇ ਲਗਾਉਣ ਵੇਲੇ ਪੌਦੇ ਉੱਪਰ ਚਾਰ ਤੋਂ ਪੰਜ ਪੱਤੇ ਹੋਣੇ ਚਾਹੀਦੇ ਹਨ।  ਬੂਟੇ ਦੇ ਕਰੂੰਬਲ ਨੂੰ ਸੜਨ ਤੋਂ ਬਚਾਉਣ ਲਈ, ਲਾਉਣ ਸਮੇਂ ਮਿੱਟੀ ਦੇ ਪੱਧਰ ਤੋਂ 1-2 ਸੈਂਟੀਮੀਟਰ ਉੱਚੇ ਲਾਉਣਾ ਚਾਹੀਦਾ ਹੈ। ਜ਼ਰਬੇਰਾ ਦੀ ਬਿਜਾਈ ਦੋ ਕਤਾਰਾਂ ਵਿੱਚ ਕੀਤੀ ਜਾਂਦੀ ਹੈ।  ਕਤਾਰਾਂ ਦਾ ਆਪਸੀ ਫ਼ਾਸਲਾ 40 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਆਪਸੀ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਂਦਾ ਹੈ।  ਇਸ ਤਰ੍ਹਾਂ ਨਾਲ ਇੱਕ ਏਕੜ ਪੌਲੀਹਾਊਸ ਵਿੱਚ 25 ਤੋਂ 26 ਹਜ਼ਾਰ ਪੌਦੇ ਲਗਾਏ ਜਾ ਸਕਦੇ ਹਨ।

ਪੌਦੇ ਲਾਉਣ ਤੋਂ ਤੁਰੰਤ ਬਾਅਦ ਪੌਦਿਆਂ ਦੀ ਸਹੀ ਸਥਾਪਨਾ ਲਈ ਤਿੰਨ ਹਫ਼ਤਿਆਂ ਤੱਕ ਫੁਹਾਰੇ ਨਾਲ ਸਿੰਜਾਈ ਕਰੋ।  ਇਸ ਤੋਂ ਬਾਅਦ ਹੌਲੀ-ਹੌਲੀ ਤੁਪਕਾ ਸਿੰਜਾਈ ਵਿੱਚ ਤਬਦੀਲ ਕਰ ਦਿਓ।  ਜ਼ਰਬੇਰਾ ਦੇ ਬੂਟੇ ਦੀ ਪਾਣੀ ਦੀ ਔਸਤ ਲੋੜ 700 ਮਿਲੀਲਿਟਰ ਪ੍ਰਤੀ ਦਿਨ ਹੈ।  ਜਦੋਂ ਵੀ ਲੋੜ ਹੋਵੇ ਹੱਥ ਨਾਲ ਗੋਡੀ ਕਰਨੀ ਚਾਹੀਦੀ ਹੈ।  ਅੱਠ ਹਫ਼ਤਿਆਂ ਦੇ ਅੰਦਰ-ਅੰਦਰ ਜੋ ਵੀ ਫੁੱਲ ਲੱਗਦੇ ਹਨ।  ਉਨ੍ਹਾਂ ਨੂੰ ਤੋੜ ਦੇਣਾ ਚਾਹੀਦਾ ਹੈ।

ਹਰੇਕ ਦੋ ਹਫ਼ਤਿਆਂ ਬਾਅਦ ਇੱਕ ਵਾਰ ਮਿੱਟੀ ਨੂੰ ਹਲਕੀ ਉਥਲ-ਪੁਥਲ ਕਰ ਦਿਓ ਅਤੇ ਨਵੇਂ ਪੱਤਿਆਂ ਦੇ ਵਿਕਾਸ ਲਈ ਪੁਰਾਣੇ ਪੱਤਿਆਂ ਨੂੰ ਕੱਟ ਦਿਓ।  ਫੁੱਲਾਂ ਦੇ ਮਿਆਰੀ ਉਤਪਾਦਨ ਲਈ ਸੂਰਜੀ ਰੋਸ਼ਨੀ ਦੀ ਮਾਤਰਾ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ।  ਗਰਮੀ ਦੇ ਮੌਸਮ ਦੌਰਾਨ ਪੌਲੀਹਾਊਸ ਦੇ ਅੰਦਰ ਲੱਗੀ ਚਿੱਟੇ ਰੰਗ ਦੀ ਜਾਲ ਦਿਨ ਦੇ ਸਮੇਂ ਖੋਲੀ ਜਾਣੀ ਚਾਹੀਦੀ ਹੈ।  ਜਿਵੇਂ ਕਿ ਦਿਨੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸਰਦੀਆਂ ਵਿੱਚ ਇਹ ਜਾਲ ਬੰਦ ਕੀਤਾ ਜਾਣਾ ਚਾਹੀਦਾ ਹੈ।

ਜ਼ਰਬੇਰਾ ਫੁੱਲਾਂ ਦਾ ਬਿਹਤਰ ਵਾਧਾ ਅਤੇ ਵਧੀਆ ਪੈਦਾਵਾਰ ਪ੍ਰਾਪਤ ਕਰਨ ਲਈ, ਪਹਿਲੇ ਤਿੰਨ ਮਹੀਨਿਆਂ ਲਈ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ 1:1:1 (19:19:19) ਦੇ ਅਨੁਪਾਤ ਨੂੰ 0.4 ਗ੍ਰਾਮ/ਪੌਦਾ, ਹਰ ਦੂਜੇ ਦਿਨ ਪਾਉਣਾ ਚਾਹੀਦਾ ਹੈ।  ਇਸ ਤੋਂ ਬਾਅਦ ਐਨ ਪੀ ਕੇ 2:1:4 (15:8:35) ਅਨੁਪਾਤ 0.4 ਗ੍ਰਾਮ/ਪੌਦੇ ਹਰੇਕ ਦੂਜੇ ਦਿਨ ਪਾਓ।  ਘਾਟ ਦੇ ਲੱਛਣਾਂ ਪ੍ਰਤੱਖ ਹੋਣ ਅਨੁਸਾਰ ਲਘੂ ਤੱਤ ਵੀ ਪਾਓ।  ਜ਼ਰਬੇਰਾ ਦੇ ਪੌਦੇ ਲਗਪਗ 2 ਮਹੀਨੇ ਵਿੱਚ ਫੁੱਲ ਦੇਣ ਲੱਗ ਜਾਂਦੇ ਹਨ।  ਫੁੱਲਾਂ ਦੀ ਤੁੜਾਈ ਫੁੱਲਾਂ ਦੇ ਪੂਰੀ ਤਰ੍ਹਾਂ ਖੁੱਲ੍ਹਣ ਦੀ ਅਵਸਥਾ ’ਤੇ ਕੀਤੀ ਜਾਂਦੀ ਹੈ।  ਫੁੱਲਾਂ ਦੀ ਕਟਾਈ ਕੈਂਚੀ ਨਾਲ ਨਹੀਂ ਕਰਨੀ ਚਾਹੀਦੀ ਸਗੋਂ ਇਨ੍ਹਾਂ ਨੂੰ ਖਿਚਿਆ ਜਾਣਾ ਚਾਹੀਦਾ ਹੈ।  ਤੁੜਾਈ ਦੇ ਬਾਅਦ ਡੰਡੀ ਦੇ ਹੇਠਲੇ ਸਿਰੇ ਨੂੰ 2 ਤੋਂ 3 ਸੈਂਟੀਮੀਟਰ ਕੱਟਣਾ ਚਾਹੀਦਾ ਹੈ ਅਤੇ ਕਲੋਰੀਨ ਵਾਲੇ ਪਾਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ।  ਫੁੱਲ ਇਕਸਾਰਤਾ ਲਈ ਗਰੇਡ ਕੀਤੇ ਜਾਣੇ ਚਾਹੀਦੇ ਹਨ ਅਤੇ ਇਕੱਲੇ-ਇਕੱਲੇ ਫੁੱਲਾਂ ਨੂੰ 4.5 ਇੰਚ ਦੇ ਪੌਲੀਬੈਗ ਵਿੱਚ ਪੈਕ ਕਰਨ ਤੋਂ ਬਾਅਦ ਬੰਡਲ ਬਣਾ ਕੇ ਅਤੇ ਫਿਰ ਗੱਤੇ ਦੇ ਬਕਸੇ ਵਿੱਚ ਭਰ ਦਿੱਤਾ ਜਾਂਦਾ ਹੈ।  ਕਟਾਈ ਤੋਂ ਬਾਅਦ, ਫੁੱਲਾਂ ਨੂੰ 5 ਘੰਟੇ ਲਈ ਸੋਡੀਅਮ ਹਾਈਪੋਕਲੋਰਾਈਟ (6-7 ਮਿਲੀਲਿਟਰ/ ਲਿਟਰ ਪਾਣੀ) ਦੇ ਘੋਲ ਵਿੱਚ ਪਾ ਦੇਣਾ ਚਾਹੀਦਾ ਹੈ। ਸੁਰੱਖਿਅਤ ਖੇਤੀ ਵਿੱਚ ਜ਼ਰਬੇਰਾ ਦੇ ਪੌਦੇ 225-250 ਕੱਟੇ ਹੋਏ ਫੁੱਲ/ਵਰਗ ਮੀਟਰ/ਪ੍ਰਤੀ ਸਾਲ ਝਾੜ ਦਿੰਦੇ ਹਨ ਅਤੇ ਫੁੱਲਾਂ ਦੀ ਔਸਤਨ ਵਿਕਰੀ ਕੀਮਤ 2.5 ਰੁਪਏ ਪ੍ਰਤੀ ਫੁੱਲ ਬਣਦੀ ਹੈ। ਆਖਰਕਾਰ ਇਹ ਸਾਡੇ ਖੇਤਰਾਂ ਵਿੱਚ ਕੁਦਰਤੀ ਤੌਰ ’ਤੇ ਹਵਾਦਾਰ ਪੌਲੀਹਾਊਸ ਦੇ ਹੇਠ ਪੈਦਾ ਕੀਤੀ ਜਾ ਰਹੀ ਵਧੀਆ ਫੁੱਲਾਂ ਵਾਲੀਆਂ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਸਾਡੇ ਬਾਜ਼ਾਰ ਵਿੱਚ ਬਹੁਤ ਵਧੀਆ ਵਪਾਰਕ ਮੁੱਲ ਪ੍ਰਾਪਤ ਕੀਤਾ ਜਾ  ਸਕਦਾ ਹੈ।

ਜ਼ਰਬੇਰਾ ਦੀ ਫ਼ਸਲ ਉੱਪਰ ਬਹੁਤ ਸਾਰੇ ਕੀੜੇ-ਮਕੌੜਿਆਂ ਦੁਆਰਾ ਹਮਲਾ ਕੀਤਾ ਜਾਂਦਾ ਹੈ ਜਿਵੇਂ ਕਿ ਤੇਲਾ ਅਤੇ ਚਿੱਟੀ ਮੱਖੀ ਆਦਿ।  ਇਨ੍ਹਾਂ ਨੂੰ ਨਿਯਮਤ ਵਕਫ਼ੇ ’ਤੇ ਕਿਸੇ ਵੀ ਅੰਤਰਪ੍ਰਵਾਹ ਕੀਟਨਾਸ਼ਕ ਦੇ ਛਿੜਕਾਅ ਨਾਲ ਕਾਬੂ ਕੀਤਾ ਜਾ ਸਕਦਾ ਹੈ।  ਖੁਸ਼ਕ ਮਹੀਨਿਆਂ ਦੇ ਦੌਰਾਨ ਫ਼ਸਲ ਉੱਤੇ ਲਾਲ ਮੱਕੜੀ ਦਾ ਹਮਲਾ ਵੀ ਹੋ ਜਾਂਦਾ ਹੈ  ਜਿਸ ਨੂੰ ਉਮਾਈਟ (1 ਮਿਲੀਲਿਟਰ/ਲਿਟਰ ਪਾਣੀ) ਦੇ ਸਪਰੇਅ ਨਾਲ ਕਾਬੂ ਕੀਤਾ ਜਾ ਸਕਦਾ ਹੈ। ਲਾਲ ਮੱਕੜੀ ਦੇ ਫੈਲਾਅ ਨੂੰ ਪੌਲੀਹਾਊਸ ਵਿੱਚ ਨਮੀ ਦੀ ਮਾਤਰਾ ਵਧਾ ਕੇ ਵੀ ਕਾਬੂ ਕੀਤਾ ਜਾ ਸਕਦਾ ਹੈ।  ਇਸ ਲਈ ਨਿਯਮਤ ਵਕਫ਼ੇ ’ਤੇ ਪੌਲੀਹਾਊਸ ਦੇ ਪਾਸਿਆਂ ’ਤੇ ਪਾਣੀ ਦਾ ਛਿੜਕਾਅ  ਕੀਤਾ ਜਾ ਸਕਦਾ ਹੈ।  ਨੀਲੇ ਅਤੇ ਪੀਲੇ ਸਟਿੱਕੀ ਕਾਰਡ ਵੀ ਕ੍ਰਮਵਾਰ ਥਰਿਪਸ ਅਤੇ ਚਿੱਟੀ ਮੱਖੀ ਨੂੰ ਕਾਬੂ ਕਰਨ ਲਈ ਵਰਤੇ ਜਾ ਸਕਦੇ ਹਨ।  ਜ਼ਰਬੇਰਾ ਪਲਾਂਟ ਦੀ ਮੁੱਖ ਬਿਮਾਰੀ ਕਰੂੰਬਲ ਤੇ ਜੜ੍ਹਾਂ ਦਾ ਗਲਣਾ ਹੈ, ਇਸ ਨੂੰ ਏਲੀਅਟ (1 ਗ੍ਰਾਮ ਲਿਟਰ ਪਾਣੀ) ਦੀ ਸਪਰੇਅ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ।

ਜ਼ਰਬੇਰਾ ਦੀ ਖੇਤੀ ਤੋਂ ਮਿਆਰੀ ਫ਼ਸਲ ਲੈਣ ਲਈ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਸਲਾਹ ਮਸ਼ਵਰਾ ਅਤੇ ਪੌਲੀਹਾਊਸ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ।

*ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ, ਪੀਏਯੂ, ਲੁਧਿਆਣਾ।

ਸੰਪਰਕ: 97795-81523

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Punjabi Tribune