ਰੂੰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਨਾਲ ਕਾਰੋਬਾਰ ਘੱਟ

February 05 2018

 ਜੈਤੋ (ਪਰਾਸ਼ਰ)-ਕੱਪੜਾ ਮੰਤਰਾਲਾ ਦੇ ਅਦਾਰਾ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਅਨੁਸਾਰ ਦੇਸ਼ ਚ 30 ਜਨਵਰੀ ਤੱਕ ਵ੍ਹਾਈਟ ਗੋਲਡ ਦੀਆਂ 1,76,52,782 ਗੰਢਾਂ ਪਹੁੰਚੀਆਂ ਹਨ, ਜਿਨ੍ਹਾਂ ਚ ਪੰਜਾਬ ਦੀਆਂ 5,95,200 ਗੰਢਾਂ, ਹਰਿਆਣਾ ਦੀਆਂ 14,42,000, ਰਾਜਸਥਾਨ ਦੀਆਂ 15,18,500, ਗੁਜਰਾਤ ਦੀਆਂ 34,60,000, ਮਹਾਰਾਸ਼ਟਰ ਦੀਆਂ 44,49,000, ਮੱਧ ਪ੍ਰਦੇਸ਼ ਦੀਆਂ 12,91,100, ਆਂਧਰਾ ਪ੍ਰਦੇਸ਼ ਦੀਆਂ 8,90,000, ਤੇਲੰਗਾਨਾ ਦੀਆਂ 30,37,924, ਕਰਨਾਟਕ ਦੀਆਂ 8,24,910 ਤੇ ਓਡਿਸ਼ਾ ਦੀਆਂ 1,44,1148 ਗੰਢਾਂ ਆਈਆਂ ਹਨ। ਦੇਸ਼ ਚ ਸਭ ਤੋਂ ਜ਼ਿਆਦਾ ਵ੍ਹਾਈਟ ਗੋਲਡ ਮਹਾਰਾਸ਼ਟਰ ਤੋਂ 44,49 ਲੱਖ ਗੰਢਾਂ ਆਇਆ ਹੈ। ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਅਨੁਸਾਰ ਦੇਸ਼ ਚ ਚਾਲੂ ਕਪਾਹ ਸੈਸ਼ਨ 2017-18 ਦੌਰਾਨ ਕਪਾਹ ਪੈਦਾਵਾਰ ਕਰੀਬ 3.77 ਕਰੋੜ ਗੰਢ ਹੋਵੇਗੀ ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 32 ਲੱਖ ਗੰਢ ਜ਼ਿਆਦਾ ਹੈ। ਪਿਛਲੇ ਸਾਲ ਕਪਾਹ ਪੈਦਾਵਾਰ 3.45 ਕਰੋੜ ਗੰਢ ਹੋਇਆ ਸੀ। ਰੂੰ ਬਾਜ਼ਾਰ ਚ ਪਿਛਲੇ 2 ਹਫਤਿਆਂ ਦੌਰਾਨ ਉਤਰਾਅ-ਚੜ੍ਹਾਅ ਚੱਲਣ ਕਾਰਨ ਕਾਰੋਬਾਰ ਘੱਟ ਰਿਹਾ, ਜਿਸ ਦਾ ਮੁੱਖ ਕਾਰਨ ਰੂੰ ਕੀਮਤਾਂ ਦਾ ਮੂਧੇ ਮੂੰਹ ਡਿੱਗਣਾ ਹੈ। 

ਬੀਤੇ ਹਫਤੇ ਰੂੰ ਮੰਦੜੀਆਂ ਤੋਂ ਨਾਰਾਜ਼ ਹੋ ਉੱਠੀ ਅਤੇ 7ਵੇਂ ਆਸਮਾਨ ਤੇ 4445 ਰੁਪਣੇ ਮਣ ਦਾ ਝੰਡਾ ਗੱਡ ਦਿੱਤਾ ਪਰ ਰੂੰ ਦਾ ਆਸਮਾਨ ਤੋਂ ਅਚਾਨਕ ਪੈਰ ਫਿਸਲਣ ਨਾਲ ਧੜੰਮ ਨਾਲ ਜ਼ਮੀਨ ਤੇ ਆ ਡਿੱਗੀ, ਜਿਸ ਦਾ ਭਾਅ 4200 ਰੁਪਏ ਮਣ ਰਹਿ ਗਿਆ। ਭਾਰਤੀ ਰੂੰ ਬਾਜ਼ਾਰ ਚ 245 ਰੁਪਏ ਮਣ ਕੀਮਤਾਂ ਡਿੱਗਣ ਨੂੰ ਵੱਡੀ ਮੰਦੀ ਮੰਨਿਆ ਜਾਂਦਾ ਹੈ। ਸ਼ਨੀਵਾਰ ਨੂੰ ਪੰਜਾਬ ਚ ਰੂੰ ਕੀਮਤਾਂ 4240-4280 ਰੁਪਏ ਮਣ, ਹਰਿਆਣਾ 4245-4275 ਰੁਪਏ ਮਣ, ਹਨੂਮਾਨਗੜ੍ਹ ਸਰਕਲ 4270-4285 ਰੁਪਏ ਮਣ, ਸ਼੍ਰੀਗੰਗਾਨਗਰ 4230-4240 ਰੁਪਏ ਮਣ ਤੇ ਲੋਅਰ ਰਾਜਸਥਾਨ 40600-41600 ਰੁਪਏ ਪ੍ਰਤੀ ਕੈਂਡੀ ਰਹੇ। ਕਪਾਹ ਜਿਨਰਾਂ ਨੂੰ ਆਉਣ ਵਾਲੇ ਸਮੇਂ ਚ ਤੇਜ਼ੀ ਲੱਗਦੀ ਹੈ।

ਕਪਾਹ ਆਮਦ ਘਟੀ 

ਦੇਸ਼ ਚ ਜਨਵਰੀ ਮਹੀਨੇ ਦੌਰਾਨ ਰੋਜ਼ਾਨਾ ਕਪਾਹ ਆਮਦ ਲਗਭਗ 1,95,000 ਗੰਢ ਪਹੁੰਚ ਗਈ ਸੀ ਪਰ ਵ੍ਹਾਈਟ ਗੋਲਡ ਦੇ ਭਾਅ ਡਿੱਗਣ ਨਾਲ ਕਿਸਾਨਾਂ ਨੇ ਮੰਡੀਆਂ ਚ ਵ੍ਹਾਈਟ ਗੋਲਡ ਲੈ ਕੇ ਆਉਣਾ ਘਟਾ ਦਿੱਤਾ ਹੈ। ਹੁਣ ਇਹ ਆਮਦ ਅੱਜ ਕਰੀਬ 1,30,000 ਤੋਂ 1,35,000 ਗੰਢ ਹੀ ਰਹਿ ਗਈ ਹੈ। ਵ੍ਹਾਈਟ ਗੋਲਡ ਚ ਵੀ 300-400 ਰੁਪਏ ਕੁਇੰਟਲ ਦੀ ਰਹਿ ਗਈ ਹੈ। ਵ੍ਹਾਈਟ ਗੋਲਡ ਦੇ ਭਾਅ ਉਪਰ ਤੋਂ 5500 ਰੁਪਏ ਬਣ ਗਏ ਸਨ ਪਰ ਰੂੰ ਕੀਮਤਾਂ ਦੇ ਗੋਤਾ ਲੱਗਣ ਤੇ ਭਾਅ ਡਿੱਗ ਕੇ 5000 ਤੋਂ 5200 ਰੁਪਏ ਕੁਇੰਟਲ ਰਹਿ ਗਈ ਹੈ। ਇਹ ਭਾਅ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀ ਹੀ ਦੇ ਰਹੇ ਹਨ। ਸਰਕਾਰੀ ਖਰੀਦ ਏਜੰਸੀ ਇਨ੍ਹਾਂ ਰੇਟਾਂ ਤੋਂ ਕੋਹਾਂ ਦੂਰ ਹੈ। ਘੱਟੋ ਘੱਟ ਸਮਰਥਨ ਰੇਟ (ਐੱਮ. ਐੱਸ. ਪੀ.) ਕਪਾਹ ਵਧੀਆ 4320 ਰੁਪਏ ਕੁਇੰਟਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 5500 ਰੁਪਏ ਕੁਇੰਟਲ ਚ ਵੀ ਉਸ ਦੇ ਕਪਾਹ ਪੈਦਾਵਰ ਦੇ ਖਰਚੇ ਪੂਰੇ ਨਹੀਂ ਹੁੰਦੇ ਹਨ। ਕਪਾਹ ਉਤਪਾਦਨ ਕਰਨਾ ਉਸ ਦੀ ਮਜਬੂਰੀ ਹੈ। ਰੂੰ ਕੀਮਤਾਂ ਚ ਉਤਰਾਅ-ਚੜ੍ਹਾਅ ਹੋਣ ਨਾਲ ਮਾਰਕੀਟ ਕਾਰੋਬਾਰ ਬਹੁਤ ਘੱਟ ਹੋ ਗਿਆ ਹੈ। ਰੂੰ ਵਿਕਰੇਤਾ ਤੇਜ਼ੀ ਦੇ ਇੰਤਜ਼ਾਰ ਚ ਹਨ। ਕਤਈ ਮਿੱਲਾਂ ਮੰਦੀ ਦਾ ਇੰਤਜਾਰ ਕਰ ਰਹੀਆਂ ਹਨ। ਇਹ ਤਾਂ ਆਉਣ ਵਾਲਾ ਬਾਜ਼ਾਰ ਵੀ ਦੱਸ ਸਕਦਾ ਹੈ ਕਿ ਮਾਰਕੀਟ ਕਿਸ ਪਾਸੇ ਜਾਂਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

source : Jagbani