ਮੰਡੀਆਂ ਵਿੱਚ ਝੋਨੇ ਦੇ ਨਾਲ ਸੁੱਕਣੇ ਪਏੇ ਕਿਸਾਨਾਂ

November 15 2018

ਝੋਨੇ ’ਚ ਜ਼ਿਆਦਾ ਨਮੀਂ ਦੇ ਚੱਲਦਿਆਂ ਪਿੰਡਾਂ ਦੀਆਂ ਅਨਾਜ ਮੰਡੀਆਂ ’ਚ ਪਿਛਲੇ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਕਿਸਾਨ ਹੁਣ ਕਈ ਕਿਲੋਮੀਟਰ ਦੂਰ ਬਰਨਾਲਾ ਦੀ ਮੰਡੀ ’ਚ ਜਾਣ ਲੱਗੇ ਹਨ। ਕਿਸਾਨਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮੰਡੀਆਂ ’ਚੋਂ ਝੋਨਾਂ ਟਰਾਲੀਆਂ ’ਚ ਭਰ ਕੇ ਸ਼ਹਿਰੀ ਮੰਡੀ ਲਿਜਾਣ ਨਾਲ ਵੱਧ ਖਰਚਾ ਪੈ ਰਿਹਾ ਹੈ। ਅੱਜ ਵਜੀਦਕੇ ਕਲਾਂ ਦੀ ਅਨਾਜ ਮੰਡੀ ’ਚੋਂ ਝੋਨਾ ਚੁੱਕ ਕੇ ਬਰਨਾਲਾ ਲਿਜਾ ਰਹੇ ਕਿਸਾਨ ਦਰਸ਼ਨ ਸਿੰਘ, ਸੁਰਿੰਦਰ ਸਿੰਘ, ਗੁਰਜੰਟ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਦੋ ਹਫਤਿਆਂ ਤੋਂ ਮੰਡੀਆ ’ਚ ਰੁਲ ਰਹੇ ਹਨ ਕਿਉਂਕਿ ਇੰਸਪੈਕਟਰ ਵੱਲੋਂ ਚੈੱਕ ਕੀਤੀ ਨਮੀ ਨੂੰ ਸ਼ੈਲਰ ਮਾਲਕ ਆਪਣੀਆਂ ਮਸ਼ੀਨਾਂ ਨਾਲ ਚੈੱਕ ਕਰਕੇ ਵੱਧ ਨਮੀ ਦੱਸ ਕੇ ਝੋਨਾ ਚੁੱਕਣ ਤੋਂ ਇਨਕਾਰੀ ਹਨ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਮੰਡੀਆਂ ’ਚ ਝੋਨਾ ਲਾਹੁਣ ਦਾ ਖਰਚਾ ਪਿਆ ਤੇ ਹੁਣ ਮੁੜ ਭਰਾਈ ਦਾ ਖਰਚਾ ਪੈ ਰਿਹਾ ਹੈ।

ਇਸ ਸਬੰਧੀ ਆੜ੍ਹਤੀਆਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਆਪਣੇ ਮੀਟਰਾਂ ਨਾਲ ਨਮੀ ਚੈੱਕ ਕੀਤੇ ਜਾਣ ਕਾਰਨ ਸਮੱਸਿਆ ਆ ਰਹੀ ਹੈ। ਇਸ ਮਸਲੇ ਸਬੰਧੀ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਮਹਿਲ ਕਲਾਂ ਦੀਆਂ ਤਿੰਨ ਅਨਾਜ ਮੰਡੀਆਂ ਵਜ਼ੀਦਕੇ ਕਲਾਂ, ਮੂੰਮ ਤੇ ਸਹਿਜੜਾ ‘ਚੋਂ ਕਿਸਾਨ ਜੀਰੀ ਚੁੱਕ ਕੇ ਬਰਨਾਲਾ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।

ਮਾਨਸਾ (ਪੱਤਰ ਪ੍ਰੇਰਕ) ਧੁੰਦ ਤੇ ਧੂੰਏਂ ਨੇ ਪਿਛੇਤੇ ਝੋਨੇ ਨੂੰ ਮੰਡੀਆਂ ’ਚ ਲੈ ਕੇ ਆ ਰਹੇ ਕਿਸਾਨਾਂ ਲਈ ਵੱਡੀ ਸਿਰਦਰਦੀ ਸਹੇੜ ਦਿੱਤੀ ਹੈ। ਝੋਨੇ ’ਚ ਹੁਣ ਐਸੀ ਸਿੱਲ ਚੜ੍ਹੀ ਹੈ ਕਿ ਹੁਣ ਨਿੱਕਲ ਨਹੀਂ ਰਹੀ, ਜਦੋਂਕਿ ਮੰਡੀਆਂ ’ਚ ਸ਼ੈਲਰ ਮਾਲਕਾਂ ਦੀ ਦਖਲਅੰਦਾਜੀ ਵਧਣ ਕਾਰਨ ਝੋਨੇ ਦੀਆਂ ਢੇਰੀਆਂ ਬੋਲੀ ਨੂੰ ਉਡੀਕ ਰਹੀਆਂ ਹਨ। ਕਈ-ਕਈ ਦਿਨਾਂ ਤੋਂ ਮੰਡੀਆਂ ’ਚ ਬੈਠੇ ਕਿਸਾਨ ਅੱਕ ਕੇ ਹੁਣ ਆਪਣਾ ਝੋਨਾ ਘਰਾਂ ਨੂੰ ਵਾਪਸ ਲਿਜਾਣ ਲੱਗੇ ਹਨ।

ਉਧਰ, ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਆਉਣ ਵਾਲੇ ਚਾਰ-ਪੰਜ ਦਿਨਾਂ ਦੌਰਾਨ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਵਾਲਾ ਦੱਸਿਆ ਹੈ ਤੇ ਉਸ ਤੋਂ ਬਾਅਦ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਕਿਸਾਨਾਂ ’ਚ ਸਹਿਮ ਪੈਦਾ ਹੋ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਤੇ ਬਲਵਿੰਦਰ ਸਿੰਘ ਖਿਆਲਾ ਨੇ ਦੋਸ਼ ਲਾਇਆ ਕਿ ਖਰੀਦ ਇੰਸਪੈਕਟਰ ਸੈਲਰ ਮਾਲਕਾਂ ਨਾਲ ਮਿਲ ਕੇ ਬੋਲੀ ਨਹੀਂ ਲਾ ਰਹੇ, ਕਿਸਾਨ ਮੰਡੀਆਂ ਵਿੱਚ ਆਪਣੇ ਝੋਨੇ ਦੀ ਬੋਲੀ ਦੀ ਉਡੀਕ ਕਰ ਰਹੇ ਹਨ, ਪਰ ਸੈਲਰ ਮਾਲਕ ਆਪਣੀ ਮਰਜ਼ੀ ਨਾਲ ਝੋਨਾ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀ ਵਧੀ ਹੋਈ ਦਖਲਅੰਦਾਜੀ ਤੋਂ ਦੁਖੀ ਹੋਏ ਕਿਸਾਨ ਮੰਡੀਆਂ ’ਚੋ ਝੋਨਾ ਵਾਪਸ ਲਿਜਾਣ ਲਈ ਮਜ਼ਬੂਰ ਹਨ।

ਸ਼ਹਿਣਾ (ਪੱਤਰ ਪ੍ਰੇਰਕ) ਖਰੀਦ ਕੇਂਦਰ ਸ਼ਹਿਣਾ ਵਿੱਚ ਝੋਨੇ ਦੀ ਖਰੀਦ ’ਤੇ ਨਮੀ ਭਾਰੂ ਪੈ ਗਈ ਹੈ ਤੇ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹਨ। ਕਿਸਾਨ ਹਰਨੇਕ ਸਿੰਘ, ਗੁਰਜੰਟ ਸਿੰਘ ਪਿਛਲੇ ਇੱਕ ਹਫਤੇ ਤੋਂ ਮੰਡੀ ’ਚ ਆਪਣੀ ਜਿਣਸ ਲਈ ਬੈਠੇ ਹਨ ਪਰ ਹਰ ਵਾਰ ਵੱਧ ਨਮੀ ਕਹਿ ਕੇ ਖਰੀਦ ਨਹੀਂ ਕੀਤੀ ਜਾਂਦੀ। ਮੰਡੀਆਂ ਵਿੱਚ ਝੋਨਾ ਰੁਲ ਰਿਹਾ ਹੈ। ਖਰੀਦ ਕੇਂਦਰ ਸ਼ਹਿਣਾ ’ਚ 8 ਏਕੜ ’ਚ ਲੱਗਾ ਫੜ ਵੀ ਪੂਰੀ ਤਰ੍ਹਾਂ ਭਰ ਗਿਆ ਹੈ।

Source: Punjabi Tribune