ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

April 18 2018

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ ਆਮ ਵਾਂਗ ਰਹਿਣ ਦਾ ਅੰਦਾਜ਼ਾ ਹੈ। ਇਸ ਨਾਲ ਝੋਨੇ ਦੀ ਫਸਲ ਨੂੰ ਫਾਇਦਾ ਹੋਏਗਾ। ਸਰਕਾਰ ਨੂੰ ਉਮੀਦ ਹੈ ਕਿ ਮੌਨਸੂਨ ਆਮ ਵਾਂਗ ਰਹਿਣ ਨਾਲ ਮੁਲਕ ਦੀ ਅਨਾਜ ਪੈਦਾਵਾਰ ਇਸ ਸਾਲ 277.49 ਮਿਲੀਅਨ ਟਨ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਜਾਵੇਗੀ।

ਵਿਭਾਗ ਦੇ ਡਾਇਰੈਕਟਰ ਜਨਰਲ ਕੇਜੀ ਰਮੇਸ਼ ਨੇ ਦੱਸਿਆ ਕਿ ਐਤਕੀਂ ਮੌਨਸੂਨ ਲੰਮੀ ਮਿਆਦ ਦੀ ਔਸਤ (ਐਲਪੀਏ) ਦਾ 97 ਫੀਸਦੀ ਰਹੇਗੀ, ਜੋ ਇਸ ਗੱਲ ਦਾ ਸੰਕੇਤ ਹੈ ਕਿ ਮੌਨਸੂਨ ਸਾਧਾਰਨ ਰਹੇਗੀ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਪੱਛੜਨ ਦੇ ਬਹੁਤ ਘੱਟ ਆਸਾਰ ਹਨ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਸ਼ੁਰੂਆਤ ਦੀਆਂ ਤਰੀਕਾਂ ਦਾ ਐਲਾਨ ਮਈ ਦੇ ਮੱਧ ਵਿੱਚ ਕੀਤਾ ਜਾਵੇਗਾ।

ਯਾਦ ਰਹੇ ਕਿ ਜੇਕਰ ਔਸਤ ਮੀਂਹ 96 ਤੋਂ 104 ਫੀਸਦ ਦਰਮਿਆਨ ਰਹੇ ਤਾਂ ਇਸ ਨੂੰ ਸਾਧਾਰਨ ਮੰਨਿਆ ਜਾਂਦਾ ਹੈ। ਐਲਪੀਏ ਦਾ 90 ਫੀਸਦੀ ਤੋਂ ਘੱਟ ਕਿਸੇ ਵੀ ਅੰਕੜੇ ਨੂੰ ਪੱਛੜੀ ਹੋਈ ਮੌਨਸੂਨ ਜਦਕਿ 90 ਤੋਂ 96 ਫੀਸਦ ਨੂੰ ‘ਸਾਧਾਰਨ ਤੋਂ ਘੱਟ’ ਕਿਹਾ ਜਾਂਦਾ ਹੈ। ਚਾਰ ਮਹੀਨੇ ਚੱਲਣ ਵਾਲੇ ਮੌਨਸੂਨ ਦੇ ਸੀਜ਼ਨ ਦੌਰਾਨ ਮੁਲਕ ਵਿੱਚ ਸਾਲ ਭਰ ਪੈਣ ਵਾਲੀ ਬਰਸਾਤ ’ਚੋਂ 70 ਫੀਸਦੀ ਮੀਂਹ ਪੈਂਦੇ ਹਨ।

ਇਸ ਦੌਰਾਨ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਪੇਸ਼ੀਨਗੋਈ ਤੋਂ ਬਾਗੋਬਾਗ਼ ਖੇਤੀਬਾੜੀ ਸਕੱਤਰ ਐਸ.ਕੇ.ਪਟਨਾਇਕ ਨੇ ਅੱਜ ਕਿਹਾ ਕਿ ਮੁਲਕ ਦੀ ਅਨਾਜ ਪੈਦਾਵਾਰ ਇਸ ਸਾਲ 277.49 ਮਿਲੀਅਨ ਟਨ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਜਾਵੇਗੀ। ਉਨ੍ਹਾਂ ਕਿਹਾ ਕਿ ਦੱਖਣੀ ਪੱਛਮੀ ਮੌਨਸੂਨ ਭਾਰਤ ਦੇ ਖੇਤੀ ਤੇ ਕੁੱਲ ਮਿਲਾ ਕੇ ਅਰਥਚਾਰੇ ਦੀ ਜਿੰਦ ਜਾਨ ਹੈ। ਮੁਲਕ ਦੀ 50 ਫੀਸਦ ਆਬਾਦੀ ਖੇਤੀ ’ਤੇ ਨਿਰਭਰ ਹੈ ਤੇ ਕੁਲ ਘਰੇਲੂ ਉਤਪਾਦ (ਜੀਡੀਪੀ) ਦਾ 15 ਫੀਸਦ ਖੇਤੀ ਤੇ ਭਾਈਵਾਲ ਸੈਕਟਰਾਂ ’ਚੋਂ ਆਉਂਦਾ ਹੈ। ਕਿਸਾਨਾਂ ਲਈ ਮੀਂਹ ਕਾਫ਼ੀ ਅਹਿਮ ਹੈ, ਕਿਉਂਕਿ ਖੇਤੀ ਅਧੀਨ ਆਉਂਦੇ 50 ਫ਼ੀਸਦ ਤੋਂ ਵੱਧ ਕਿਰਸਾਨੀ ਖੇਤਰਾਂ ਨੂੰ ਸਿੰਜਣ ਲਈ ਸਰੋਤ ਉਪਲੱਬਧ ਨਹੀਂ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha