ਮੌਸਮ ਨੇ ਫਿਰ ਫਿਕਰਾਂ ਵਿੱਚ ਪਾਏ ਕਿਸਾਨ

March 22 2018

ਚੰਡੀਗੜ੍ਹ: ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਨਾਲ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ। ਬਠਿੰਡਾ ਵਿੱਚ ਪਏ ਮੀਂਹ ਕਾਰਨ ਮੌਸਮ ਵਿੱਚ ਠੰਢਕ ਪਰਤ ਆਈ ਹੈ। ਜਿੱਥੇ ਕੁਝ ਸ਼ਹਿਰੀ ਠੰਢ ਮੁੜ ਪਰਤਣ ਕਾਰਨ ਗਰਮ ਕੱਪੜੇ ਪਹਿਨੇ ਵਿਖਾਈ ਦਿੱਤੇ, ਉੱਥੇ ਹੀ ਪਿੰਡਾਂ ਵਿੱਚ ਵਿਛੀਆਂ ਫ਼ਸਲਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆਏ।

ਮੌਸਮ ਵਿਭਾਗ ਅਨੁਸਾਰ ਅੱਜ ਲਗਪਗ 1.8 ਮਿਲੀਮੀਟਰ ਬਰਸਾਤ ਹੋਈ ਹੈ। ਇਸ ਨਾਲ ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਤੋਂ ਘਟ ਕੇ 22 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ। ਜਾਣਕਾਰੀ ਅਨੁਸਾਰ ਅਚਾਨਕ ਮੀਂਹ ਪੈਣ ਲੱਗਿਆ ਤੇ ਘੰਟੇ ਦੇ ਕਰੀਬ ਪਏ ਮੀਂਹ ਕਾਰਨ ਮੌਸਮ ਠੰਢਾ ਹੋ ਗਿਆ। ਮੀਂਹ ਨਾਲ ਚੱਲੀਆਂ ਹਵਾਵਾਂ ਕਾਰਨ ਫ਼ਸਲਾਂ ਵਿਛ ਗਈਆਂ, ਜਿਸ ਕਾਰਨ ਕਿਸਾਨਾਂ ਵੱਲੋਂ ਨੁਕਸਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ।

ਕਿਸਾਨਾਂ ਮੁਤਾਬਕ ਅਚਾਨਕ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵਿਛ ਗਈਆਂ ਹਨ ਅਤੇ ਇਸ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਸਬੰਧੀ ਸਰਕਾਰ ਵੱਲੋਂ ਧਿਆਨ ਦੇਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੀਂਹ ਕਾਰਨ ਪੱਕੀਆਂ ਫ਼ਸਲਾਂ ਵਿਛ ਗਈਆਂ ਹਨ, ਜਿਸ ਕਾਰਨ ਪਿੰਡ ਗਿੱਦੜ, ਗੰਗਾ, ਨਕਾਣਾ, ਨਾਥਪੁਰਾ ਤੇ ਹੋਰ ਕਈ ਜਗ੍ਹਾ ਨੁਕਸਾਨ ਹੋਇਆ ਹੈ। ਸਰਕਾਰ ਇਸ ਨੂੰ ਕੁਦਰਤੀ ਆਫ਼ਤ ਮੰਨਦਿਆਂ ਕਿਸਾਨਾਂ ਦੇ ਇਸ ਨੁਕਸਾਨ ਸਬੰਧੀ ਮੁਆਵਜ਼ਾ ਦੇਵੇ।

ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਹਿਕਮੇ ਦੇ ਮਾਹਿਰਾਂ ਵੱਲੋਂ ਪਹਿਲਾਂ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ ਪਰ ਜਿਹੜੇ ਕਿਸਾਨਾਂ ਨੇ ਪਾਣੀ ਲਾਉਣ ਦਾ ਉਪਰਾਲਾ ਕੀਤਾ ਹੈ, ਉੱਥੇ ਕਣਕਾਂ ਧਰਤੀ ‘ਤੇ ਡਿੱਗਣ ਦੀ ਸੰਭਾਵਨਾ ਵੱਧ ਗਈ ਹੈ।

ਉਨ੍ਹਾਂ ਮੰਨਿਆ ਕਿ ਮੌਸਮ ਵਿਚਲੀ ਸਿੱਲ ਕਾਰਨ ਸਰ੍ਹੋਂ ਦੀ ਵਾਢੀ ਦਾ ਕੰਮ ਕੁਝ ਸਮੇਂ ਲਈ ਰੁਕ ਸਕਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਅਗੇਤੀਆਂ ਕਣਕਾਂ ਹੀ ਡਿੱਗੀਆਂ ਹਨ ਜਦਕਿ ਮਾਲਵਾ ਪੱਟੀ ਵਿੱਚ ਆਮ ਤੌਰ ‘ਤੇ ਬੀਜੀਆਂ ਜਾਂਦੀਆਂ ਪਿਛੇਤੀਆਂ ਕਣਕਾਂ ਅਜੇ ਤੱਕ ਕਿਧਰੇ ਵੀ ਨਾ ਡਿੱਗਣ ਦੀ ਜਾਣਕਾਰੀ ਮਿਲੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha