ਮੋਰਚੇ ਦਾ ਤੀਜਾ ਦਿਨ: ਸਰਕਾਰ ਅੜੀ, ਕਿਸਾਨ ਡਟੇ

June 14 2018

ਕਹਿਰ ਦੀ ਗਰਮੀ ਵਿੱਚ ਕਿਸਾਨ ਅੱਜ ਤੀਜੇ ਦਿਨ ਵੀ 13 ਜ਼ਿਲ੍ਹਿਆਂ ਵਿੱਚ ਮੋਰਚੇ ’ਤੇ ਡਟੇ ਰਹੇ। ਕਿਸਾਨਾਂ ਨੇ ਬਹੁਤੇ ਥਾਈਂ ਰੋਸ ਮੁਜ਼ਾਹਰੇ ਕਰ ਕੇ ਸਰਕਾਰ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਲੱਗੇ ਇਸ ਮੋਰਚੇ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਾਵਰਕੌਮ ਦੇ ਦਫ਼ਤਰਾਂ ਅੱਗੇ ਅੱਜ ਤੀਜੇ ਦਿਨ ਵੀ ਹਜ਼ਾਰਾਂ ਕਿਸਾਨ ਪਰਿਵਾਰਾਂ ਸਮੇਤ ਧਰਨਿਆਂ ਵਿੱਚ ਪੁੱਜੇ। ਰੋਹ ਵਿੱਚ ਆਏ ਕਿਸਾਨਾਂ ਨੇ ਬਹੁਤੇ ਥਾਈਂ ਸਰਕਾਰ ਵਿਰੁੱਧ ਰੋਸ ਮਾਰਚ ਕੀਤੇ। ਰਿਪੋਰਟਾਂ ਮੁਤਾਬਕ ਕਿਸਾਨਾਂ ਨੂੰ ਝੋਨਾ ਵਾਹੁਣ ਜਾਂ ਮੋਟਰ ਕੁਨੈਕਸ਼ਨ ਕੱਟਣ, ਫਿਰ ਫ਼ੌਜਦਾਰੀ ਕੇਸਾਂ ਅਤੇ ਜੁਰਮਾਨਿਆਂ ਬਾਰੇ ਭੇਜੇ ਜਾ ਰਹੇ ਨੋਟਿਸਾਂ ਨੂੰ ਟਿੱਚ ਜਾਣਦਿਆਂ ਕਈ ਥਾਈਂ ਝੋਨਾ ਲਾਇਆ ਜਾ ਰਿਹਾ ਹੈ। ਅੱਜ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ ਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸਮੂਹ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਸਥਾਨਕ ਆਗੂ ਸ਼ਾਮਲ ਸਨ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਾਂਗ ਪੇਸ਼ ਆ ਰਹੀ ਹੈ। ਸਮੇਂ ਸਿਰ ਝੋਨਾ ਲਾਉਣ ਲਈ ਪੂਰੀ ਬਿਜਲੀ ਛੱਡਣ ਦੀ ਬਜਾਏ ਕਈ ਇਲਾਕਿਆਂ ਵਿੱਚ 4 ਘੰਟੇ ਦੀ ਸਪਲਾਈ ਵੀ ਠੱਪ ਕਰ ਰੱਖੀ ਹੈ ਤੇ ਨਹਿਰਾਂ ਵੀ ਬੰਦ ਕਰ ਰੱਖੀਆਂ ਹਨ। ਬਹੁਤੇ ਕਿਸਾਨਾਂ ’ਚ ਮਹਿੰਗਾ ਡੀਜ਼ਲ ਫੂਕਣ ਦੀ ਸਮਰੱਥਾ ਨਾ ਹੋਣ ਕਾਰਨ ਨਰਮਾ, ਹਰਾ ਚਾਰਾ ਤੇ ਦਾਲਾਂ ਸਬਜ਼ੀਆਂ ਆਦਿ ਫ਼ਸਲਾਂ ‘ਸੋਕੇ’ ਨਾਲ ਤਬਾਹ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਪਾਣੀ ਅਤੇ ਪੂਰੀ ਬਿਜਲੀ ਸਪਲਾਈ ਤੁਰੰਤ ਚਾਲੂ ਕੀਤੀ ਜਾਵੇ।  ਸਰਕਾਰ ਪਛੇਤੇ ਝੋਨੇ ਦੀ ਨਮੀ 18 ਫ਼ੀਸਦੀ ਦੀ ਥਾਂ 24 ਫ਼ੀਸਦੀ ਕਰਨ ਲਈ ਵੀ ਤਿਆਰ ਨਹੀਂ ਹੈ। ਇਸ ਲਈ ਝੋਨਾ ਸਮੇਂ ਸਿਰ 10 ਜੂਨ ਤੋਂ ਬੀਜਣਾ ਕਿਸਾਨਾਂ ਦੀ ਮਜਬੂਰੀ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਫ਼ੌਜਦਾਰੀ ਕੇਸਾਂ ਜਾਂ ਕੁਨੈਕਸ਼ਨ ਕੱਟਣ ਤੇ ਜੁਰਮਾਨਿਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸੰਘਰਸ਼ ਤੇਜ਼ ਕਰਨ ਲਈ ਕਾਫ਼ਲੇ ਬਣਾ ਕੇ ਧਰਨਿਆਂ ਵਿੱਚ ਪੁੱਜਿਆ ਜਾਵੇ।

Source: Punjabitrubune