ਮੀਂਹ ਨੇ ਪ੍ਰਦੂਸ਼ਨ ਨੂੰ ਝੰਭਿਆ, ਕਿਸਾਨਾਂ ਲਈ ਬਿਪਤਾ ਵਧੀ!

November 15 2017

ਚੰਡੀਗੜ੍ਹ: ਕਰੀਬ ਦੋ ਹਫ਼ਤੇ ਤੋਂ ਪਰਾਲੀ ਪ੍ਰਦੂਸ਼ਣ ਦਾ ਪ੍ਰਕੋਪ ਝੱਲ ਰਹੇ ਲੋਕਾਂ ਨੂੰ ਉਸ ਵੇਲੇ ਰਾਹਤ ਮਿਲੀ ਜਦੋਂ ਮੰਗਲਵਾਰ ਸ਼ਾਮ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿੱਚ ਮੀਂਹ ਪਿਆ। ਮੀਂਹ ਨਾਲ ਵਾਤਾਵਰਨ ‘ਚ ਘੁਲਿਆ ਧੂੰਆਂ ਖ਼ਤਮ ਹੋ ਗਿਆ। ਧੁੰਦ ਵੀ ਘਟ ਗਈ। ਇਸ ਮੀਂਹ ਨੇ ਭਾਵੇਂ ਲੋਕਾਂ ਦੇ ਚਿਹਰੇ ’ਤੇ ਖ਼ੁਸ਼ੀ ਲੈ ਆਂਦੀ ਪਰ ਕਿਸਾਨਾਂ ਲਈ ਮੁਸ਼ਕਲਾਂ ਵਧੀਆਂ ਹਨ।

ਬਠਿੰਡਾ ਜ਼ਿਲ੍ਹਾ ਦੇ ਰਾਮਪੁਰਾ ਦੇ ਪਿੰਡ ਭੈਣੀ ਦੇ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਮੀਂਹ ਪੈਣ ਲੱਗਾ ਹੈ। ਹਾਲੇ ਵੀ ਆਸਮਾਨ ਉੱਤੇ ਬੱਦਲਵਾਈ ਹੈ ਤੇ ਕਿੰਨ-ਮਿੰਨ ਜਾਰੀ ਹੈ। ਸੁਖਪਾਲ ਨੇ ਦੱਸਿਆ ਕਿ ਇਸ ਮੀਂਹ ਨਾਲ ਕਣਕ ਦੀ ਬਿਜਾਈ ਪਿਛੜ ਜਾਵੇਗੀ ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਤੇ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਖੇਤੀ ਮਾਹਰਾਂ ਵੱਲੋਂ ਨਵੰਬਰ ਦੇ ਤੀਜੇ ਹਫ਼ਤੇ ਤੱਕ ਕਣਕ ਦੀ ਬਿਜਾਈ ਨੂੰ ਸਹੀ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਦੀ ਬਿਜਾਈ ਵਿੱਚ ਕਣਕ ਦੇ ਝਾੜ ਵਿੱਚ ਫ਼ਰਕ ਪੈਣ ਲੱਗਦਾ ਹੈ। ਉਨ੍ਹਾਂ ਕਿਹਾ ਜਿਹੜੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਈ ਹੈ। ਉਨ੍ਹਾਂ ਲਈ ਇਹ ਮੀਂਹ ਵੱਡੀ ਮੁਸੀਬਤ ਬਣ ਗਿਆ ਹੈ। ਮੀਂਹ ਪੈਣ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਨਾਲ ਉਨ੍ਹਾਂ ਕਿਸਾਨਾਂ ਦੀ ਕਣਕ ਦੀ ਬਿਜਾਈ ਪਿਛੜੀ ਜਾਵੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha