ਮੀਂਹ ਤੋਂ ਬਾਅਦ ਝੋਨੇ ਦੀ ਲਵਾਈ ਨੂੰ ਮਿਲਿਆ ਹੁਲਾਰਾ

June 18 2018

ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈਣ ਝੋਨੇ ਦੀ ਲਵਾਈ ’ਤੇ ਲਾਈਆਂ ਸ਼ਰਤਾਂ ਬਾਰੇ ਖੇਤੀਬਾੜੀ ਮਹਿਕਮੇ ਦੀ ਸੁਰ ਨਰਮ ਪੈ ਗਈ ਹੈ ਜਿਸ ਦੇ ਮੱਦੇਨਜ਼ਰ ਕਿਸਾਨਾਂ ਨੇ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਬਠਿੰਡਾ ਇਲਾਕੇ ਵਿਚ 20 ਤੋਂ 30 ਐਮਐਮ ਮੀਂਹ ਪਿਆ। ਰਾਜ ਭਰ ਵਿਚ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਲਾਉਣ ਦਾ ਅਨੁਮਾਨ ਹੈ। ਨਰਮਾ ਪੱਟੀ ਵਿਚ ਨਰਮੇ ਹੇਠਲਾ ਰਕਬਾ ਸੁੰਗੜ ਕੇ 2.84 ਲੱਖ ਹੈਕਟੇਅਰ ਰਹਿ ਗਿਆ ਹੈ। ਸੈਂਕੜੇ ਪਿੰਡਾਂ ‘ਚ ਅੱਜ ਬਾਰਸ਼ ਮਗਰੋਂ ਹੀ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਮੰਗ ਇਕਦਮ ਵਧ ਗਈ ਹੈ। ਪਿੰਡ ਭਾਈਰੂਪਾ ਦੇ ਕਿਸਾਨ ਆਗੂ ਨਾਹਰ ਸਿੰਘ ਨੇ ਦੱਸਿਆ ਕਿ ਅੱਜ ਦੇ ਮੀਂਹ ਦੇ ਪਾਣੀ ਨੂੰ ਕਿਸਾਨਾਂ ਨੇ ਅਜਾਈ ਨਹੀਂ ਜਾਣ ਦਿੱਤਾ ਜਿਸ ਕਰ ਕੇ ਲਵਾਈ ’ਚ ਤੇਜ਼ੀ ਆਈ ਹੈ।    ਲਹਿਰਾ ਮੁਹੱਬਤ ਵਿਚ ਕਰੀਬ 15 ਫ਼ੀਸਦੀ ਝੋਨਾ ਲੱਗ ਚੁੱਕਿਆ ਹੈ। ਕਿਸਾਨ ਨੇਤਾ ਰਾਮਕਰਨ ਸਿੰਘ ਨੇ ਦੱਸਿਆ ਕਿ ਅੱਜ ਬਾਰਸ਼ ਮਗਰੋਂ ਕਰੀਬ 10 ਫ਼ੀਸਦੀ ਖੇਤਾਂ ਵਿਚ ਕਿਸਾਨਾਂ ਨੇ ਲਵਾਈ ਸ਼ੁਰੂ ਕਰ ਦਿੱਤੀ ਹੈ। ਲਹਿਰਾ ਖਾਨਾ, ਤੁੰਗਵਾਲੀ, ਲਹਿਰਾ ਬੇਗਾ, ਬਾਠ, ਮੰਡੀ ਕਲਾਂ, ਪਿੱਥੋ, ਜਿਉਂਦ, ਕੋਟੜਾ, ਪਿੰਡ ਰਾਮਪੁਰਾ, ਭੂੰਦੜ, ਵਿਰਕ ਕਲਾਂ ਆਦਿ ਪਿੰਡਾਂ ਵਿਚ ਝੋਨੇ ਦੀ ਲਵਾਈ ਦੀ ਰਫਤਾਰ ਵਧੀ ਹੈ। ਗਿੱਦੜਬਾਹਾ ਖ਼ਿੱਤੇ ’ਚ ਤਿਉਣਾ, ਮੁਲਤਾਨੀਆ, ਝੁੰਬਾ ਅਤੇ ਚੁੱਘੇ ਕਲਾਂ ਅਤੇ ਚੁੱਘੇ ਖੁਰਦ ਪਿੰਡਾਂ ਵਿੱਚ ਝੋਨੇ ਦੀ ਲਵਾਈ ਤੇਜ਼ ਹੋਈ ਹੈ।    ਬਠਿੰਡਾ ਜੰਕਸ਼ਨ ’ਤੇ ਮਜ਼ਦੂਰਾਂ ਨੂੰ ਉਡੀਕਣ ਵਾਲੇ ਕਿਸਾਨਾਂ ਦੀ ਗਿਣਤੀ ਵਧ ਗਈ ਹੈ। ਮੀਂਹ ਤੋਂ  ਬਾਅਦ ਬਰਨਾਲਾ ਜ਼ਿਲੇ ਦੇ ਤਪਾ ਲਾਗਲੇ ਪਿੰਡਾਂ ਵਿਚ ਝੋਨੇ ਦੀ ਲਵਾਈ ਨੇ ਜ਼ੋਰ ਫੜਿਆ ਹੈ। ਖੇਤੀ ਮਾਹਿਰ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਬਾਰਸ਼ ਮਗਰੋਂ ਪਾਣੀ ਦੀ ਖਪਤ ਖੇਤਾਂ ਦੀ ਘੱਟ ਜਾਂਦੀ ਹੈ ਕਿਉਂਕਿ ਗਰਮੀ ’ਚ ਜ਼ਿਆਦਾ ਪਾਣੀ ਉਡਦਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਅੱਜ ਮੀਂਹ ਪੈਣ ਮਗਰੋਂ ਤਾਂ ਹਰ ਪਿੰਡ ਵਿਚ ਹੀ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ।ਪਾਵਰਕੌਮ ਦੇ ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਬੀ.ਐਸ.ਮਠਾੜੂ ਨੇ ਕਿਹਾ ਕਿ ਖੇਤੀ ਸੈਕਟਰ ਨੂੰ ਹਾਲੇ ਚਾਰ ਘੰਟੇ ਬਿਜਲੀ ਸਪਲਾਈ ਹੀ ਦਿੱਤੀ ਜਾ ਰਹੀ ਹੈ। ਮੀਂਹ ਤੇ ਹਨੇਰੀ ਕਰ ਕੇ ਕਈ ਖੇਤੀ ਫੀਡਰ ਪ੍ਰਭਾਵਿਤ ਹੋਈ ਹੈ ਜਿਨ੍ਹਾਂ ’ਚੋਂ 60 ਫ਼ੀਸਦੀ ਫੀਡਰਾਂ ’ਤੇ ਸਪਲਾਈ ਬਹਾਲ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਵੱਲੋਂ 20 ਜੂਨ ਤੋਂ ਹੀ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ।

ਕਿਸਾਨ ਖੇਤ ਤਿਆਰ ਕਰਨ ਲੱਗੇ: ਬੈਂਸ

ਰਾਜ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਮੀਂਹ ਪੈਣ ਮਗਰੋਂ ਕਿਸਾਨਾਂ ਨੇ ਝੋਨੇ ਲਈ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਬਾਰਸ਼ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ ਅਤੇ ਝੋਨੇ ਦੀ ਅਗੇਤੀ ਲਵਾਈ ਖ਼ਿਲਾਫ਼ ਮਹਿਕਮੇ ਦੀ ਮੁਹਿੰਮ ਵੀ ਸਫਲ ਰਹੀ ਹੈ।

ਝੋਨੇ ਦੇ ਸੀਜ਼ਨ ਖਾਤਰ ਪਾਵਰਕੌਮ ਵੱਲੋਂ ਕਮਰਕੱਸੇ

ਪਟਿਆਲਾ (ਅਮਨ ਸੂਦ): ਪਾਵਰਕੌਮ ਨੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵਧੀ ਹੋਈ 12500 ਮੈਗਾਵਾਟ ਦੀ ਮੰਗ ਦੀ ਪੂਰਤੀ ਲਈ 13000 ਮੈਗਾਵਾਟ ਉਤਪਾਦਨ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਨਿਗਮ ਨੇ ਆਪਣੇ ਥਰਮਲ ਪਲਾਂਟਾਂ ਲਈ ਲੋੜੀਂਦੀ ਮਾਤਰਾ ’ਚ ਕੋਲੇ ਦਾ ਬੰਦੋਬਸਤ ਕਰ ਲਿਆ ਹੈ। ਇਸ ਦੇ ਨਾਲ ਹੀ ਪਾਵਰਕੌਮ ਨੇ ਪਹਿਲੀ ਵਾਰ ਖੇਤੀ ਟਿਉੂਬਵੈਲਾਂ ਲਈ ਜ਼ਿਲਾ ਵਾਰ ਬਿਜਲੀ ਸਪਲਾਈ ਦੀ ਸਮਾਂ ਸਾਰਣੀ ਜਾਰੀ ਕਰਨ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਇਸ ਬਾਰੇ ਅਗਾਊਂ ਜਾਣਕਾਰੀ ਮਿਲ ਸਕੇ। ਪਿਛਲੇ ਹਫ਼ਤੇ ਪਾਵਰਕੌਮ ਦੇ ਨਵ ਨਿਯੁਕਤ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ। ਵਿੱਤ ਮੰਤਰੀ ਨੇ ਇੰਜ. ਸਰ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਬਕਾਇਆ ਸਬਸਿਡੀ ਦੀ ਰਕਮ ਜਲਦੀ ਜਾਰੀ ਕਰ ਦਿੱਤੀ ਜਾਵੇਗੀ। 20 ਜੂਨ ਤੋਂ ਬਾਅਦ ਪੰਜਾਬ ਵਿੱਚ ਝੋਨੇ ਦੀ ਲਵਾਈ ਜ਼ੋਰ ਫੜਨ ਦੀ ਸੰਭਾਵਨਾ ਹੈ ਜਿਸ ਕਰ ਕੇ ਰਾਜ ਵਿੱਚ 28 ਲੱਖ ਹੈਕਟੇਅਰ ਰਕਬੇ ਵਿੱਚ ਲਵਾਈ ਲਈ ਕਰੀਬ 14 ਲੱਖ ਟਿਊਬਵੈੱਲ ਚੱਲਣਗੇ। ਪਾਵਰਕੌਮ ਨੂੰ ਖੇਤੀ ਲਈ ਘੱਟੋ ਘੱਟ 8 ਘੰਟਿਆਂ ਦੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ ਤੇ ਇਸ ਨੂੰ ਪਾਵਰ ਗਰਿਡ ਤੋਂ ਆਪਣੀ 6400 ਮੈਗਾਵਾਟ ਦੀ ਟ੍ਰਾਂਸਮਿਸ਼ਨ ਲਿਮਟ ਨੂੰ ਵੀ ਸੰਭਾਲਣਾ ਪਵੇਗਾ ਜੋ ਕਿ ਪਿਛਲੇ ਕੁਝ ਸਾਲਾਂ ਦੌਰਾਨ ਪਾਵਰਕੌਮ ਵੱਲੋਂ ਵਾਧੂ ਬਿਜਲੀ ਹਾਸਲ ਕਰਨ ਕਰ ਕੇ ਡਾਵਾਂਡੋਲ ਹੋ ਗਈ ਸੀ।

Source: Jagbani