ਮਾਲਵੇ ਵਿੱਚ ਹੁਣ ਬੀਟੀ ਕਾਟਨ ਉਤੇ ਝੁਲਸ ਰੋਗ ਨੇ ਧਾਵਾ ਬੋਲਿਆ

September 09 2017

 by: punjabitribune date: 9 september

ਮਾਨਸਾ, 9 ਸਤੰਬਰ-ਮਾਲਵਾ ਪੱਟੀ ਵਿੱਚ ਬੀਟੀ ਕਾਟਨ ਉੱਤੇ ਹੁਣ ਝੁਲਸ ਰੋਗ ਨੇ ਹਮਲਾ ਕਰ ਦਿੱਤਾ ਹੈ। ਖੇਤੀ ਮਹਿਕਮੇ ਨੇ ਮੰਨਿਆ ਕਿ ਕੁਝ ਥਾਵਾਂ ‘ਤੇ ਨਰਮੇ ਦੇ ਬੂਟੇ ਸੁੱਕਣੇ ਸ਼ੁਰੂ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨੂੰ ਬੈਕਟੇਰੀਅਲ ਲੀਫ ਬਲਾਇਟ (ਪੱਤਿਆਂ ‘ਤੇ ਧੱਬਿਆਂ ਦਾ ਰੋਗ) ਰੋਗ ਕਿਹਾ ਜਾਂਦਾ ਹੈ। ਇਸ ਦਾ ਦਵਾਈਆਂ ਦੇ ਛਿੜਕਾਅ ਨਾਲ ਕਾਮਯਾਬ ਇਲਾਜ ਹੈ। ਦੂਜੇ ਪਾਸੇ ਮਾਨਸਾ ਖੇਤਰ ਦੇ ਕਿਸਾਨ ਹੁਣ ਨਰਮੇ ਦੇ ਮੁੜ ਹਰੇ ਹੋਣ ਦੀ ਉਮੀਦ ’ਚ ਸਪਰੇਆਂ ਕਰਨ ਲੱਗੇ ਹਨ ਪਰ ਉਨ੍ਹਾਂ ਨੂੰ ਕੋਈ ਕਾਮਯਾਬੀ ਹਾਸਲ ਨਹੀਂ ਹੋਈ ਹੈ। ਨਰਮੇ ਦੀ ਫ਼ਸਲ ਨੂੰ ਇਹ ਬਿਮਾਰੀ ਉਸ ਸਮੇਂ ਪਈ, ਜਦੋਂ ਬੂਟੇ ਟੀਂਡਿਆਂ ਅਤੇ ਫੁੱਲਾਂ ਨਾਲ ਲੱਦੇ ਹੋਏ ਸਨ ਅਤੇ ਫ਼ਸਲ ਪੱਕਣ ਵਾਲੇ ਪਾਸੇ ਵਧ ਰਹੀ ਸੀ। ਇਸ ਖੇਤਰ ਦੇ ਖੇਤਾਂ ਵਿੱਚ ਜਾ ਕੇ ਦੇਖਿਆ ਹੈ ਕਿ ਇਸ ਬਿਮਾਰੀ ਦਾ ਸ਼ਿਕਾਰ ਹੋਈ ਨਰਮੇ ਦੀ ਫ਼ਸਲ ਸੁੱਕ ਗਈ ਹੈ। ਜਿਹੜੇ ਕਿਸਾਨਾਂ ਨੂੰ 30-35 ਮਣ ਨਰਮੇ ਨਿਕਲਣ ਦੀ ਉਮੀਦ ਸੀ, ਉਹ ਹੁਣ ਤੀਜੇ ਹਿੱਸੇ ਤੋਂ ਵੀ ਥੱਲੇ ਜਾ ਡਿੱਗੇ ਹਨ। ਕਿਸਾਨਾਂ ਨੇ ਪੱਤਰਕਾਰਾਂ ਨੂੰ ਵਿਖਾਇਆ ਕਿ ਜੋ ਬੂਟਾ ਚਾਰ-ਦਿਨ ਪਹਿਲਾਂ ਹਰਾ ਕੱਚ ਖੜ੍ਹਾ ਸੀ, ਉਸ ਦੇ ਸਾਰੇ ਪੱਤੇ ਅੱਜ ਭੁੰਜੇ ਡਿੱਗ ਪਏ ਹਨ ਅਤੇ ਉਹ ਪੂਰੀ ਤਰ੍ਹਾਂ ਸੁੱਕ ਗਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣੇ ਟੀਂਡਿਆਂ ਵਿਚਲੇ ਵੜੇਵਿਆਂ ਨੇ ਨਿੱਗਰ ਹੋਣਾ ਸੀ, ਪਰ ਬੂਟੇ ਦੇ ਸੁੱਕਣ ਕਾਰਨ ਥੱਲੋਂ ਖੁਰਾਕ ਮਿਲਣੀ ਬੰਦ ਹੋਣ ਕਾਰਨ ਫਸਲ ਦੇ ਝਾੜ ਨੂੰ ਭਾਰੀ ਧੱਕਾ ਲੱਗਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਜਦੋਂ ਕਿਸਾਨਾਂ ਉੱਤੇ ਕੋਈ ਬਿਪਤਾ ਆਉਂਦੀ ਹੈ ਤਾਂ ਹਰ ਵਾਰ ਖੇਤੀ ਵਿਭਾਗ ਕਿਸਾਨਾਂ ਨੂੰ ਕਸੂਰਵਾਰ ਕਹਿ ਕੇ ਖਹਿੜਾ ਛੁਡਾ ਜਾਂਦਾ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਖੇਤੀ ਵਿਭਾਗ ਤੰਦਰੁਸਤ ਫਸਲ ਨੂੰ ਅੱਗੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਿਲਕੁਲ ਸੁਚੇਤ ਨਹੀਂ ਕਰਦਾ। ਖੇਤੀ-ਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇਸ ਬਿਮਾਰੀ ਨਾਲ ਪਹਿਲਾਂ ਪੱਤੇ ਲਾਲ ਹੁੰਦੇ ਹਨ ਅਤੇ ਪਿੱਛੋਂ ਸੁੱਕ ਕੇ ਥੱਲੇ ਡਿੱਗਣ ਲੱਗ ਪੈਂਦੇ ਹਨ।

ਪੱਤਾ ਲਪੇਟ ਸੁੰਡੀ ਨੇ ਝੋਨੇ ਦੀ ਫ਼ਸਲ ਨੂੰ ਲਪੇਟਿਆ

ਮੋਗਾ (ਿਨੱਜੀ ਪੱਤਰ ਪ੍ਰੇਰਕ): ਮਾਲਵਾ ਪੱਟੀ ਦੇ ਕਿਸਾਨ ਹੁਣ ਝੋਨੇ ਉੱਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਚਿੰਤਤ ਹਨ। ਝੋਨੇ ਨੂੰ ਸੁੰਡੀ ਤੋਂ  ਬਚਾਉਣ ਲਈ ਕਿਸਾਨ ਕੀਟਨਾਸ਼ਕ ਜ਼ਹਿਰਾਂ  ਦੀ ਸਪਰੇਅ ਕਰ ਰਹੇ ਹਨ।  ਖੇਤੀ ਮਾਹਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਮਨਜ਼ੂਰਸ਼ੁਦਾ ਕੀਟਨਾਸ਼ਕਾਂ ਦੀ ਸਪਰੇਅ ਕਰਨ ਲਈ ਆਖਿਆ ਹੈ। ਪਿੰਡ ਡਾਲਾ ਵਿਖੇ ਝੋਨੇ ਦੀ ਫ਼ਸਲ ’ਤੇ ਸਪਰੇਅ ਕਰਵਾ ਰਹੇ ਕਿਸਾਨ ਜ਼ੋਰਾ ਸਿੰਘ ਦਾ ਕਹਿਣਾ ਸੀ ਕਿ ਐਤਕੀ ਝੋਨੇ ਦੀ ਫ਼ਸਲ ’ਤੇ ਪਹਿਲਾਂ ਕਿਸੇ ਵੀ ਬਿਮਾਰੀ ਦਾ ਹਮਲਾ ਨਾ ਹੋਣ ਕਰਕੇ ਕਿਸਾਨਾਂ ਨੂੰ ਚੰਗਾ ਝਾੜ ਤੇ ਚੰਗੀ ਕਮਾਈ ਦੀ ਉਮੀਦ ਸੀ ਪਰ ਹੁਣ  ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਨ ਹੱਥਾਂ-ਪੈਰਾਂ ਦੀ ਪੈ ਗਈ ਹੈ।

ਚਿੱਟੀ ਮੱਖੀ ਨਾਲ ਖ਼ਰਾਬ ਨਰਮੇ ਦੀ ਫ਼ਸਲ ਵਾਹੀ 

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਮਹਿੰਗੀਆਂ ਕੀਟਨਾਸ਼ਕਾਂ ਛਿੜਕਣ ਦੇ ਬਾਵਜੂਦ ਚਿੱਟੀ ਮੱਖੀ ‘ਤੇ ਕੰਟਰੋਲ ਨਾ ਹੋਣ ਕਰਕੇ ਅਖ਼ੀਰ ਅੱਜ ਕਿਸਾਨ ਨੂੰ ਆਪਣੀ ਨਰਮੇ ਦੀ ਤਬਾਹ ਹੋਈ ਫਸਲ ਵਾਹੁਣੀ ਪਈ।     ਕਿਸਾਨ ਹਰਜੀਤ ਸਿੰਘ ਨੇ ਪੰਜ ਏਕੜ ਦੇ ਕਰੀਬ ਜ਼ਮੀਨ ਵਿੱਚ ਨਰਮੇ ਦੀ ਫਸਲ ਬੀਜੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮੋਹਨ ਸਿੰਘ ਚੱਠੇਵਾਲਾ ਅਤੇ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਚਿੱਟੀ ਮੱਖੀ ਨੂੰ ਕੰਟਰੋਲ ਕਰਨ ਅਤੇ ਕਰਜ਼ਈ ਕਿਸਾਨਾਂ ਦੀ ਬਾਂਹ ਫੜਨ ਵਿੱਚ ਨਾਕਾਮ ਰਹੀ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।