ਭੋਜਨ ਅਤੇ ਸ਼ਿਲਪ ਕਲਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

October 11 2017

 ਲੁਧਿਆਣਾ 11 ਅਕਤੂਬਰ-

ਪੀਏਯੂ ਵੱਲੋਂ 12 ਅਕਤੂਬਰ 2017 ਨੂੰ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਭੋਜਨ ਅਤੇ ਸ਼ਿਲਪ ਕਲਾ ਮੇਲਾ ਲਗਾਇਆ ਜਾ ਰਿਹਾ ਹੈ । ਇਸ ਵਿੱਚ ਪੀਏਯੂ ਦੇ ਵਿਦਿਆਰਥੀਆਂ, ਕਰਮਚਾਰੀਆਂ ਤੋਂ ਇਲਾਵਾ ਲੁਧਿਆਣਾ ਅਤੇ ਪੰਜਾਬ ਭਰ ਤੋਂ ਲੋਕ ਸ਼ਾਮਲ ਹੋਣਗੇ । ਇਸ ਮੇਲੇ ਲਈ ਤਿਆਰੀਆਂ ਕਰ ਰਹੇ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਦੀ ਕੇਂਦਰੀ ਸੰਸਥਾਂ ਦੇ ਨਿਰਦੇਸ਼ਕ ਡਾ. ਆਰ ਕੇ ਗੁਪਤਾ ਇਸ ਮੇਲੇ ਦੇ ਮੁੱਖ ਮਹਿਮਾਨ ਹੋਣਗੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਇਸ ਮੇਲੇ ਦੀ ਪ੍ਰਧਾਨਗੀ ਕਰਨਗੇ । ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਰ ਕਾਲਜ ਜਿਵੇਂ ਖੇਤੀਬਾੜੀ ਕਾਲਜ, ਗ੍ਰਹਿ ਵਿਗਿਆਨ ਕਾਲਜ ਵੀ ਇਸ ਦੇ ਸਹਿਯੋਗੀ ਹੋਣਗੇ ਅਤੇ ਇਹ ਮੇਲਾ ਡੀਨ ਡਾ. ਐਸ ਐਸ ਕੁੱਕਲ ਅਤੇ ਡਾ. ਜਤਿੰਦਰ ਕੌਰ ਗੁਲਾਟੀ ਦੀ ਨਿਰਦੇਸ਼ਨਾਂ ਵਿੱਚ ਲਗਾਇਆ ਜਾਵੇਗਾ । 

ਡਾ. ਸਚਦੇਵ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਛੋਟੇ, ਮੱਧ ਵਰਗੀ ਅਤੇ ਵੱਡੇ ਸਨਅਤਕਾਰਾਂ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਨਾਲ ਜੁੜੇ ਸੈਲਫ ਹੈਲਪ ਗਰੁੱਪਾਂ ਨੂੰ ਖੁੱਲ•ਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾ ਕੇ ਸੰਬੰਧਤ ਵਿਭਾਗਾਂ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਵਿਕਰੀ ਵਧਾ ਸਕਣ । ਇਸ ਮੰਤਵ ਲਈ ਯੂਨੀਵਰਸਿਟੀ ਵੱਲੋਂ 18 x 18’ ਅਤੇ 18 x 9’ ਦੇ ਸਟਾਲ ਜਾਂ ਇਸ ਤੋਂ ਛੋਟੇ ਸਟਾਲ ਮਾਮੂਲੀ ਖਰਚ ਤੇ ਉਪਲਬਧ ਕਰਵਾਏ ਜਾਣਗੇ । ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਭੋਜਨ ਸਨਅਤ ਵਪਾਰ ਦੀਆਂ ਗਤੀਵਿਧੀਆਂ, ਵੱਖ-ਵੱਖ ਸੰਸਥਾਵਾਂ ਦੇ ਵਿਭਾਗਾਂ ਦੁਆਰਾ ਵਿਕਸਤ ਕੀਤੀਆਂ ਤਕਨੀਕਾਂ ਦੀ ਨੁਮਾਇਸ਼, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ, ਭੋਜਨ ਅਤੇ ਪੌਸ਼ਟਿਕਤਾ, ਸੰਸਾਧਨ ਅਤੇ ਭੋਜਨ ਇੰਜੀਨੀਅਰ, ਪੌਸ਼ਾਕ ਅਤੇ ਕੱਪੜਾ-ਉਦਯੋਗ ਵਿਗਿਆਨ, ਫੈਮਿਲੀ ਰਿਸੋਰਸ ਮੈਨੇਜਮੈਂਟ, ਮਾਈਕ੍ਰੋਬਾਇਆਲੋਜੀ ਅਤੇ ਕੀਟ ਵਿਗਿਆਨ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਦੇ ਨਾਲ-ਨਾਲ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ, ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ ਦਾ ਪ੍ਰਮੁੱਖ ਸੰਸਧਾਨ ਲੁਧਿਆਣਾ ਸੀਫੈਟ, ਛੋਟੇ ਸਨਅਤਕਾਰਾਂ ਅਤੇ ਸੈਲਫ ਹੈਲਪ ਗਰੁੱਪਾਂ ਦੇ ਭੋਜਨ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਇਸ ਮੇਲੇ ਦਾ ਹਿੱਸਾ ਹੋਣਗੇ । 

ਡਾ. ਸਚਦੇਵ ਨੇ ਦੱਸਿਆ ਕਿ ਪੀਏਯੂ ਲੁਧਿਆਣਾ ਦੇ ਸੰਬੰਧਤ ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ (ਭੋਜਨ ਅਤੇ ਸ਼ਿਲਪ ਵਸਤਾਂ) ਉਤਪਾਦਾਂ ਦੀ ਵਿਕਰੀ ਲਈ ਰੱਖੇ ਜਾਣਗੇ । ਕੁਦਰਤੀ ਫ਼ਲ ਜੂਸ, ਕੈਂਡੀਜ਼, ਅਚਾਰ, ਚਟਨੀਆਂ, ਮੁਰੱਬਾ, ਸ਼ਹਿਦ, ਬੇਕਰੀ ਉਤਪਾਦ, ਹਲਦੀ, ਡੇਅਰੀ ਅਤੇ ਮੀਟ ਉਤਪਾਦ, ਡੀਜ਼ਾਈਨਰ ਕੱਪੜੇ, ਸ਼ਿਲਪ ਕਲਾ ਵਸਤਾਂ, ਘਰੇਲੂ ਸਜਾਵਟ ਦਾ ਸਮਾਨ ਅਤੇ ਖੇਡਾਂ ਦਰਸ਼ਕਾਂ ਲਈ ਮੁੱਖ ਆਕਰਸ਼ਣ ਹੋਣਗੇ ।