ਬੋਤਿਆਂ ਤੋਂ ਬਾਅਦ ਕਿਸਾਨਾਂ ਨੇ ਬਲਦਾਂ ਦਾ ਮੋਹ ਵੀ ਤਿਆਗਿਆ

September 05 2017

 by:punjabitribune date:5 september 2017

ਮਾਰੂਥਲ ਦਾ ਜਹਾਜ਼ ਅਤੇ ਕਿਸਾਨ ਦਾ ਵੱਡਾ ਮਦਦਗਾਰ ਮੰਨੇ ਜਾਂਦੇ ਊਠ ਦਾ ਮੋਹ ਤਿਆਗਣ ਤੋਂ ਬਾਅਦ ਹੁਣ ਕਿਸਾਨਾਂ ਨੇ ਬਲਦਾਂ ਦਾ ਮੋਹ ਵੀ ਤਿਆਗ ਦਿੱਤਾ ਹੈ। ਕਦੇ ਜਿਹੜੇ ਪਿੰਡਾਂ ਦੇ ਖੇਤਾਂ ਵੱਲ ਜਾਂਦੀਆਂ ਪਹੀਆਂ ’ਤੇ ਕਈ ਨਗੌਰੀ ਬਲਦ ਦੌੜਦੇ ਸਨ, ਹੁਣ ਉੱਥੋਂ ਪੂਰੇ ਦਿਨ ਵਿੱਚ ਮੁਸ਼ਕਲ ਨਾਲ ਇੱਕ-ਦੋ ਬਲਦ ਹੀ ਲੰਘਦੇ ਹਨ।

ਪਿੰਡ ਜਟਾਣਾ ਖੁਰਦ ਵਿੱਚ ਦਸ ਸਾਲ ਪਹਿਲਾਂ ਡੇਢ ਸੌ ਕਿਸਾਨਾਂ ਕੋਲ ਬਲਦਾਂ ਦੀਆਂ ਜੋੜੀਆਂ ਹੁੰਦੀਆਂ ਸਨ, ਜੋ ਖੇਤਾਂ ਵਿੱਚ ਵਹਾਈ ਅਤੇ ਪੱਠੇ ਆਦਿ ਲੈ ਕੇ ਆਉਣ ਦਾ ਕੰਮ ਕਰਦੇ ਸਨ ਪਰ ਹੁਣ ਸਿਰਫ਼ ਛੇ ਘਰਾਂ ਕੋਲ ਹੀ ਇਕਹਿਰੇ ਬਲਦ ਹਨ। ਰਾਮਾਨੰਦੀ ਦੇ ਬਲਜੀਤਪਾਲ ਨੇ ਦੱਸਿਆ  ਕਿ ਉਨ੍ਹਾਂ ਦੇ ਪਿੰਡ ਵਿੱਚ ਬਲਦਾਂ ਦੀ ਗਿਣਤੀ ਤਿੰਨ ਸੌ ਤੋਂ ਘਟ ਕੇ ਪੰਦਰਾਂ ਰਹਿ ਗਈ ਹੈ। ਮੀਰਪੁਰ ਕਲਾਂ ਦੇ ਕਿਸਾਨ ਆਗੂ ਗੁਰਤੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬਲਦਾਂ ਦੀ ਗਿਣਤੀ ਦਸਵਾਂ ਹਿੱਸਾ ਵੀ ਨਹੀਂ ਰਹੀ। ਕੋਟੜਾ ਪਿੰਡ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਖੇਤਾਂ ਦੀਆਂ ਪਹੀਆਂ ਅਤੇ ਪਿੰਡ ਦੀਆਂ ਗਲੀਆਂ ਵਿੱਚ ਬਲਦਾਂ ਦੀ ਥਾਂ ਬੰਬੂਕਾਟ ਦੌੜਦੇ ਹਨ। ਜੌੜਕੀਆਂ ਪਿੰਡ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਖ ਸੜਕ ’ਤੇ ਵੱਸੇ ਹੋਣ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਦਰਜਨ ਕਿਸਾਨਾਂ ਕੋਲ ਹੀ ਬਲਦ ਬਚੇ ਹਨ। ਜਟਾਣਾ ਖੁਰਦ ਦੇ ਗੁਲਾਬ ਸਿੰਘ ਨੇ ਦੱਸਿਆ ਕਿ ਕਿਸਾਨਾਂ ਦਾ ਬਲਦਾਂ ਨਾਲ ਮੋਹ ਘਟਣ ਕਰਕੇ ਮੰਡੀਆਂ ਵਿੱਚੋਂ ਵੀ ਬਲਦ ਗਾਇਬ ਹੋ ਗਏ ਹਨ। ਉਨ੍ਹਾਂ ਦੱਸਿਆ ਹਰ ਐਤਵਾਰ ਫੱਗੂ ਅਤੇ ਸਰਦੂਲਗੜ੍ਹ ਵਿੱਚ ਲੱਗਣ ਵਾਲੀਆਂ ਪਸ਼ੂ ਮੰਡੀਆਂ ’ਚ ਹੁਣ ਬਲਦਾਂ ਦੀ ਇੱਕ ਵੀ ਜੋੜੀ ਵਿਕਰੀ ਲਈ ਨਹੀਂ ਆਉਂਦੀ।

ਅਜੇ ਤੱਕ ਵੀ ਬਲਦਾਂ ਤੋਂ  ਖੇਤੀ ਕੰਮਾਂ  ਵਿੱਚ ਮੱਦਦ ਲੈ ਰਹੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਬਲਦ ਦਾ ਕਿਸਾਨਾਂ ਨਾਲ ਲੰਮੇ ਸਮੇਂ ਤੋਂ ਰਿਸ਼ਤਾ ਰਿਹਾ ਹੈ। ਬਲਦਾਂ ਦਾ ਪਾਲਣ ਕਿਸਾਨਾਂ ਲਈ ਲਾਹੇਵੰਦ ਤੇ ਪੁੰਨ ਵਾਲਾ ਕਾਰਜ ਸੀ। ਉਨ੍ਹਾਂ ਕਿਹਾ ਕਿ ਬਲਦਾਂ ਨਾਲੋਂ ਕਿਸਾਨਾਂ ਦਾ ਮੋਹ ਤੇਜ਼ ਰਫ਼ਤਾਰ ਯੁੱਗ ਦੀਆਂ ਨਵੀਆਂ ਚੀਜ਼ਾਂ ਟਰੈਕਟਰ, ਮੋਟਰਸਾਈਕਲ ਆਦਿ ਨੇ ਤੁੜਵਾਇਆ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ