ਬੀਟੀ ਕੌਟਨ ਬੀਜਾਂ ਦੇ ਮਾਮਲੇ 'ਤੇ ਮੋਨਸੈਂਟੋ ਨੂੰ ਝਟਕਾ

April 13 2018

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅਮਰੀਕਾ ਆਧਾਰਤ ਐਗਰੋ ਕੰਪਨੀ ਮੋਨਸੈਂਟੋ ਤਕਨਾਲੋਜੀ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ’ਚ ਉਨ੍ਹਾਂ ਭਾਰਤ ’ਚ ਬੀਟੀ ਕੌਟਨ ਬੀਜਾਂ ’ਤੇ ਆਪਣਾ ਪੇਟੈਂਟ ਕਾਇਮ ਰੱਖਣ ਦੀ ਮੰਗ ਕੀਤੀ ਸੀ। ਜਸਟਿਸ ਐਸ ਰਵਿੰਦਰ ਭੱਟ ਤੇ ਯੋਗੇਸ਼ ਖੰਨਾ ਦੀ ਬੈਂਚ ਨੇ ਤਿੰਨ ਭਾਰਤੀ ਬੀਜ ਕੰਪਨੀਆਂ ਦੇ ਦਾਅਵਿਆਂ ਨੂੰ ਅੰਸ਼ਕ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਕਿ ਮੋਨਸੈਂਟੋ ਕੋਲ ਬੀਟੀ ਕੌਟਨ ਬੀਜਾਂ ਦਾ ਪੇਟੈਂਟ ਨਹੀਂ।

ਹਾਈਕੋਰਟ ਨੇ ਸਿੰਗਲ ਜੱਜ ਦੇ ਉਸ ਫ਼ੈਸਲੇ ਨੂੰ ਵੀ ਬਹਾਲ ਰੱਖਿਆ ਕਿ ਤਿੰਨ ਭਾਰਤੀ ਕੰਪਨੀਆਂ ਮੋਨਸੈਂਟੋ ਨੂੰ ਤੈਅਸ਼ੁਦਾ ਸਰਕਾਰੀ ਦਰਾਂ ਮੁਤਾਬਕ ਵਿਲੱਖਣਤਾ ਫੀਸ ਅਦਾ ਕਰਨ। ਮੋਨਸੈਂਟੋ ਆਪਣੀ ਬੀਜ ਤਕਨਾਲੋਜੀ ਦੀ ਵਰਤੋਂ ਲਈ ਜ਼ਿਆਦਾ ਫੀਸ ਮੰਗ ਰਹੀ ਸੀ।

ਦੋਵੇਂ ਧਿਰਾਂ ਨੇ ਸਿੰਗਲ ਜੱਜ ਦੇ ਫ਼ੈਸਲੇ ਨੂੰ ਡਿਵੀਜ਼ਨ ਬੈਂਚ ਮੂਹਰੇ ਚੁਣੌਤੀ ਦਿੱਤੀ ਸੀ। ਮੋਨਸੈਂਟੋ ਨੇ ਕੁਝ ਹਫ਼ਤਿਆਂ ਲਈ ਫ਼ੈਸਲੇ ਨੂੰ ਰੋਕਣ ਲਈ ਕਿਹਾ ਹੈ ਤਾਂ ਜੋ ਉਹ ਸੁਪਰੀਮ ਕੋਰਟ ’ਚ ਅਪੀਲ ਪਾ ਸਕੇ। ਹਾਈਕੋਰਟ ਨੇ ਫ਼ੈਸਲੇ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਪਰ ਅਮਰੀਕੀ ਕੰਪਨੀ ਨੂੰ ਸੁਪਰੀਮ ਕੋਰਟ ’ਚ ਅਪੀਲ ਦਾਖ਼ਲ ਕਰਨ ਦਾ ਸਰਟੀਫਿਕੇਟ ਦੇ ਦਿੱਤਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha