ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਅਗੇਤਾ ਝੋਨਾ ਬੀਜ ਸ਼ੁਰੂ ਕੀਤਾ ਵਿਰੋਧ

June 12 2018

ਬਰਨਾਲਾ: ਝੋਨੇ ਦੀ ਲੁਆਈ ਲਈ ਲੋੜੀਂਦੀ ਬਿਜਲੀ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਤੋਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰਦਿਆਂ ਐਕਸੀਅਨ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਬਿਜਲੀ ਦੀ ਮੰਗ ਪੂਰੀ ਨਹੀਂ ਹੁੰਦੀ ਧਰਨਾ ਲਗਾਤਾਰ ਜਾਰੀ ਰਹੇਗਾ। ਕਿਸਾਨ ਆਗੂ ਬਲੌਰ ਸਿੰਘ ਛੰਨਾ ਤੇ ਦਰਸ਼ਨ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇਗੀ ਤੇ ਸਰਕਾਰ ਵੱਲੋਂ ਝੋਨਾ ਵਾਹੁਣ ਆਏ ਅਧਿਕਾਰੀਆਂ ਦਾ ਵੀ ਘਿਰਾਓ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸਰਕਾਰ ਨੇ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸਰਕਾਰ ਦਾ ਤਰਕ ਹੈ ਕਿ ਅਗੇਤੀ ਬਿਜਾਈ ਨਾਲ ਜ਼ਮੀਨ ਹੇਠਲੇ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਤੇ ਅੱਗੇ ਬਾਰਿਸ਼ ਦੇ ਮੌਸਮ ਦਾ ਫਸਲਾਂ ਨੂੰ ਖਾਸ ਲਾਭ ਨਹੀਂ ਮਿਲਦਾ।

ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਸਲ ਪਾਲਣ ਲਈ 16 ਘੰਟੇ ਨਿਰਵਿਘਨ ਬਿਜਲੀ ਚਾਹੀਦੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ 20 ਤਾਰੀਖ਼ ਤੋਂ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਏਗੀ।

Source: ABP Sanjha