ਬਾਰਸ਼ ਮਗਰੋਂ ਗੜੇਮਾਰੀ ਦਾ ਕਹਿਰ, ਸੈਂਕੜੇ ਏਕੜ ਫ਼ਸਲ ਤਬਾਹ

October 03 2018

ਅੰਮ੍ਰਿਤਸਰ: ਭਾਰੀ ਬਾਰਸ਼ ਤੋਂ ਬਾਅਦ ਹੁਣ ਗੜੇਮਾਰੀ ਨੇ ਕਿਸਾਨਾਂ ਤੇ ਕਹਿਰ ਢਾਹ ਦਿੱਤਾ ਹੈ। ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਬਲਾਕ ਭਿੱਖੀਵਿੰਡ ਦੇ ਪਿੰਡ ਅਮਿਸ਼ਾਹ ਵਿੱਚ ਬੀਤੇ ਦਿਨੀਂ ਹੋਈ ਗੜੇਮਾਰੀ ਨੇ ਤਕਰੀਬਨ 1200 ਏਕੜ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਕਿਸਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਦਾ 60 ਫ਼ੀਸਦੀ ਤੋਂ ਵੱਧ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਕੀ ਗੜਿਆਂ ਕਾਰਨ ਝੋਨੇ ਦੇ ਸਿੱਟੇ ਝੜ੍ਹ ਚੁੱਕੇ ਹਨ ਤੇ ਦਾਣੇ ਹੇਠਾਂ ਖਿੱਲਰ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਾਰਸ਼ ਨਾਲ ਨੁਕਸਾਨ ਹੋਇਆ ਸੀ ਤੇ ਬੜੀ ਮੁਸ਼ਕਲ ਨਾਲ ਖੇਤਾਂ ਵਿੱਚੋਂ ਪਾਣੀ ਕੱਢ ਕੇ ਫਸਲ ਕੱਟਣ ਲਈ ਤਿਆਰ ਕੀਤੀ ਸੀ। ਇਸ ਗੜੇਮਾਰੀ ਨੇ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

ਕਿਸਾਨਾਂ ਨੇ ਰੋਸ ਜਤਾਉਂਦਿਆ ਕਿਹਾ ਕਿ ਪਹਿਲਾਂ ਕੁਦਰਤ ਨੇ ਮਾਰ ਪਾਈ ਹੈ, ਉੱਪਰੋਂ ਸਰਕਾਰ ਨੇ ਕਿਸਾਨਾਂ ਦੇ ਸਿਰ ਤੇ ਨੋਡਲ ਅਫ਼ਸਰ ਬਿਠਾ ਦਿੱਤੇ ਹਨ ਕਿ ਕੋਈ ਪਰਾਲੀ ਨਾ ਸਾੜ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਗੜੇਮਾਰੀ ਨਾਲ ਹੋਏ ਨੁਕਸਾਨ ਨੂੰ ਵੇਖਣ ਲਈ ਕੋਈ ਅਫਸਰ ਨਹੀਂ ਪਹੁੰਚਿਆ ਪਰ ਪਰਾਲੀ ਸਾੜਨ ਵੇਲੇ ਸਾਰੇ ਆ ਧਮਕਦੇ ਹਨ।

ਉੱਧਰ ਭਿੱਖੀਵਿੰਡ ਦੇ ਤਹਿਸੀਲਦਾਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਗੜੇਮਾਰੀ ਨਾਲ ਹੋਏ ਨੁਕਸਾਨ ਲਈ ਪਿੰਡ ਅਮੀਸ਼ਾਹ ਵੱਲ ਟੀਮ ਭੇਜੀ ਹੋਈ ਹੈ, ਜੋ ਸਾਰੀ ਸਥਿਤੀ ਦਾ ਜਾਇਜਾ ਲੈਕੇ ਕੀ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਜਾਇਜ਼ਾ ਪੂਰਾ ਹੋਣ ਤੇ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।

Source: ABP Sanjha