ਬਹੁਤਾ ਪਾਣੀ ਵੀ ਫਸਲਾਂ ਲਈ ਜ਼ਹਿਰ ਹੈ

April 16 2018

ਆਕਾਸ਼ ਤੱਤ ਇਕ ਅਜਿਹਾ ਤੱਤ ਹੈ, ਜੋ ਜੀਵਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਆਕਾਸ਼ ਤੱਤ (ਬੂਟਿਆਂ ਦਾ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦੇ ਫਰਕ) ਦੀ ਮਹੱਤਤਾ ਨੂੰ ਸਮਝਣ ਲਈ ਇਕ ਉਦਾਹਰਣ ਦਾ ਹਵਾਲਾ ਠੀਕ ਰਹੇਗਾ। ਮੰਨ ਲਓ ਇਕ ਕਮਰੇ ਵਿਚ 10 ਜਣੇ ਰਹਿ ਸਕਦੇ ਹਨ ਪਰ ਜੇਕਰ ਉਸ ਕਮਰੇ ਵਿਚ 100 ਜਣਿਆਂ ਨੂੰ ਰਹਿਣ ਲਈ ਮਜਬੂਰ ਕੀਤਾ ਜਾਵੇ ਤਾਂ ਉਨ੍ਹਾਂ ਦਾ ਕੀ ਬਣੇਗਾ, ਇਹ ਸਮਝਣਾ ਮੁਸ਼ਕਿਲ ਨਹੀਂ। ਠੀਕ ਇਸੇ ਤਰ੍ਹਾਂ ਹੀ ਫਸਲੀ ਪੌਦਿਆਂ ਦੀ ਆਕਾਸ਼ ਤੱਤ ਦੀ ਜ਼ਰੂਰਤ ਨੂੰ ਧਿਆਨ ਚ ਰੱਖ ਕੇ ਹੀ ਫਸਲਾਂ ਦੀ ਬਿਜਾਈ ਕੀਤੀ ਜਾਵੇ। ਹਰ ਇਕ ਫਸਲ ਦਾ ਪੂਰਾ ਤੇ ਮਿਆਰੀ ਝਾੜ ਲੈਣ ਲਈ ਇਹ ਜ਼ਰੂਰੀ ਹੈ ਕਿ ਫਸਲੀ ਪੌਦਿਆਂ ਦੀ ਮੁਕਾਬਲੇਬਾਜ਼ੀ ਘਟਾਈ ਜਾਵੇ।

ਇਹ ਮੁਕਾਬਲੇਬਾਜ਼ੀ 2 ਤਰ੍ਹਾਂ ਦੀ ਹੁੰਦੀ ਹੈ 1) ਬਾਹਰੀ 2) ਅੰਦਰੂਨੀ (Inter-crop and intra-crop) ਬਾਹਰੀ ਮੁਕਾਬਲੇਬਾਜ਼ੀ ਦਾ ਮਤਲਬ ਹੈ ਉਹ ਮੁਕਾਬਲੇਬਾਜ਼ੀ ਜਿਹੜੀ ਮੁੱਖ ਫਸਲ ਤੇ ਨਦੀਨਾਂ ਵਿਚ ਹੁੰਦੀ ਹੈ। ਅੰਦਰੂਨੀ ਮੁਕਾਬਲੇਬਾਜ਼ੀ ਦਾ ਮਤਲਬ ਹੈ ਮੁੱਖ ਫਸਲ ਦੇ ਪੌਦਿਆਂ ਦੀ ਆਪਸੀ ਮੁਕਾਬਲੇਬਾਜ਼ੀ। ਮਿਆਰੀ ਅਤੇ ਭਰਪੂਰ ਝਾੜ ਲੈਣ ਲਈ ਇਹ ਜ਼ਰੂਰੀ ਹੈ ਕਿ ਫਸਲਾਂ ਵਿਚ ਦੋਨੋਂ ਤਰ੍ਹਾਂ ਦੀ ਮੁਕਾਬਲੇਬਾਜ਼ੀ ਘੱਟ ਤੋਂ ਘੱਟ ਹੋਵੇ। ਉਹ ਕਿਸਾਨ ਜੋ ਆਕਾਸ਼ ਤੱਤ ਦੇ ਮਹੱਤਵ ਨੂੰ ਸਮਝ ਗਿਆ ਉਹ ਮਹਾਨ ਹੋ ਨਿਬੜੇਗਾ ਜਿਸ ਦਾ ਕੋਈ ਵੀ ਸਾਨੀ ਨਹੀਂ ਹੋ ਸਕਦਾ।

ਖੇਤੀ ਵਿਚ ਜੰਗਲ ਦੇ ਸਿਧਾਂਤ ਦੀ ਮਹੱਤਤਾ (Importance of Concept of Crop Biodiversity) ਅਜੋਕੇ ਕਿਸਾਨੀ ਸੰਕਟ ਦਾ ਜੇਕਰ ਕੋਈ ਹੱਲ ਹੈ ਤਾਂ ਉਹ ਹੈ ਖੇਤੀ ਵਿਚ ਜੰਗਲ ਦੇ ਸਿਧਾਂਤ ਨੂੰ ਅਪਨਾਉਣਾ। ਇਹ ਦੇਖਣ ਵਿਚ ਆਇਆ ਹੈ ਕਿ ਖੇਤੀ ਵਿਚ ਵੰਨ ਸੁਵੰਨਤਾ (diversification ) ਅਪਨਾਉਣ ਨਾਲ ਬਹੁਤ ਸਾਰੇ ਕਿਸਾਨ ਸਗੋਂ ਜ਼ਿਆਦਾ ਵੱਡੇ ਆਰਥਿਕ ਸੰਕਟ ਵਿਚ ਗ੍ਰਸੇ ਜਾਂਦੇ ਹਨ ਅਤੇ ਮੁੜ ਕੇ ਉਹ ਫਿਰ ਉਹੀ ਖੇਤੀ ਦਾ ਪੁਰਾਣਾ ਤਰੀਕਾ (Model) ਅਪਨਾਉਣ ਲਈ ਮਜਬੂਰ ਹੋ ਜਾਂਦੇ ਹਨ। ਜੰਗਲ ਤੇ ਸਿਧਾਂਤ ਵਿਚ three Layer Vegetation ਦੀ  Co-existance ਦੀ ਬਹੁਤ ਮਹੱਤਤਾ ਹੈ, ਜਿਸ ਵਿਚ ਜ਼ਮੀਨ ਦੀ ਸਤ੍ਹਾ ਤੇ ਰਹਿਣ ਵਾਲਾ ਘਾਹ, ਝਾੜੀਨੁਮਾ ਪੌਦੇ ਤੇ ਵੱਡੇ ਦਰੱਖਤ ਇਕ-ਦੂਸਰੇ ਤੇ ਨਿਰਭਰ ਰਹਿੰਦੇ ਹਨ ਤੇ ਆਪਸੀ ਲੋੜਾਂ ਨੂੰ ਪੂਰਾ ਕਰਦੇ ਹੋਏ ਜੀਵਨ ਚੱਕਰ ਨੂੰ ਪੂਰਾ ਕਰਦੇ ਹਨ। ਜੰਗਲ ਵਿਚ ਭਗਵਾਨ ਯਾਨੀ ਪੰਜ ਤੱਤਾਂ ਦੀ ਸਹੀ ਵਰਤੋਂ ਕੁਦਰਤੀ ਤੌਰ ਤੇ ਹੁੰਦੀ ਹੈ। ਇਸ ਲਈ ਜੰਗਲ ਨੂੰ ਨਾ ਤਾਂ ਰਸਾਇਣਕ ਖਾਦਾਂ ਦੀ ਲੋੜ ਹੁੰਦੀ ਹੈ ਤੇ ਨਾ ਹੀ ਜ਼ਹਿਰਾਂ ਦੀ ਜ਼ਰੂਰਤ ਹੁੰਦੀ ਹੈ। ਕਿਸਾਨਾਂ ਨੂੰ ਆਰਥਿਕ ਪੱਖੋਂ ਸਮਰੱਥ ਕਰਨ ਲਈ ਖੇਤੀ ਵਿਚ ਜੰਗਲ ਦਾ ਸਿਧਾਂਤ ਲਾਗੂ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਤਰ੍ਹਾਂ ਖੇਤੀ ਵਿਚ ਸਮੇਂ (ਕਾਲ) ਦੀ ਮਹੱਤਤਾ ਨੂੰ ਸਮਝਣ ਨਾਲ ਕਿਸਾਨ ਕਦੇ ਵੀ ਆਰਥਿਕ ਸੰਕਟ ਵਿਚ ਨਹੀਂ ਫਸੇਗਾ।

ਪੰਜਾਬ ਦੇ ਕਿਸਾਨ ਇਕ ਮਹਾਨ ਸੱਚ ਦੇ ਸਾਕਸ਼ੀ/ਗਵਾਹ ਹਨ। ਇਹ ਸੱਚ ਜਿਸ ਦਾ ਸਬੰਧ ਕਾਲ ਦੇ ਮਹੱਤਵ ਨਾਲ ਹੈ, ਜੋ ਮੱਕੀ ਨੇ ਉਜਾਗਰ ਕੀਤਾ ਹੈ। ਪੰਜਾਬ ਵਿਚ ਮੱਕੀ ਦੀਆਂ ਦੋ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਬਹਾਰ ਰੁੱਤ ਦੀ ਮੱਕੀ ਤੇ ਸਾਉਣੀ ਰੁੱਤ ਦੀ ਮੱਕੀ। ਇਕੋ ਕਿਸਮ ਦਾ ਬੀਜ ਵਰਤ ਕੇ ਅਤੇ ਬਾਕੀ ਸਭ ਕੁਝ ਇਕੋ ਜਿਹਾ ਰੱਖਣ ਦੇ ਬਾਵਜੂਦ ਬਹਾਰ ਰੁੱਤ ਦੀ ਮੱਕੀ ਦਾ ਝਾੜ ਸਾਉਣੀ ਰੁੱਤ ਦੀ ਮੱਕੀ ਨਾਲੋਂ ਡੇਢ ਤੋਂ ਦੋ ਗੁਣਾ ਜ਼ਿਆਦਾ ਨਿਕਲਦਾ ਹੈ। ਸਿਰਫ ਸਮਾਂ ਬਦਲਣ ਦੇ ਨਾਲ ਫਸਲ ਦਾ ਝਾੜ ਐਨਾ ਜ਼ਿਆਦਾ ਵਧਣਾ ਇਕ ਹੈਰਾਨੀਜਨਕ ਸੱਚ ਹੈ। ਇਸ ਸੱਚ ਨੂੰ ਦੂਜੀਆਂ ਫਸਲਾਂ ਲਈ ਵੀ ਉਜਾਗਰ ਕਰਨ ਦੀ ਲੋੜ ਹੈ। ਇਸ ਵਰਤਾਰੇ ਦਾ ਨਤੀਜਾ ਇਹ ਹੋਇਆ ਕਿ ਕੁਦਰਤ ਨੇ ਹਰ ਇਕ ਫਸਲ ਲਈ ਸਾਲ ਵਿਚ, ਇਕ ਇਹੋ ਜਿਹਾ ਸਮਾਂ ਮੁਕੱਰਰ ਕੀਤਾ ਹੋਇਆ ਹੈ ਜਿਸ ਨੂੰ ਲੱਭਣ ਨਾਲ ਉਸ ਫਸਲ ਦਾ ਝਾੜ, ਬਿਨਾਂ ਕੋਈ ਵਾਧੂ ਕਾਰਜ ਕੀਤਿਆਂ ਮੱਕੀ ਵਾਂਗ ਬਹੁਤ ਜ਼ਿਆਦਾ ਵਧ ਸਕਦਾ ਹੈ।

ਮੱਕੀ ਲਈ ਇਹ ਸਮਾਂ : ਜਨਵਰੀ-ਫਰਵਰੀ ਅਤੇ ਗੰਨੇ ਲਈ ਅਗਸਤ-ਸਤੰਬਰ ਹੈ। ਬਾਕੀ ਫਸਲਾਂ ਲਈ ਖੋਜ ਜਾਰੀ ਹੈ।

ਮੱਕੀ ਦੁਆਰਾ ਉਜਾਗਰ ਕੀਤੇ ਗਏ ਸੱਚ

1. ਹਰ ਇਕ ਫਸਲ ਲਈ ਅਸਲੀ ਸਮਾਂ ਲੱਭਣ ਦੀ ਲੋੜ ਹੈ।

2. ਖੇਤੀ ਵਿਚ ਰਸਾਇਣਕ ਖਾਦਾਂ ਦੀ ਕੋਈ ਲੋੜ ਹੀ ਨਹੀਂ ਹੈ।

3. ਖੇਤੀ ਵਿਚ ਬਹੁਤ ਹੀ ਘੱਟ ਪਾਣੀ ਦੀ ਜ਼ਰੂਰਤ ਹੈ।

ਇਸ ਸਿਸਟਮ ਰਾਹੀਂ ਵਿਗਿਆਨਕ ਨਜ਼ਰੀਏ ਰਾਹੀਂ ਖੇਤੀ ਦਾ ਕੁਦਰਤੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਆਧਾਰ ਕੁਦਰਤ ਵਲੋਂ ਪ੍ਰਦਾਨ ਪੰਜ ਤੱਤ ਹਨ।

ਗੁਡ ਗਰੋਅ ਕਰਾਪਿੰਗ ਸਿਸਟਮ

ਫਿਲਾਸਫੀ ਨੂੰ ਘੋਖਦਿਆਂ ਤੇ ਲਾਗੂ ਕਰਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਵਿਗਿਆਨਕ ਨਜ਼ਰੀਏ ਨਾਲ ਕੁਦਰਤ ਵਲੋਂ ਪ੍ਰਦਾਨ ਪੰਜਾਂ ਤੱਤਾਂ, ਭੂਮੀ, ਗਗਨ, ਵਾਯੂ, ਅਗਨੀ ਤੇ ਨੀਰ ਦੀ ਸੁਯੋਗ ਵਰਤੋਂ ਨਾਲ ਕਰਿਸ਼ਮਈ ਨਤੀਜੇ ਸਾਹਮਣੇ ਆ ਰਹੇ ਹਨ। ਇਸ ਸਿਧਾਂਤ ਨੂੰ ਮੁੱਖ ਰੱਖਦਿਆਂ ਪਿਛਲੇਰੇ 24-25 ਸਾਲਾਂ ਤੋਂ ਇਨ੍ਹਾਂ ਤੱਤਾਂ ਦੀ ਸੁਯੋਗ ਵਰਤੋਂ ਲਈ ਵੱਖ-ਵੱਖ (Combination) ਬਣਾ ਕੇ ਤਜਰਬੇ ਜਾਰੀ ਹਨ ਤੇ ਕੁਦਰਤੀ ਮਾਹੌਲ ਯਾਨਿ ਜੰਗਲਾਂ ਵਿਚ ਇਨ੍ਹਾਂ ਫਸਲਾਂ/ ਪੌਦਿਆਂ ਦੇ ਪਰਿਵਾਰ ਦਾ ਆਪਣਾ ਜੀਵਨਕਾਲ ਕਿਸ ਤਰ੍ਹਾਂ ਪੂਰਾ ਕੀਤਾ ਜਾਂਦਾ ਹੈ ਤੇ ਆਪਣੇ ਵੰਸ਼ ਨੂੰ ਕਿਵੇਂ ਅੱਗੇ ਵਧਾਇਆ ਜਾਂਦਾ ਹੈ ਨੂੰ ਸਮਝ ਕੇ ਮੁੱਖ ਰੱਖਿਆ ਜਾਂਦਾ ਹੈ। ਉਦਾਹਰਣ ਵਜੋਂ ਗੰਨੇ ਨੂੰ ਕੁਦਰਤ ਵਲੋਂ ਸਿੱਧਾ ਖੜ੍ਹਾ ਕੀਤਾ ਗਿਆ ਹੈ ਪਰ ਪ੍ਰਚੱਲਿਤ ਪ੍ਰੈਕਟਿਸ ਵਿਚ ਇਸ ਨੂੰ ਲੰਮਾ ਪਾ ਕੇ ਬੀਜਿਆ ਜਾਂਦਾ ਹੈ ਜੋ ਕਿ ਕੁਦਰਤ ਦੇ ਗੰਨਾ ਪੈਦਾ ਕਰਨ ਢੰਗ ਦੇ ਬਿਲਕੁਲ ਉਲਟ ਹੈ। ਇਸ ਪ੍ਰਕਾਰ ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਵੇਲ ਬਣਾ ਕੇ ਕੁਦਰਤ ਵਲੋਂ ਵਿਕਾਸ ਕੀਤਾ ਜਾਂਦਾ ਹੈ। ਸਿੱਧੇ ਖੜ੍ਹੇ ਕਰ ਕੇ ਨਹੀਂ। ਜੋ ਸਿੱਧ ਕਰਦਾ ਹੈ ਕਿ ਫਸਲੀ ਪੈਦਾਵਾਰ ਦੀ ਇਹ ਵਿਧੀ ਖੇਤੀ ਦਾ ਕੁਦਰਤੀਕਰਨ ਹੈ ਨਾ ਕਿ ਕੁਝ ਹੋਰ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani