ਪੰਜਾਬੀ ਕਿਸਾਨਾਂ ਨੇ ਗੱਡੇ ਆਸਟਰੇਲੀਆ 'ਚ ਝੰਡੇ

November 29 2017

ਸਿਡਨੀ: ਕਹਿੰਦੇ ਨੇ ਪੰਜਾਬੀ ਦੁਨੀਆ ਵਿੱਚ ਕਿਤੇ ਵੀ ਜਾਣ, ਆਪਣੀ ਸਫਲਤਾ ਦਾ ਝੰਡਾ ਗੱਡ ਹੀ ਦਿੰਦੇ ਹਨ। ਅਜਿਹੀ ਹੀ ਕੰਮ ਪੰਜਾਬੀਆਂ ਨੇ ਆਸਟਰੇਲੀਆ ਵਿੱਚ ਕਰ ਦਿਖਾਇਆ ਹੈ। ਗੰਨੇ ਤੇ ਕੇਲੇ ਦੀ ਕਾਸ਼ਤ ਤੋਂ ਬਾਅਦ ਹੁਣ ਬਲੂ ਬੇਰੀ ਦੀ ਖੇਤੀ ਵਿੱਚ ਪੰਜਾਬੀਆਂ ਨੇ ਵੱਡੀ ਮੱਲ ਮਾਰੀ ਹੈ।

ਆਸਟਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਦੇ ਮੱਧ-ਉੱਤਰੀ ਕਿਨਾਰੇ ਵਿੱਚ ਸਥਿਤ ਕੌਫਸ ਹਾਰਬਰ ਲੰਬੇ ਸਮੇਂ ਤੋਂ ਫਸਲਾਂ ਲਈ ਪ੍ਰਸਿੱਧ ਮੰਨਿਆ ਗਿਆ ਹੈ। ਹੁਣ ਇੱਥੇ ਮਹਿੰਗੇ ਭਾਅ ਵਿਕਦੀ ਬਲੂ ਬੇਰੀ ਦੇ ਲੰਬੇ ਚੌੜੇ ਖੇਤ ਦਿਖਾਈ ਦਿੰਦੇ ਹਨ ਜਦਕਿ ਪਹਿਲਾਂ ਇੱਥੇ ਗੰਨੇ ਤੇ ਕੇਲੇ ਦੇ ਫਾਰਮ ਸਨ। ਆਸਟਰੇਲੀਆ ਵਿੱਚ ਤੇਜ਼ੀ ਨਾਲ ਵਧ ਰਹੀ ਬਲੂ ਬੇਰੀ ਉਤਪਾਦ ਦੀ ਮੰਗ ਵਿੱਚ 85 ਫੀਸਦੀ ਤੋਂ ਜ਼ਿਆਦਾ ਹਿੱਸਾ ਇਕੱਲੇ ਕੌਫਸ ਹਾਰਬਰ ਦਾ ਹੈ।

ਸਹਿਕਾਰੀ ਗਰੁੱਪ ਬਣਾ ਕੇ ਕਰ ਰਹੇ ਖੇਤੀ-ਬਲੂ ਬੇਰੀ ਦੀ ਕਾਸ਼ਤ ਵਿੱਚ 140 ਪੰਜਾਬੀ ਕਿਸਾਨ ਸਹਿਕਾਰੀ ਗਰੁੱਪ ਬਣਾ ਕੇ ਤਾਲਮੇਲ ਨਾਲ ਕੰਮ ਕਰਦੇ ਹਨ। ਕਰੀਬ 750 ਹੈਕਟੇਅਰ ਰਕਬੇ ਵਿੱਚ ਬਲੂ ਬੇਰੀ ਦੀ ਖੇਤੀ ਹੁੰਦੀ ਹੈ, ਜਿਸ ਦਾ ਫੈਲਾਓ ਜਾਰੀ ਹੈ। ਸਾਲ 2016-17 ਵਿੱਚ ਉਨ੍ਹਾਂ ਦੇ ਅਦਾਰੇ ਦਾ ਉਤਪਾਦਨ ਕਰੀਬ 3,500 ਟਨ ਸੀ, ਜੋ ਤਕਰੀਬਨ ਨੌਂ ਕਰੋੜ ਡਾਲਰ ਦਾ ਕਾਰੋਬਾਰ ਰਿਹਾ ਹੈ। ਇਸ ਸਾਲ ਇਹ ਕਾਰੋਬਾਰ 11 ਕਰੋੜ ਡਾਲਰ ਤੋਂ ਪਾਰ ਹੋਣ ਦੇ ਆਸਾਰ ਹਨ।

ਬਲੂ ਬੇਰੀ ਦੀ ਕੀਮਤ-ਥੋਕ ਵਿੱਚ ਬਲੂ ਬੇਰੀ 15 ਤੋਂ 20 ਡਾਲਰ ਪ੍ਰਤੀ ਕਿਲੋ ਹੈ, ਜੋ 125 ਗਰਾਮ ਦੀ ਪੈਕਿੰਗ ਵਿੱਚ 2 ਤੋਂ 6 ਡਾਲਰ ਨੂੰ ਪ੍ਰਚੂਨ ਵਿੱਚ ਵਿਕਦੀ ਹੈ।ਇੰਨਾ ਦੇਸ਼ਾ ਨੂੰ ਕਰ ਰਹੇ ਨੇ ਸਪਲਾਈ-ਇਹ ਸਹਿਕਾਰੀ ਗਰੁੱਪ ਹੁਣ ਹਾਂਗਕਾਂਗ, ਸਿੰਗਾਪੁਰ, ਚੀਨ ਤੇ ਮੱਧ ਪੂਰਬ ਦੇਸ਼ਾਂ ਨੂੰ ਬਲੂ ਬੇਰੀ ਬਰਾਮਦ ਕਰ ਰਿਹਾ ਹੈ। ਇਸ ਦਾ ਘੇਰਾ ਇਨ੍ਹਾਂ ਬਾਜ਼ਾਰਾਂ ਤੋਂ ਇਲਾਵਾ ਭਾਰਤ ਵਰਗੇ ਹੋਰ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। ਇਸ ਫਸਲ ਦੀ ਕੀਮਤ ਜ਼ਿਆਦਾ ਹੋਣ ਦਾ ਕਾਰਨ ਪ੍ਰਤੀ ਏਕੜ ਲਾਗਤ ਖ਼ਰਚਾ ਵਧੇਰੇ ਹੋਣਾ ਹੈ।ਸਿਹਤ ਲਈ ਬੜੀ ਗੁਣਕਾਰੀ-ਕਰੀਬ ਚਾਰ ਸਾਲ ਪਹਿਲਾਂ ਅਮਰੀਕਾ ਵਿੱਚ ਕੀਤੀ ਖੋਜ ਵਿੱਚ ਬਲੂ ਬੇਰੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਐਂਟੀ-ਆਕਸੀਡੈਂਟ ਪਾਏ ਗਏ ਸਨ, ਜੋ ਬੁਢਾਪੇ, ਬਲੱਡ ਪ੍ਰੈਸ਼ਰ, ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਫਾਇਦੇਮੰਦ ਦੱਸੇ ਗਏ।

ਪੰਜਾਬ ਵਿੱਚ ਵੀ ਹੋ ਸਕਦੀ ਖੇਤੀ-ਪੰਜਾਬ ਵਿੱਚ ਹੁਸ਼ਿਆਰਪੁਰ ਦਾ ਨੀਮ ਪਹਾੜੀ ਅਤੇ ਹਿਮਾਚਲ ਦੀ ਕਾਂਗੜਾ ਵੈਲੀ ਵਿੱਚ ਜਿੱਥੇ ਤਾਪਮਾਨ 2 ਤੋਂ 35 ਡਿਗਰੀ ਦਰਮਿਆਨ ਰਹਿੰਦਾ ਹੈ, ਵਿੱਚ ਬਲੂ ਬੇਰੀ ਦੀ ਕਾਸ਼ਤ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਫਲੋਰੀਡਾ, ਕੈਲੇਫੋਰਨੀਆ ਤੇ ਯੂਬਾ ਅਤੇ ਕੈਨੇਡਾ ਦੇ ਐਬਸਫੋਰਡ, ਓਲੀਵਰ ਸ਼ਹਿਰ ਦੇ ਨੀਮ ਮੈਦਾਨੀ ਖੇਤਰਾਂ ਵਿੱਚ ਵੀ ਪੰਜਾਬੀਆਂ ਦੇ ਬਲੂ ਬੇਰੀ ਦੇ ਵੱਡੇ ਫਾਰਮ ਹਨ।

ਕੌਫਸ ਹਾਰਬਰ ਨੇੜੇ ਹੀ ਪੰਜਾਬੀਆਂ ਦਾ ਪਿੰਡ ਵੁਲਗੂਲਗਾ ਹੈ। ਸਮੁੰਦਰੀ ਪੈਸੇਫਿਕ ਤੱਟ ਨਾਲ ਕੌਮੀ ਸ਼ਾਹ ਮਾਰਗ ਦਾ ਇਹ ਨੇੜਲਾ ਖੇਤਰ ਹੈ। ਇੱਥੇ ਪੈਂਦੀਆਂ ਪਹਾੜੀਆਂ ਦੇ ਆਲੇ-ਦੁਆਲੇ ਛੋਟੀਆਂ ਬੱਦਲੀਆਂ ਬਣਦੀਆਂ ਹਨ। ਇਹ ਇੱਥੇ ਵਰ੍ਹ ਕੇ ਖੇਤਾਂ ਨੂੰ ਹਰਾ ਭਰਾ ਬਣਾਉਂਦੀਆਂ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha