ਪੰਜਾਬ ’ਚ 40 ਫ਼ੀਸਦੀ ਰਕਬਾ ਕਣਕ ਦੀ ਵੇਲੇ ਸਿਰ ਬਿਜਾਈ ਤੋਂ ਖੁੰਝਿਆ

November 15 2018

ਪੰਜਾਬ ਵਿਚ ਐਤਕੀਂ ਕਰੀਬ 40 ਫ਼ੀਸਦੀ ਰਕਬਾ ਕਣਕ ਦੀ ਵੇਲੇ ਸਿਰ ਬਿਜਾਈ ਤੋਂ ਖੁੰਝ ਗਿਆ ਹੈ ਜਿਸ ‘ਚ ਸਭ ਤੋਂ ਵੱਡੀ ਪਛੇਤ ਨਰਮਾ ਪੱਟੀ ਵਿਚ ਬਣੀ ਹੈ। ਖੇਤੀ ਮਹਿਕਮੇ ਵੱਲੋਂ ਜੋ ਬਿਜਾਈ ਦੇ ਤਾਜ਼ਾ ਵੇਰਵੇ ਲਏ ਗਏ ਹਨ। ਉਨ੍ਹਾਂ ਅਨੁਸਾਰ ਪੰਜਾਬ ਵਿਚ ਹੁਣ ਤੱਕ ਕਰੀਬ 55 ਫ਼ੀਸਦੀ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਹੈ। ਪੰਜਾਬ ਖੇਤੀ ਵਰਸਿਟੀ ਅਨੁਸਾਰ 15 ਨਵੰਬਰ ਤੱਕ ਦੇ ਸਮੇਂ ਨੂੰ ਕਣਕ ਦੀ ਬਿਜਾਂਦ ਲਈ ਢੁਕਵਾਂ ਦੱਸਿਆ ਜਾਂਦਾ ਹੈ। ਸਿਰਫ਼ ਇੱਕ ਦਿਨ ਹੀ ਬਚਿਆ ਹੈ। ਅਨੁਮਾਨ ਹੈ ਕਿ 15 ਨਵੰਬਰ ਤੱਕ ਪੰਜਾਬ ਵਿਚ ਸਿਰਫ਼ 60 ਫ਼ੀਸਦੀ ਰਕਬੇ ਵਿਚ ਹੀ ਬਿਜਾਈ ਹੋ ਸਕੇਗੀ। ਸਰਕਾਰੀ ਅੰਕੜੇ ਤਾਂ ਪਿਛਲੇ ਵਰ੍ਹੇ ਨਾਲੋਂ ਬਿਜਾਈ ਦਾ ਫ਼ਰਕ ਸਿਰਫ਼ ਦੋ ਫ਼ੀਸਦੀ ਹੀ ਪਿੱਛੇ ਦੱਸ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵਾਰ 34.80 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੋਣ ਦਾ ਅਨੁਮਾਨ ਹੈ। ਹੁਣ ਤੱਕ ਪੰਜਾਬ ਭਰ ਵਿਚ 18.98 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਹੈ ਜੋ ਕਿ ਕਰੀਬ 55 ਫ਼ੀਸਦੀ ਬਣਦੀ ਹੈ। ਬਠਿੰਡਾ ਜ਼ਿਲ੍ਹੇ ਵਿਚ ਹੁਣ ਤੱਕ 75 ਹਜ਼ਾਰ ਹੈਕਟੇਅਰ ਰਕਬੇ ਵਿਚ ਬਿਜਾਈ ਹੋਈ ਹੈ ਜਦੋਂ ਕਿ ਪਿਛਲੇ ਵਰ੍ਹੇ 14 ਨਵੰਬਰ ਤੱਕ 82 ਹਜ਼ਾਰ ਹੈਕਟੇਅਰ ਰਕਬੇ ਵਿਚ ਬਿਜਾਈ ਮੁਕੰਮਲ ਹੋ ਗਈ ਸੀ। ਫ਼ਰੀਦਕੋਟ ਜ਼ਿਲ੍ਹੇ ਵਿਚ ਪਿਛਲੇ ਵਰ੍ਹੇ ਇਸ ਤਰੀਕ ਤੱਕ 90 ਹਜ਼ਾਰ ਹੈਕਟੇਅਰ ਅਤੇ ਐਤਕੀਂ 82 ਹਜ਼ਾਰ ਹੈਕਟੇਅਰ ਰਕਬੇ ਵਿਚ ਬਿਜਾਈ ਮੁਕੰਮਲ ਹੋਈ ਹੈ। ਮੁਕਤਸਰ ਵਿਚ ਕਣਕ ਦੀ ਬਿਜਾਈ 1.12 ਲੱਖ ਹੈਕਟੇਅਰ ਰਕਬੇ ਵਿਚ ਹੋਈ ਹੈ। ਪੰਜਾਬ ਵਿਚ ਬਾਸਮਤੀ ਅਤੇ ਪੂਸਾ ਕਿਸਮ ਦੀ ਕਟਾਈ ਚੱਲ ਰਹੀ ਹੈ, ਜਿਸ ਦੇ ਰਕਬੇ ਵਿਚ ਬਿਜਾਈ ਹੋਰ ਪੱਛੜਨ ਦੀ ਸੰਭਾਵਨਾ ਹੈ। ਖੇਤੀ ਮਾਹਿਰ ਆਖਦੇ ਹਨ ਕਿ ਅਗਰ ਨਿਸ਼ਚਿਤ ਸਮੇਂ ਤੋਂ ਕਣਕ ਦੀ ਬਿਜਾਂਦ ਇੱਕ ਹਫ਼ਤਾ ਪੱਛੜਦੀ ਹੈ ਤਾਂ ਕਣਕ ਦੇ ਝਾੜ ’ਤੇ ਇੱਕ ਤੋਂ ਡੇਢ ਕੁਇੰਟਲ ਦਾ ਅਸਰ ਪਵੇਗਾ। ਮੋਗਾ ਅਤੇ ਮਾਨਸਾ ਵਿਚ ਬਿਜਾਈ ਪਿਛਲੇ ਵਰ੍ਹੇ ਦੀ ਚਾਲ ਨਾਲ ਚੱਲਣ ਦੀ ਗੱਲ ਆਖੀ ਜਾ ਰਹੀ ਹੈ। ਮਾਝੇ ਵਿਚ ਬਿਜਾਈ ਸਮੇਂ ਸਿਰ ਹੋਣ ਦਾ ਅਨੁਮਾਨ ਹੈ। ਪੰਜਾਬ ਵਿਚ ਸੰਗਰੂਰ, ਫ਼ਿਰੋਜ਼ਪੁਰ, ਬਰਨਾਲਾ, ਫ਼ਾਜ਼ਿਲਕਾ, ਲੁਧਿਆਣਾ, ਪਠਾਨਕੋਟ, ਨਵਾਂ ਸ਼ਹਿਰ, ਜਲੰਧਰ, ਹੁਸ਼ਿਆਰਪੁਰ ਵਿਚ ਕਣਕ ਦੀ ਬਿਜਾਈ ਪੱਛੜੀ ਹੈ। ਖੇਤੀ ਮਹਿਕਮੇ ਦੀ ਸਬਸਿਡੀ ਵਾਲੀ ਕਣਕ ਲੈਣ ਲਈ ਵੀ ਕਿਸਾਨ ਕਤਾਰ ਵਿਚ ਲੱਗੇ ਹੋਏ ਹਨ ਅਤੇ ਖੇਤੀ ਮਹਿਕਮੇ ਵੱਲੋਂ ਪੰਜਾਬ ਭਰ ਵਿਚ 2.80 ਲੱਖ ਕੁਇੰਟਲ ਕਣਕ ’ਤੇ ਸਬਸਿਡੀ ਦਿੱਤੀ ਜਾਣੀ ਹੈ। ਕਿਸਾਨ ਇਸ ਗੱਲੋਂ ਦੁਖੀ ਹਨ ਕਿ ਬਾਜ਼ਾਰ ਵਿਚ ਉਸੇ ਕਿਸਮ ਦੀ ਕਣਕ ਦਾ ਭਾਅ ਘੱਟ ਹੈ ਜਦੋਂ ਕਿ ਸਬਸਿਡੀ ਵਾਲੀ ਕਣਕ ਮਹਿੰਗੀ ਪੈ ਰਹੀ ਹੈ। ਮੁਕਤਸਰ ਦੇ ਪਿੰਡ ਦੋਦਾ ਦੇ ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਸਬਸਿਡੀ ਵਾਲੀ ਕਣਕ ਲਈ ਖੱਜਲਖੁਆਰੀ ਹੋ ਰਹੀ ਹੈ ਅਤੇ ਬਾਜ਼ਾਰੂ ਕਣਕ ਨਾਲੋਂ ਸਬਸਿਡੀ ਵਾਲੀ ਕਣਕ ਵੱਧ ਰੇਟ ’ਤੇ ਮਿਲ ਰਹੀ ਹੈ। ਵੇਰਵਿਆਂ ਅਨੁਸਾਰ ਇਸ ਵਰ੍ਹੇ ਪੰਜਾਬ ਵਿਚ ਝੋਨਾ 10 ਤੋਂ 15 ਦਿਨ ਪਛੜ ਕੇ ਲੱਗਿਆ ਹੈ ਜਿਸ ਦੇ ਅਸਰ ਹੁਣ ਸਾਹਮਣੇ ਆ ਰਹੇ ਹਨ। ਸਰਕਾਰੀ ਸਖ਼ਤੀ ਕਰਕੇ ਕਿਸਾਨਾਂ ਨੇ ਪਰਾਲੀ ਵੀ ਪਿਛਲੇ ਵਰ੍ਹੇ ਨਾਲੋਂ ਘੱਟ ਸਾੜੀ ਹੈ। ਕਿਸਾਨ ਹੁਣ ਬਿਜਾਈ ਨੂੰ ਲੈ ਕੇ ਰਫ਼ਤਾਰੀ ਗੇੜ ਵਿਚ ਪਏ ਹੋਏ ਹਨ।

ਨਰਮਾ ਪੱਟੀ ’ਚ ਬਿਜਾਈ ਪਿੱਛੇ: ਬੈਂਸ

ਖੇਤੀ ਮਹਿਕਮੇ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਸਬਸਿਡੀ ਵਾਲਾ ਕਣਕ ਦਾ ਬੀਜ ਸਰਟੀਫਾਈਡ ਹੈ ਤੇ ਗਰੇਡਿੰਗ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਣਕ ਦੀ ਬਿਜਾਈ 55 ਫ਼ੀਸਦੀ ਹੋ ਚੁੱਕੀ ਹੈ ਅਤੇ ਭਲਕ ਤੱਕ 65 ਫ਼ੀਸਦੀ ਤੱਕ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਨਰਮਾ ਪੱਟੀ ਪਿੱਛੇ ਚੱਲ ਰਹੀ ਹੈ ਜਿਸ ਦਾ ਝਾੜ ‘ਤੇ ਅਸਰ ਪੈਣਾ ਸੁਭਾਵਿਕ ਹੈ।

Source: Punjabi Tribune