ਪੰਜਾਬ ਸਰਕਾਰ ਨੇ ਵਧਾਇਆ ਸਿਰਫ 10 ਰੁਪਏ ਗੰਨੇ ਦਾ ਭਾਅ!

November 28 2017

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਗੰਨੇ ਦੇ ਭਾਅ ਵਿੱਚ ਪ੍ਰਤੀ ਕੁਇੰਟਲ 10 ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ 285 ਰੁਪਏ ਤੋਂ ਲੈ ਕੇ 300 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲੇ ਗੰਨੇ ਦੇ ਭਾਅ ਵਿੱਚ 10 ਰੁਪਏ ਵਾਧਾ ਹੋ ਗਿਆ ਹੈ। ਜਦਕਿ ਹਰਿਆਣਾ ਵਿੱਚ ਪਹਿਲਾਂ ਹੀ ਗੰਨੇ ਦਾ ਭਾਅ 330 ਰੁਪਏ ਕੁਇੰਟਲ ਹੈ।

ਪੰਜਾਬ ‘ਚ ਪਿਛਲੇ ਤਕਰੀਬਨ ਚਾਰ ਸਾਲਾਂ ਤੋਂ ਗੰਨੇ ਦੇ ਭਾਅ ‘ਚ ਕੋਈ ਵਾਧਾ ਨਹੀਂ ਹੋਇਆ ਸੀ। ਡੀਜ਼ਲ ਦਾ ਭਾਅ ਤੇ ਲੇਬਰ ਖਰਚਾ ਬਹੁਤ ਵਧਣ ਕਾਰਨ ਕਿਸਾਨ ਘੱਟੋ-ਘੱਟ 350 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਭਾਅ ਦੀ ਮੰਗ ਕਰ ਰਹੇ ਹਨ। ਗੰਨੇ ਦਾ ਭਾਅ ਵਧਾਉਣ ਲਈ ਗੰਨਾ ਕਾਸ਼ਤਕਾਰਾਂ ਨੇ 27 ਨਵੰਬਰ ਨੂੰ ਸ਼ੁਰੂ ਹੋ ਰਹੇ ਅਸਬੰਲੀ ਦੇ ਇਜਲਾਸ ਦੌਰਾਨ ਪੰਜਾਬ ਅਸੰਬਲੀ ਨੂੰ ਘੇਰਨ ਦਾ ਐਲਾਨ ਕੀਤਾ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਵੇਲਾ-ਵਿਹਾਅ ਚੁੱਕੀ ਮਸ਼ੀਨਰੀ ਤੇ ਭ੍ਰਿਸ਼ਟਾਚਾਰ ਕਾਰਨ ਜੇਕਰ ਮਿੱਲਾਂ ਘਾਟੇ ‘ਚ ਜਾ ਰਹੀਆਂ ਹਨ ਤਾਂ ਇਸ ਦਾ ਬੋਝ ਕਿਸਾਨ ਉੱਪਰ ਕਿਉਂ ਸੁੱਟਿਆ ਜਾ ਰਿਹਾ ਹੈ। ਉਹ ਇਹ ਵੀ ਕਹਿੰਦੇ ਹਨ ਕਿ 70 ਫੀਸਦੀ ਗੰਨਾ ਨਿੱਜੀ ਮਿੱਲਾਂ ਵਾਲੇ ਖਰੀਦ ਰਹੇ ਹਨ। ਸਰਕਾਰ ਉਨ੍ਹਾਂ ਨੂੰ ਘੱਟ ਮੁੱਲ ਉੱਪਰ ਗੰਨਾ ਚੁਕਵਾਉਣ ਲਈ ਕਿਉਂ ਬਜ਼ਿੱਦ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੱਲ ਰਹੀਆਂ 7 ਨਿੱਜੀ ਖੰਡ ਮਿੱਲਾਂ ਕੁੱਲ ਗੰਨੇ ਦਾ ਕਰੀਬ 70 ਫੀਸਦੀ ਖਰੀਦਦੀਆਂ ਹਨ। ਇਹ ਮਿੱਲਾਂ ਰਾਜਸੀ ਪਾਰਟੀਆਂ ਨਾਲ ਸਬੰਧਤ ਵੱਡੇ ਰਾਜਸੀ ਨੇਤਾਵਾਂ ਦੀ ਮਾਲਕੀ ਵਾਲੀਆਂ ਹਨ। ਨਿੱਜੀ ਖੰਡ ਮਿੱਲਾਂ ਕਿਸਾਨਾਂ ਨੂੰ ਘੱਟ ਭਾਅ ਦਿੱਤੇ ਜਾਣ ਕਾਰਨ ਵੱਡੇ ਮੁਨਾਫੇ ਕਮਾ ਰਹੀਆਂ ਹਨ ਪਰ ਸਰਕਾਰ ਸਹਿਕਾਰੀ ਖੰਡ ਮਿੱਲਾਂ ਦੇ ਘਾਟੇ ‘ਚ ਹੋਣ ਦਾ ਰੋਣਾ ਪਾ ਕੇ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਲੁੱਟ ਕਰ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha