ਪੰਜਾਬ ਸਣੇ ਪੂਰੇ ਦੇਸ਼ 'ਚ ਪੱਛੜੀ ਫ਼ਸਲਾਂ ਦੀ ਬਿਜਾਈ

July 09 2018

ਚੰਡੀਗੜ੍ਹ: ਪੰਜਾਬ ਸਣੇ ਪੂਰੇ ਦੇਸ਼ ਵਿੱਚ ਇਸ ਵਾਰ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਪਛੜ ਕੇ ਚੱਲ ਰਹੀ ਹੈ। ਪੰਜਾਬ ਵਿੱਚ ਇਸ ਵਾਰ ਸਰਕਾਰ ਨੇ 20 ਜੂਨ ਤੋਂ ਝੋਨੇ ਦੀ ਲੁਆਈ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਇਲਾਵਾ ਲੇਬਰ ਦੀ ਘਾਟ ਤੇ ਬਾਰਸ਼ ਨਾ ਪੈਣ ਕਰਕੇ ਫ਼ਸਲਾਂ ਦੀ ਬਿਜਾਈ ਪਛੜ ਗਈ ਹੈ।

ਉਂਝ ਇਹ ਹਾਲ ਇਕੱਲੇ ਪੰਜਾਬ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਦੇਸ਼ ਵਿੱਚ ਹੋ ਰਹੀ ਬੇਹਿਸਾਬੀ ਬਾਰਸ਼ ਕਾਰਨ ਚਾਲੂ ਸਾਲ ਦੇ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਪਛੜ ਕੇ ਚੱਲ ਰਹੀ ਹੈ। ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਲੁਆਈ ਹਾਲੇ 67.25 ਲੱਖ ਹੈਕਟੇਅਰ ਰਕਬੇ ਵਿੱਚ ਹੋਈ ਹੈ ਜੋ ਬੀਤੇ ਸਾਲ ਨਾਲੋਂ 15 ਫ਼ੀਸਦੀ ਘੱਟ ਹੈ।

ਖੇਤੀ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਕਿਸਾਨਾਂ ਨੇ ਸਾਉਣੀ ਦੀਆਂ ਦੂਜੀਆਂ ਫ਼ਸਲਾਂ ਜਿਵੇਂ ਮੋਟੇ ਅਨਾਜ, ਦਾਲਾਂ, ਤੇਲ ਬੀਜਾਂ ਤੇ ਨਰਮੇ ਦੀ ਬਿਜਾਈ ਵੀ ਬੀਤੇ ਸਾਲ ਨਾਲੋਂ ਘੱਟ ਰਕਬੇ ਵਿੱਚ ਕੀਤੀ ਹੈ। ਗ਼ੌਰਤਲਬ ਹੈ ਕਿ ਸਾਉਣੀ ਦੀਆਂ ਫ਼ਸਲਾਂ ਦੀ ਲੁਆਈ ਤੇ ਬਿਜਾਈ ਦੱਖਣ-ਪੱਛਮੀ ਮੌਨਸੂਨ ਦੀ ਆਮਦ ਨਾਲ ਜੂਨ ਮਹੀਨੇ ਸ਼ੁਰੂ ਹੋ ਜਾਂਦੀ ਹੈ। ਇਸ ਵਰ੍ਹੇ ਤਾਂ ਮੌਨਸੂਨ ਆਮ ਨਾਲੋਂ ਕਰੀਬ ਦੋ ਹਫ਼ਤੇ ਪਹਿਲਾਂ 29 ਜੂਨ ਨੂੰ ਹੀ ਸਮੁੱਚੇ ਦੇਸ਼ ਵਿੱਚ ਪੁੱਜ ਚੁੱਕੀ ਸੀ।

ਬੀਤੇ ਸਾਲ ਦੇਸ਼ ਵਿੱਚ ਝੋਨਾ 79.08 ਹੈਕਟੇਅਰ ਰਕਬੇ ਵਿੱਚ ਲਾਇਆ ਗਿਆ ਸੀ ਪਰ ਇਸ ਵਰ੍ਹੇ ਇਹ ਹਾਲੇ 67.25 ਲੱਖ ਹੈਕਟੇਅਰ ਰਕਬੇ ਵਿੱਚ ਹੀ ਲੱਗਾ ਹੈ। ਝੋਨੇ ਦੀ ਲੁਆਈ ਛੱਤੀਸਗੜ੍ਹ ਵਿੱਚ 4.26 ਲੱਖ ਹੈਕਟੇਅਰ, ਯੂਪੀ ’ਚ 3.47 ਲੱਖ, ਪੰਜਾਬ ’ਚ 2.77 ਲੱਖ, ਮੱਧ ਪ੍ਰਦੇਸ਼ ਵਿੱਚ 1.60, ਉੜੀਸਾ ’ਚ 1.55, ਹਰਿਆਣਾ ’ਚ 1.03 ਤੇ ਮਨੀਪੁਰ ’ਚ ਵੀ 1.03 ਲੱਖ ਹੈਕਟੇਅਰ ਘੱਟ ਹੋਈ ਹੈ।

Source: ABP Sanjha