ਪੰਜਾਬ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਘਟੀ: ਡਾ. ਢਿੱਲੋਂ

October 30 2017

 Date: 30 oct 2017

ਲੁਧਿਆਣਾ 30 ਅਕਤੂਬਰ- ਫਸਲਾਂ ’ਤੇ ਕੀਟਾਂ ਦੇ ਹਮਲਿਆਂ ਨੂੰ ਰੋਕਣ ਲਈ ਵਰਤੇ ਜਾਂਦੇ ਕੀਟਨਾਸ਼ਕਾਂ ਦੀ ਮਿਕਦਾਰ ਅਤੇ ਉਨ੍ਹਾਂ ਦੇ ਮਨੁੱਖੀ ਸਿਹਤ ਉੱਪਰ ਅਸਰ ਸਬੰਧੀ ਇੱਥੇ ਦਿੱਲੀ ਤੋਂ ਆਏ ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਹੈਲਥ ਮੈਨੇਜਮੈਂਟ ਦੇ ਡਾਇਰੈਕਟਰ ਜਨਰਲ ਡਾ. ਜੀ.ਜਿਆਲਕਸ਼ਮੀ, ਪਲਾਂਟ ਹੈਲਥ ਮੈਨੇਜਮੈਂਟ ਦੇ ਨਿਰਦੇਸ਼ਕ ਡਾ. ਕੇ ਵਿਜੇ ਲਕਸ਼ਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ। ਡਾ. ਢਿੱਲੋਂ ਨੇ ਦੱਸਿਆ ਕਿ ਸਾਲ 2016-17 ਵਿੱਚ ਪੰਜਾਬ ਰਾਜ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਲਗਾਤਾਰ ਘਟੀ ਹੈ। ਇਸ ਦਾ ਮੁੱਖ ਕਾਰਨ ਸਹੀ ਤਕਨਾਲੋਜੀ, ਕੀਟਨਾਸ਼ਕਾਂ ਦੀ ਸਹੀ ਮਿਕਦਾਰ ਅਤੇ ਇਸ ਦੀ ਸਹੀ ਸਮੇਂ ਵਰਤੋਂ ਪ੍ਰਤੀ ਜਗਾਈ ਚੇਤਨਾ ਹੈ। ਡਾ. ਜਿਆਲਕਸ਼ਮੀ ਨੇ ਦੱਸਿਆ ਕਿ ਉਹ ਇੱਥੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਨਾਲ ਸਬੰਧਿਤ ਪ੍ਰਾਜੈਕਟ ਦੀ ਕੌਮੀ ਪੱਧਰ ਦੀ ਰੀਵਿਊ ਮੀਟਿੰਗ ਵਿੱਚ ਹਿੱਸਾ ਲੈਣ ਲਈ ਆਏ ਹਨ। ਇਸ ਪ੍ਰਾਜੈਕਟ ਨੂੰ ਖੇਤੀਬਾੜੀ ਅਤੇ ਕੋਆਪਰੇਟਿਵ  ਵਿਭਾਗ ਅਤੇ ਖੇਤੀਬਾੜੀ ਮੰਤਰਾਲੇ ਦੀ ਸਰਪ੍ਰਸਤੀ ਹਾਸਿਲ ਹੈ। ਇਸ ਦਾ ਮੁੱਖ ਉਦੇਸ਼ ਅਜਿਹੀ ਸੰਯੁਕਤ ਕੀਟ ਪ੍ਰਬੰਧਨ ਪ੍ਰਣਾਲੀ ਵਿਕਸਤ ਕਰਨਾ ਹੈ ਤਾਂ ਜੋ ਕਈ ਤਰ੍ਹਾਂ ਦੇ ਕੀਟਾਂ ਨਾਲ ਨਜਿੱਠਣ ਲਈ ਸਮੁੱਚੀ ਵਿਧੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਦਿਸ਼ਾ ਵਿੱਚ ਅਨੇਕਾਂ ਨਵੀਆਂ ਖੋਜਾਂ ਹੋ ਰਹੀਆਂ ਹਨ ਜੋ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕੀਟਨਾਸ਼ਕਾਂ ਦੀ ਮਾਤਰਾ ਨੂੰ ਲਗਾਤਾਰ ਘਟਾ ਰਹੀਆਂ ਹਨ। ਇਹ ਸੰਯੁਕਤ ਕੀਟ ਪ੍ਰਬੰਧਨ ਪ੍ਰਣਾਲੀ ਕਈ ਫਸਲਾਂ ਉੱਤੇ ਅਧਿਐਨ ਅਧੀਨ ਹੈ। ਉਨ੍ਹਾਂ ਖਾਸ ਕਰਕੇ ਟਮਾਟਰ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਇਸ ਫਸਲ ਸਬੰਧੀ ਅਧਿਐਨ ਦੇ ਨਤੀਜੇ ਤਸੱਲੀਬਖਸ਼ ਹਨ। ਪਲਾਂਟ ਹੈਲਥ ਮੈਨੇਜਮੈਂਟ ਦੀ ਨਿਰਦੇਸ਼ਕ ਡਾ.ਕੇ ਵਿਜੇ ਲਕਸ਼ਮੀ ਨੇ ਕਿਹਾ ਕਿ ਦੇਸ਼ ਦੇ ਕਈ ਰਾਜਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਵੱਧ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Punjabi tribune