ਪੰਜਾਬ ਨੇ ਖੇਤੀ ਵਿਕਾਸ ਰਾਹੀਂ ਕੀ ਖੱਟਿਆ, ਕੀ ਗਵਾਇਆ

December 19 2017

 ਡਾ. ਰਣਜੀਤ ਸਿੰਘ- ਪੰਜਾਬ ਵਿੱਚ ਜਿਸ ਤੇਜ਼ੀ ਨਾਲ ਖੇਤੀ ਦਾ ਵਿਕਾਸ ਹੋਇਆ। ਅਜਿਹਾ ਸੰਸਾਰ ਦੇ ਹੋਰ ਕਿਸੇ ਵੀ ਖਿੱਤੇ ਵਿੱਚ ਨਹੀਂ ਹੋਇਆ। ਇਸੇ ਕਰਕੇ ਇਸ ਵਿਕਾਸ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ। ਪੰਜਾਬ ਕੋਲ ਦੇਸ਼ ਦਾ ਕੇਵਲ ਡੇਢ ਫ਼ੀਸਦੀ ਰਕਬਾ ਹੈ ਜਦੋਂਕਿ ਦੇਸ਼ ਦੇ ਅੰਨ ਭੰਡਾਰ ਵਿੱਚ ਇੱਥੋਂ ਲਗਪਗ 60 ਫ਼ੀਸਦੀ ਕਣਕ ਅਤੇ 40 ਫ਼ੀਸਦੀ ਚੌਲ ਜਾਂਦੇ ਹਨ। ਇੱਥੋਂ ਦੇ ਕਿਸਾਨ ਦੇਸ਼ ਦੀ 18 ਫ਼ੀਸਦੀ ਕਣਕ 12 ਫ਼ੀਸਦੀ ਚੌਲ ਅਤੇ 6 ਫ਼ੀਸਦੀ ਕਪਾਹ ਪੈਦਾ ਕਰਦੇ ਹਨ। ਇਹ ਚਮਤਕਾਰੀ ਵਾਧਾ ਕੇਵਲ ਫ਼ਸਲਾਂ ਵਿੱਚ ਹੀ ਨਹੀਂ ਹੋਇਆ ਸਗੋਂ ਦੂਜੇ ਖੇਤਰਾਂ ਵਿੱਚ ਵੀ ਹੋਇਆ। ਮੱਝਾਂ ਅਤੇ ਗਾਵਾਂ ਦੇ ਨਸਲ ਸੁਧਾਰ ਸਦਕਾ ਦੁੱਧ ਦਾ ਉਤਪਾਦਨ ਜਿਹੜਾ 1950 ਵਿੱਚ ਕੇਵਲ 15 ਲੱਖ ਟਨ ਸੀ ਹੁਣ ਉਹ 108 ਲੱਖ ਟਨ ਹੋ ਗਿਆ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ 1025 ਗ੍ਰਾਮ ਦੁੱਧ ਪ੍ਰਤੀ ਦਿਨ ਹਿੱਸੇ ਆਉਂਦਾ ਹੈ ਜਿਹੜਾ ਕਿ ਸਾਰੇ ਸੂਬਿਆਂ ਤੋਂ ਵੱਧ ਹੈ। ਇਸੇ ਤਰ੍ਹਾਂ ਸ਼ਹਿਦ ਅਤੇ ਖੁੰਭਾਂ ਦੀ ਉਪਜ ਵਿੱਚ ਵੀ ਪੰਜਾਬ 37 ਫ਼ੀਸਦੀ ਹਿੱਸਾ ਪਾ ਕੇ ਸਾਰੇ ਸੂਬਿਆਂ ਤੋਂ ਅੱਗੇ ਹੈ। ਪੰਜਾਬ ਵਿੱਚ ਲਗਪਗ ਸਾਰਾ ਵਾਹੀਯੋਗ ਰਕਬਾ ਸੇਂਜੂ ਹੈ ਅਤੇ ਇਸ ਸਮੇਂ ਕਿਸਾਨਾਂ ਦੇ ਆਪਣੇ ਕੋਈ 14 ਲੱਖ ਟਿਊਬਵੈਲ ਹਨ। ਪੰਜਾਬ ਦੀ ਸਾਰੀ ਖੇਤੀ ਮਸ਼ੀਨਾਂ ਨਾਲ ਹੁੰਦੀ ਹੈ। ਪੰਜਾਬ ਦੇ ਕਿਸਾਨਾਂ ਕੋਲ ਕੋਈ 4.7  ਲੱਖ ਟਨ ਟ੍ਰੈਕਟਰ ਹਨ। ਹਰੇ ਇਨਕਲਾਬ ਤੋਂ ਪਹਿਲਾਂ ਪੰਜਾਬ ਵਿੱਚ ਕਣਕ 10 ਲੱਖ ਟਨ ਪੈਦਾ ਹੁੰਦੀ ਸੀ ਜਿਹੜੀ ਕਿ (1917) ਵਿੱਚ 160.68 ਲੱਖ ਟਨ ਹੋਈ। ਇਸੇ ਤਰ੍ਹਾਂ ਝੋਨੇ ਦੀ ਉਪਜ ਇੱਕ ਲੱਖ ਟਨ ਤੋਂ ਵਧ ਕੇ 178 ਲੱਖ ਟਨ ਹੋਈ। ਇਹ ਵਾਧਾ ਹਰ ਸਾਲ ਹੋ ਰਿਹਾ ਹੈ।

ਆਜ਼ਾਦੀ ਮਿਲਣ ਸਮੇਂ ਦੇਸ਼ ਵਿੱਚ ਅਨਾਜ ਦੀ ਘਾਟ ਸੀ ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ ਤਾਂ ਭੁੱਖਮਰੀ ਦੀ ਨੌਬਤ ਆ ਗਈ ਸੀ। ਉਦੋਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੋਰਾਂ ਤਾਂ ਲੋਕਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਵਰਤ ਰੱਖਣ ਦੀ ਵੀ ਅਪੀਲ ਕੀਤੀ ਸੀ। ਬੰਦਰਗਾਹਾਂ ਉੱਤੇ ਅਮਰੀਕਾ ਤੋਂ ਆ ਰਹੇ ਕਣਕ ਦੇ ਜਹਾਜ਼ਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਇਹ ਵੀ ਭਵਿੱਖਬਾਣੀ ਸੀ ਕਿ ਭਾਰਤ ਵਿੱਚ ਅਕਾਲ ਪੈ ਜਾਵੇਗਾ ਜਿਸ ਕਰਕੇ ਖਾਨਾਜੰਗੀ ਸ਼ੁਰੂ ਹੋ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ, ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਸਾਂਝੇ ਯਤਨਾਂ ਨਾਲ ਇਹ ਇਨਕਲਾਬ ਸਿਰਜਿਆ ਗਿਆ। ਇੱਕ ਦਹਾਕੇ ਵਿੱਚ ਦੇਸ਼ ਕੇਵਲ ਅਨਾਜ ਵਿੱਚ ਹੀ ਆਤਮ-ਨਿਰਭਰ ਨਹੀਂ ਹੋਇਆ ਸਗੋਂ ਵਿਦੇਸ਼ਾਂ ਨੂੰ ਅਨਾਜ ਭੇਜਣ ਦੇ ਵੀ ਸਮਰੱਥ ਹੋ ਸਕਿਆ ਹੈ।

ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ। ਰੱਜਵੀਂ ਰੋਟੀ ਖਾਣ ਪਿੱਛੋਂ ਹੀ ਮਨੁੱਖ ਆਪਣੀ ਪੂਰੀ ਸ਼ਕਤੀ ਨਾਲ ਕੰਮ ਕਾਜ ਕਰ ਸਕਦਾ ਹੈ। ਦੇਸ਼ ਵਿੱਚ ਵਿਕਾਸ ਦੇ ਦੂਜੇ ਕਾਰਜ ਵੀ ਉਦੋਂ ਹੀ ਸੰਭਵ ਹੋ ਸਕਦੇ ਹਨ ਜਦੋਂ ਅਨਾਜ ਵਿੱਚ ਆਤਮ ਨਿਰਭਰਤਾ ਹੋਵੇ। ਹਰੀ ਕ੍ਰਾਂਤੀ ਪਿਛੋਂ ਹੀ ਦੇਸ਼ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਹੋਏ। ਅਨਾਜ ਵਿੱਚ ਆਤਮ ਨਿਰਭਰਤਾ ਕਰਕੇ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣੀ ਹੋਈ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇੱਥੋਂ ਦੀ ਘੱਟੋ-ਘੱਟ 60 ਫ਼ੀਸਦੀ ਵਸੋਂ ਖੇਤੀ ਉੱਤੇ ਨਿਰਭਰ ਕਰਦੀ ਹੈ। ਖੇਤੀ ਵਿਕਾਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਜਿਸ ਨਾਲ ਉਨ੍ਹਾਂ ਦੀ ਖ਼ਰੀਦ ਸ਼ਕਤੀ ਵਿੱਚ ਵੀ ਵਾਧਾ ਹੋਇਆ।

ਖੇਤੀ ਵਿਕਾਸ ਨੇ ਪਿੰਡਾਂ ਦੇ ਵਿਕਾਸ ਨੂੰ ਤੇਜ਼ ਕੀਤਾ। ਪਿੰਡਾਂ ਦੀਆਂ ਸੜਕਾਂ ਬਣੀਆਂ, ਬਿਜਲੀ ਆਈ ਅਤੇ ਲੋਕਾਂ ਨੂੰ ਚੰਗਾ ਜੀਵਨ ਜੀਉਣ ਦੀ ਸੋਝੀ ਆਈ। ਇਸ ਨਾਲ ਰੁਜ਼ਗਾਰ ਦੇ ਵਸੀਲਿਆਂ ਵਿੱਚ ਵੀ ਵਾਧਾ ਹੋਇਆ। ਪਿੰਡਾਂ ਵਿੱਚ ਮੰਡੀਆਂ ਬਣੀਆਂ, ਦੁਕਾਨਾਂ ਹੋਂਦ ਵਿੱਚ ਆਈਆਂ, ਖੇਤੀ ਮਸ਼ੀਨਰੀ, ਘਰੋਗੀ ਸਾਮਾਨ ਦੀ ਮੁਰੰਮਤੀ ਦੇ ਸੇਵਾ ਕੇਂਦਰ ਖੁੱਲ੍ਹੇ। ਪਿੰਡਾਂ, ਕੱਚੇ ਰਾਹਾਂ ’ਤੇ ਕੱਚੇ ਘਰਾਂ ਦੀ ਥਾਂ ਪੱਕੇ ਰਾਹਾਂ ’ਤੇ ਪੱਕੇ ਘਰਾਂ ਨੇ ਲਈ। ਮਸ਼ੀਨਾਂ ਦੇ ਆਉਣ ਨਾਲ ਸਖ਼ਤ ਕੰਮਾਂ ਵਿੱਚ ਸੁਖਾਲ ਹੋਈ। ਪਿੰਡ ਵਾਸੀਆਂ ਵਿੱਚ ਜਾਗ੍ਰਤੀ ਆਈ ਤੇ ਉਨ੍ਹਾਂ ਨੇ ਵਿੱਦਿਆ ਦੀ ਲੋੜ ਮਹਿਸੂਸ ਕੀਤੀ ਤੇ ਬੱਚਿਆਂ ਨੂੰ ਸਕੂਲ ਭੇਜਣਾ ਸ਼ੁਰੂ ਕੀਤਾ। ਗ਼ਰੀਬੀ ਦੀ ਦਲਦਲ ਵਿੱਚੋਂ ਨਿਕਲ ਉਨ੍ਹਾਂ ਨੂੰ ਵੀ ਚੰਗੇ ਦਿਨ ਨਸੀਬ ਹੋਏ। ਰਾਜਨੀਤਕ ਚੇਤਨਾ ਅਤੇ ਆਪਣੇ ਹੱਕਾਂ ਪ੍ਰਤੀ ਸੋਝੀ ਆਈ। ਰਵਾਇਤੀ ਖੇਤੀ ਵਿੱਚੋਂ ਨਿਕਲ ਕੇ ਵਪਾਰਕ ਖੇਤੀ ਦਾ ਰੁਝਾਨ ਵਧਿਆ।

ਹਰੀ ਕ੍ਰਾਂਤੀ ਦਾ ਵਿਰੋਧ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਦੀਆਂ ਪ੍ਰਾਪਤੀਆਂ ਵੱਲ ਗ਼ੌਰ ਕਰਨ। ਜਦੋਂ ਤਬਦੀਲੀ ਆਉਂਦੀ ਹੈ ਤਾਂ ਬਹੁਤ ਕੁਝ ਬਦਲ ਜਾਂਦਾ ਹੈ। ਪੰਜਾਬ ਦੇ ਸਾਹਮਣੇ ਪੇਸ਼ ਮੁਸ਼ਕਿਲਾਂ ਨੂੰ ਹਰੀ ਖੇਤੀ ਨਾਲ ਜੋੜਨਾ ਨਹੀਂ ਚਾਹੀਦਾ, ਸਗੋਂ ਦੂਜੇ ਪੱਖਾਂ ਦੀ ਘੋਖ ਜ਼ਰੂਰੀ ਹੈ। ਕਿਸਾਨਾਂ ਦੇ ਕੇਵਲ 14 ਲੱਖ ਟਿਊਬਵੈੱਲ ਹਨ ਜਿਹੜੇ ਛੋਟੇ ਹਨ ਅਤੇ ਲੋੜ ਵੇਲੇ ਹੀ ਚਲਦੇ ਹਨ ਜਦੋਂਕਿ ਦੂਜੇ ਖੇਤਰਾਂ ਵਿੱਚ ਇਨ੍ਹਾਂ ਦੀ ਗਿਣਤੀ 25 ਲੱਖ ਤੋਂ ਵੱਧ ਹੈ ਜਿਹੜੇ ਵੱਡੇ ਹਨ ਅਤੇ ਹਮੇਸ਼ਾਂ ਚਲਦੇ ਹਨ। ਜਿੱਥੋਂ ਤਕ ਰਸਾਇਣਾਂ ਦੀ ਵਰਤੋਂ ਦਾ ਸਬੰਧ ਹੈ। ਰੋਜ਼ਾਨਾ ਜੀਵਨ ਵਿੱਚ ਇਨ੍ਹਾਂ ਤੋਂ ਕਿਤੇ ਵੱਧ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫੈਕਟਰੀਆਂ, ਵਾਹਨ ਅਤੇ ਇਨਸਾਨੀ ਮਲਮੂਤਰ ਅਤੇ ਖਾਣ ਦੀਆਂ ਵਸਤਾਂ ਵਿੱਚ ਮਿਲਾਵਟ ਵਾਤਾਵਰਨ ਅਤੇ ਮਨੁੱਖੀ ਸਿਹਤ ਦਾ ਕਿਤੇ ਵੱਧ ਨੁਕਸਾਨ ਕਰ ਰਹੇ ਹਨ।

ਜਦੋਂ ਤਰੱਕੀ ਹੁੰਦੀ ਹੈ ਤਾਂ ਆਰਥਿਕ ਤਬਦੀਲੀ ਦੇ ਨਾਲੋ-ਨਾਲ ਸਮਾਜਿਕ ਤਬੀਲੀ ਵੀ ਆਉਂਦੀ ਹੈ। ਵਿਕਾਸ ਨਾਲ ਸੁੱਖ ਸਹੂਲਤਾਂ ਵਿੱਚ ਵਾਧਾ ਹੁੰਦਾ ਹੈ, ਇਸ ਦੇ ਲਈ ਕੀਮਤ ਤਾਂ ਚੁਕਾਉਣੀ ਹੀ ਪੈਂਦੀ ਹੈ। ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਹਰੇ ਇਨਕਲਾਬ ਦਾ ਜਿੱਥੇ ਲਾਭ ਹੋਇਆ, ਉੱਥੇ ਉਨ੍ਹਾਂ ਨੂੰ ਕੁਰਬਾਨੀ ਵੀ ਦੇਣੀ ਪਈ। ਸਿੰਜਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫ਼ਸਲੀ ਹੋ ਗਈ ਜਿਸ ਕਾਰਨ ਧਰਤੀ ਹੇਠਲੇ ਪਾਣੀ ਅਤੇ ਧਰਤੀ ਵਿਚਲੇ ਖ਼ੁਰਾਕੀ ਤੱਤਾਂ ਦੀ ਵਧੇਰੇ ਲੋੜ ਪਈ। ਇਸ ਨਤੀਜੇ ਵਜੋਂ ਧਰਤੀ ਹੇਠਲਾ ਪਾਣੀ ਘੱਟ ਹੋ ਰਿਹਾ ਹੈ। ਆਬਾਦੀ ਵਿੱਚ ਹੋ ਰਿਹਾ ਵਾਧਾ ਵੀ ਇਸ ਲਈ ਜ਼ਿੰਮੇਵਾਰ ਹੈ। ਕਿਸਾਨਾਂ ਨੂੰ ਹੁਣ ਡੂੰਘੇ ਟਿਊਬਵੈੱਲ ਲਗਾਉਣੇ ਪੈ ਰਹੇ ਹਨ। ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਰਸਾਇਣਕ ਖਾਦਾਂ ਦੀ ਲੋੜ ਪਈ ਹੈ। ਸੰਘਣੀ ਖੇਤੀ ਹੋਣ ਕਾਰਨ ਨਦੀਨਾਂ, ਬਿਮਾਰੀਆਂ ਅਤੇ ਕੀੜਿਆਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਸ਼ੁਰੂ ਹੋਈ। ਬੇਲੋੜੀ ਜਾਂ ਗ਼ਲਤ ਵਰਤੋਂ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਣ ਵਧਿਆ ਹੈ। ਪੰਜਾਬ ਵਿੱਚ ਖੇਤੀ ਦਾ ਸੰਪੂਰਨ ਮਸ਼ੀਨੀਕਰਨ ਹੋ ਚੁੱਕਾ ਹੈ। ਇਸ ਨਾਲ ਡੰਗਰਾਂ ਦੀ ਗਿਣਤੀ ਬਹੁਤ ਘਟ ਗਈ ਹੈ। ਇਸ ਕਾਰਨ ਸੂਬੇ ਵਿੱਚ ਲੋੜ ਅਨੁਸਾਰ ਰੂੜੀ ਪ੍ਰਾਪਤ ਨਹੀਂ ਹੈ। ਫ਼ਸਲਾਂ ਦੀ ਰਹਿੰਦ ਨੂੰ ਡੰਗਰਾਂ ਦੇ ਚਾਰੇ ਲਈ ਵਰਤਿਆ ਜਾਂਦਾ ਸੀ। ਹੁਣ ਇਸ ਦੀ ਸਾਂਭ-ਸੰਭਾਲ ਸਮੱਸਿਆ ਬਣ ਗਈ ਹੈ। ਖੇਤੀ ਮਸ਼ੀਨਰੀ ਮਹਿੰਗੀ ਹੋਣ ਕਰਕੇ ਕਿਸਾਨਾਂ ਨੂੰ ਕਰਜ਼ਾ ਲੈਣ ਪੈਂਦਾ ਹੈ। ਇਸ ਨੂੰ ਮੋੜਨਾ ਉਨ੍ਹਾਂ ਲਈ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਲਈ ਮੁਸ਼ਕਿਲ ਹੋ ਰਿਹਾ ਹੈ।

ਖੇਤੀ ਲੋੜਾਂ ਦੀਆਂ ਕੀਮਤਾਂ ਵਿੱਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸੇ ਅਨੁਸਾਰ ਖੇਤੀ ਉਪਜ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਲਗਾਤਾਰ ਕਮੀ ਹੋ ਰਹੀ ਹੈ ਤੇ ਉਹ ਆਰਥਿਕ ਸੰਕਟ ਵਿੱਚ ਘਿਰ ਰਹੇ ਹਨ। ਸਹੂਲਤਾਂ ਵਿੱਚ ਵਾਧੇ ਕਾਰਨ ਇੱਕ-ਦੂਜੇ ਉੱਤੇ ਨਿਰਭਰਤਾ ਘਟ ਗਈ ਹੈ, ਇੰਜ ਭਾਈਚਾਰਕ ਸਾਂਝ ਕਮਜ਼ੋਰ ਹੋ ਗਈ ਹੈ। ਇਸ ਦਾ ਸਮਾਜਿਕ ਕਦਰਾਂ-ਕੀਮਤਾਂ ਉੱਤੇ ਵੀ ਅਸਰ ਪਿਆ ਹੈ। ਖੇਤੀ ਵਿਕਾਸ ਦੇ ਅਗਲੇ ਪੜਾਅ ਉੱਤੇ ਜਾਣ ਲਈ ਸਰਕਾਰੀ ਨੀਤੀਆਂ ਦੀ ਘਾਟ ਕਾਰਨ ਕਿਸਾਨਾਂ ਨੂੰ ਮਜਬੂਰ ਹੋ ਕੇ ਕਣਕ-ਝੋਨਾ ਫ਼ਸਲ ਚੱਕਰ ਹੀ ਕਈ ਦਹਾਕਿਆਂ ਤੋਂ ਅਪਨਾਉਣਾ ਪੈ ਰਿਹਾ ਹੈ। ਇਸ ਵਿੱਚ ਕਿਸਾਨਾਂ ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਕੋਈ ਚੁਣੌਤੀ ਨਹੀਂ ਹੈ। ਕਿਸਾਨਾਂ ਵਿੱਚ ਵਿਹਲ ਵਧ ਰਹੀ ਹੈ ਤੇ ਨੌਜਵਾਨ ਖੇਤੀ ਤੋਂ ਮੁੱਖ ਮੋੜ ਰਹੇ ਹਨ। ਪੰਜਾਬੀਆਂ ਵਿੱਚ ਵਿਖਾਵੇ ਲਈ ਫ਼ਜ਼ੂਲ ਖ਼ਰਚੀ ਵਿੱਚ ਵਾਧਾ ਹੋ ਰਿਹਾ ਹੈ। ਗ਼ਰੀਬ ਕਿਸਾਨਾਂ ਨੂੰ ਵੀ ਲੋਕ ਲਾਜ ਖ਼ਾਤਰ ਵਿਤੋਂ ਵੱਧ ਖ਼ਰਚ ਕਰਨਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਅਸਰ ਕਿਸਾਨ ਉੱਤੇ ਵੀ ਪੈ ਰਿਹਾ ਹੈ। ਉਸ ਨੂੰ ਨਕਲੀ ਜ਼ਹਿਰਾਂ, ਮਿਲਾਵਟੀ ਖਾਦਾਂ ਤੇ ਕਈ ਵਾਰ ਨਕਲੀ ਬੀਜ ਲੈਣੇ ਪੈਂਦੇ ਹਨ। ਆਬਾਦੀ ਦੇ ਵਾਧੇ ਕਾਰਨ ਦੇਸ਼ ਵਿੱਚ ਅਨਾਜ ਦੀ ਲੋੜ ਵਿੱਚ ਵੀ ਵਾਧਾ ਹੋ ਰਿਹਾ ਹੈ। ਸਰਕਾਰ ਵੀ ਨਹੀਂ ਚਾਹੁੰਦੀ ਕਿ ਪੰਜਾਬੀ ਕਿਸਾਨ ਕਣਕ-ਝੋਨੇ ਦੇ ਫ਼ਸਲ ਚੱਕਰ ਵਿੱਚੋਂ ਨਿਕਲ ਕੇ ਵੱਧ ਆਮਦਨ ਅਤੇ ਵੱਧ ਮਿਹਨਤ ਵਾਲੀਆਂ ਫ਼ਸਲਾਂ ਤੇ ਦੂਜੇ ਕਿੱਤਿਆਂ ਵੱਲ ਮੁੱਖ ਮੁੜੇ।

ਪੰਜਾਬ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਦੇਸ਼ ਵਿੱਚੋਂ ਭੁੱਖਮਰੀ ਨੂੰ ਦੂਰ ਕੀਤਾ ਹੈ। ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇ। ਪੰਜਾਬ ਦੇ ਕਿਸਾਨਾਂ ਉੱਤੇ ਉਹ ਪ੍ਰੋਗਰਾਮ ਅਤੇ ਸਕੀਮਾਂ ਨਾ ਥੋਪੀਆਂ ਜਾਣ ਜਿਹੜੀਆਂ ਕਿ ਦੂਜੇ ਰਾਜਾਂ ਲਈ ਬਣਾਈਆਂ ਜਾਂਦੀਆਂ ਹਨ। ਕੇਂਦਰੀ ਰਾਜਾਂ ਦੀ ਖੇਤੀ ਉੱਥੇ ਖੜ੍ਹੀ ਹੈ ਜਿੱਥੇ ਪੰਜਾਬ ਅੱਜ ਤੋਂ ਅੱਧੀ ਸਦੀ ਪਹਿਲਾਂ ਹੁੰਦਾ ਸੀ। ਪੰਜਾਬ ਲਈ ਵਿਸ਼ੇਸ਼ ਪੈਕੇਜ਼ ਦੀ ਲੋੜ ਹੈ ਤਾਂ ਜੋ ਉਹ ਖੇਤੀ ਦੇ ਅਗਲੇ ਪੜਾਅ ਵੱਲ ਮੁੱਖ ਮੋੜੇ ਅਤੇ ਆਪਣੀ ਆਮਦਨ ’ਚ ਵਾਧਾ ਕਰ ਸਕੇ। ਅੰਨਦਾਤੇ ਨੂੰ ਜੀਉਣ ਦਾ ਹੱਕ ਹੈ, ਜੇ ਉਸ ਦੀ ਬਾਂਹ ਨਾ ਫੜੀ ਗਈ ਤਾਂ ਉਹ ਹਾਲਾਤ ਤੋਂ ਮਜਬੂਰ ਖ਼ੁਦਕੁਸ਼ੀ ਕੋਈ ਗ਼ਲਤ ਕਦਮ ਉਠਾਉਣਗੇ।ਂ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABp Sanjha