ਪੰਜਾਬ ਦੇ ਵਡੇਰੇ ਹਿੱਤਾਂ ਵਿੱਚ ਹੈ ਝੋਨੇ ਦੀ ਪੀ ਆਰ 126 ਕਿਸਮ : ਪੀਏਯੂ ਮਾਹਰ

October 11 2017

 ਲੁਧਿਆਣਾ 11 ਅਕਤੂਬਰ-

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਰਾਈਸ ਬਰੀਡਰ ਡਾ. ਜੀ.ਐਸ. ਮਾਂਗਟ ਨੇ ਇੱਥੇ ਝੋਨੇ ਦੀ ਕਿਸਮ ਪੀ ਆਰ 126 ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ । ਉਨ•ਾਂ ਦੱਸਿਆ ਕਿ ਪੀ ਆਰ 126 ਕਿਸਮ ਨੂੰ ਸਾਲ 2016 ਦੌਰਾਨ ਸਟੇਟ ਵਰਾਇਟੀ ਅਪਰੂਵਲ ਕਮੇਟੀ ਅਤੇ ਪੰਜਾਬ ਮਿਲਰਜ਼ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਦੀ ਸਹਿਮਤੀ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਤਕਰੀਬਨ 200 ਕੁਇੰਟਲ ਬੀਜ ਤਜਰਬੇ ਦੇ ਤੌਰ ਤੇ ਵੰਡਿਆ । ਖੇਤ, ਲੈਬਾਰਟਰੀ ਪ੍ਰੀਖਣਾਂ ਅਤੇ ਪੰਜਾਬ ਮਿਲਰਜ਼ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੇ ਮਿਲਿੰਗ ਟਰਾਇਲਾਂ ਦੇ ਅਧਾਰ ਤੇ ਸਟੇਟ ਵਰਾਇਟੀ ਅਪਰੂਵਲ ਕਮੇਟੀ ਨੇ ਪੀ ਆਰ 126 ਕਿਸਮ ਨੂੰ ਕਾਸ਼ਤ ਲਈ 2017 ਵਿੱਚ ਪ੍ਰਵਾਨਗੀ ਦਿੱਤੀ।

ਸਾਲ 2016 ਦੌਰਾਨ ਇਸ ਕਿਸਮ ਦੇ ਘੱਟ ਸਮੇਂ ਵਿੱਚ ਵਧੀਆ ਝਾੜ ਦੇਣ ਕਾਰਣ ਕਿਸਾਨਾਂ ਨੇ ਇਸ ਕਿਸਮ ਨੂੰ ਚੱਲ ਰਹੇ ਸੀਜ਼ਨ (2017) ਦੌਰਾਨ ਵੱਡਾ ਹੁੰਗਾਰਾ ਭਰਿਆ । ਇਸ ਸਾਲ ਇਸ ਹੇਠ ਰਕਬੇ ਵਿੱਚ ਕਾਫ਼ੀ ਵਾਧਾ ਦੇਖਣ ਨੂੰ ਮਿਲਿਆ, ਭਾਵੇਂ ਕਿ ਸਭ ਤੋਂ ਵੱਧ ਰਕਬਾ ਪੀ ਆਰ 121 ਹੇਠ ਹੈ, ਹੋਰ ਪ੍ਰਮੁੱਖ ਕਿਸਮਾਂ ਪੂਸਾ 44, ਪੀ ਆਰ 124, ਪੀ ਆਰ 114 ਆਦਿ ਹਨ।

ਪੀ ਆਰ 126 ਕਿਸਮ ਦੇ ਕੁੱਲ ਚੌਲਾਂ ਦੀ ਮਾਤਰਾ ਪੀ ਆਰ 121, ਪੀ ਆਰ 124, ਪੀ ਆਰ 118 ਦੇ ਬਰਾਬਰ ਹੈ ਅਤੇ ਬਾਕੀ ਕਿਸਮਾਂ ਨਾਲੋਂ ਬਿਹਤਰ ਹੈ । ਇੱਥੇ ਇਹ ਵੀ ਵਰਨਣਯੋਗ ਹੈ ਕਿ ਪੀ ਆਰ 114 ਅਤੇ ਪੀ ਆਰ 118 ਕਿਸਮਾਂ ਕਾਫ਼ੀ ਹਰਮਨ-ਪਿਆਰੀਆਂ ਰਹੀਆਂ ਹਨ । ਸਾਲ 2001 ਦੌਰਾਨ ਪੀ ਆਰ 114 ਕਿਸਮ ਨੂੰ 40% ਅਤੇ ਪੀ ਆਰ 118 ਕਿਸਮ ਨੂੰ 2011 ਦੌਰਾਨ 15% ਰਕਬੇ ਉੱਪਰ ਕਾਸ਼ਤ ਕੀਤਾ ਗਿਆ । ਇਨ•ਾਂ ਕਿਸਮਾਂ ਦੀ ਮਿਲਿੰਗ ਸਬੰਧੀ ਕੋਈ ਮੁੱਦਾ ਨਹੀਂ ਪਾਇਆ ਗਿਆ। ਪ੍ਰੰਤੂ ਪੀ ਆਰ 118 ਕਿਸਮ ਦੇ ਪੱਕਣ ਲਈ ਲੰਮਾ ਸਮਾਂ ਲੈਣ ਕਾਰਨ ਯੂਨੀਵਰਸਿਟੀ ਨੇ ਸਾਲ 2016 ਤੋਂ ਬੀਜ ਪੈਦਾ ਕਰਨਾ ਬੰਦ ਕਰ ਦਿੱਤਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਾਈਸ ਬਰੀਡਿੰਗ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਦਾ ਮੁਨਾਫ਼ਾ ਵਧਾਉਣਾ, ਰਾਸ਼ਟਰੀ ਭੋਜਨ ਸੁਰੱਖਿਆ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹੈ । ਪੀ ਆਰ 126 ਕਿਸਮ ਇਨ•ਾਂ ਸਾਰੇ ਉਦੇਸ਼ਾਂ ਦੀ ਪੂਰਤੀ ਕਰ ਰਹੀ ਹੈ । ਇਹ ਕਿਸਮ, ਪੂਸਾ 44 ਅਤੇ ਪੀ ਆਰ 118 ਨਾਲੋਂ ਤਕਰੀਬਨ ਇੱਕ ਮਹੀਨਾ ਅਤੇ ਪੀ ਆਰ 121, ਪੀ ਆਰ 124, ਪੀ ਆਰ 114 ਨਾਲੋਂ 2 ਹਫ਼ਤੇ ਪੱਕਣ ਲਈ ਘੱਟ ਸਮਾਂ ਲੈਂਦੀ ਹੈ । ਇਹ ਕਿਸਮ ਵਧੇਰੇ ਝਾੜ ਦੇਣ ਵਾਲੀ ਹੈ ਅਤੇ ਘੱਟ ਸਮਾਂ ਲੈਣ ਕਾਰਣ ਇਸ ਤੋਂ ਪਹਿਲਾਂ ਗਰਮ ਰੁੱਤ ਦੀ ਮੂੰਗੀ ਜਾਂ ਖਰਬੂਜਿਆਂ ਆਦਿ ਦੀ ਵਾਧੂ ਫ਼ਸਲ ਲਈ ਜਾ ਸਕਦੀ ਹੈ ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋਵੇਗੀ । ਇਸੇ ਤਰਾਂ ਘੱਟ ਸਮੇਂ ਵਿੱਚ ਪੱਕਣ ਕਰਕੇ ਇਹ ਕਿਸਮ ਪਾਣੀ ਅਤੇ ਹੋਰ ਰਸਾਇਣਾਂ ਦੀ ਬੱਚਤ ਵੀ ਕਰੇਗੀ । ਪੀ ਆਰ 126 ਕਿਸਮ ਦੇ ਘੱਟ ਸਮਾਂ ਲੈਣ ਕਰਕੇ ਇਸ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਕਾਫ਼ੀ ਮੌਕਾ ਮਿਲ ਜਾਂਦਾ ਹੈ । ਬਾਇਓਮਾਸ ਘੱਟ ਹੋਣ ਕਰਕੇ ਇਹ ਪਰਾਲੀ ਨੂੰ ਸੰਭਾਲਣ ਵਾਲੀ ਮਸ਼ੀਨਰੀ ਦੀ ਵਰਤੋਂ ਵਿੱਚ ਵੀ ਸਹਾਈ ਹੋਵੇਗੀ । ਇੱਥੇ ਇਹ ਵੀ ਵਰਨਣਯੋਗ ਹੈ ਕਿ ਪੀ ਆਰ 126 ਕਿਸਮ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਕਸਟਮ ਮਿਲਿੰਗ ਨੀਤੀ ਅਧੀਨ 67% ਚੌਲਾਂ ਦੀ ਸ਼ਰਤ ਨੂੰ ਪੂਰਾ ਕਰਦੀ ਹੈ । ਇਸ ਕਿਸਮ ਦੇ ਸਰਵਪੱਖੀ ਗੁਣਾਂ ਨੂੰ ਦੇਖਦੇ ਹੋਏ ਸੁਚੱਜਾ ਮੰਡੀਕਰਣ ਕਰਕੇ ਇਸ ਕਿਸਮ ਦੀ ਕਾਸ਼ਤ ਪ੍ਰਤੀ ਹਾਂ-ਪੱਖੀ ਰਵਈਆ ਅਪਨਾਉਣਾ ਪੰਜਾਬ ਲਈ ਹਿਤਕਾਰੀ ਹੈ ।