ਪੰਜਾਬ ਦੇ 38 ਹਜ਼ਾਰ ਸੀਮਾਂਤ ਕਿਸਾਨਾਂ ਨੂੰ ਕਰਜ਼ ਰਾਹਤ

June 15 2018

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਸੁਸਾਇਟੀਆਂ ਤੋਂ ਕਰਜ਼ਾ ਲੈਣ ਵਾਲੇ 38 ਹਜ਼ਾਰ ਸੀਮਾਂਤ ਕਿਸਾਨਾਂ ਨੂੰ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਹ ਕਰਜ਼ਾ ਰਾਹਤ ਅਗਲੇ 10 ਦਿਨਾਂ ਦੌਰਾਨ ਵੰਡੀ ਜਾਵੇਗੀ। ਇਸ ਨਾਲ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦਾ ਪਹਿਲਾ ਪੜਾਅ ਮੁਕੰਮਲ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ ਰਾਹਤ ਸਿੱਧੇ ਤੌਰ ’ਤੇ ਬੈਂਕ ਖ਼ਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ। ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਕਿਸਾਨ, ਜੋ ਕਿਸੇ ਸਹਿਕਾਰੀ ਜਾਂ ਅਰਧ ਸਰਕਾਰੀ ਮਹਿਕਮੇ ਵਿੱਚ ਕੰਮ ਕਰਦੇ ਹਨ, ਨੂੰ ਰਾਹਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਹਜ਼ਾਰਾਂ ਕਿਸਾਨਾਂ ਨੇ ਲਾਜ਼ਮੀ ਸਵੈ-ਘੋਸ਼ਣਾ ਫਾਰਮ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਕਰਕੇ ਕੋਈ ਯੋਗ ਕਿਸਾਨ ਇਸ ਸਕੀਮ ਵਿੱਚੋਂ ਬਾਹਰ ਰਹਿ ਗਿਆ ਹੋਵੇ ਤਾਂ ਉਹ ਇਲਾਕੇ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਨਾਲ ਸੰਪਰਕ ਕਰ ਸਕਦਾ।

ਦੂਜੇ ਪੜਾਅ ਦੌਰਾਨ ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਵੰਡੀ ਜਾਵੇਗੀ। ਕੈਪਟਨ ਨੇ ਕਿਹਾ ਕਿ ਵਪਾਰਕ ਬੈਂਕਾਂ ਨੇ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਡੇਟਾ ਅਪਲੋਡ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ ਸੀਮਾਂਤ ਕਿਸਾਨ ਜਿਨ੍ਹਾਂ ਨੂੰ ਅਜੇ ਦੋ ਲੱਖ ਰੁਪਏ ਦੀ ਪੂਰੀ ਰਾਹਤ ਰਾਸ਼ੀ ਪ੍ਰਾਪਤ ਨਹੀਂ ਹੋਈ, ਉਹ ਵਪਾਰਕ ਬੈਂਕਾਂ ਤੋਂ ਲਏ ਗਏ ਕਰਜ਼ੇ ਦੀ ਬਕਾਇਆ ਰਾਸ਼ੀ ਲਈ ਵੀ ਯੋਗ ਹੋਣਗੇ।

Source: ABP Sanjha