ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜੋਨੇਵਾਲ ਨੂੰ ਗਾਜਰਬੂਟੀ ਮੁਕਤ ਪਿੰਡ ਬਣਾਇਆ

December 18 2017

 ਲੁਧਿਆਣਾ 18 ਦਸੰਬਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਲੁਧਿਆਣਾ ਜ਼ਿਲੇ ਦੇ ਜੋਨੇਵਾਲ ਪਿੰਡ ਨੂੰ ਗਾਜਰਬੂਟੀ ਮੁਕਤ ਪਿੰਡ ਬਣਾਇਆ ਹੈ। ਗਾਜਰਬੂਟੀ ਇਕ ਬਹੁਤ ਹੀ ਖਤਰਨਾਕ ਨਦੀਨ ਹੈ ਜੋ ਦੇਸ਼ ਵਿਚ 35 ਮਿਲੀਅਨ ਹੈਕਟੇਅਰ ਰਕਬੇ ਵਿਚ ਫੈਲਿਆ ਹੋਇਆ ਹੈ। ਇਸ ਨਦੀਨ ਦੇ ਹਰ ਹਿਸੇ ਵਿਚ ਜ਼ਹਿਰ ਹੁੰਦਾ ਹੈ ਜਿਸ ਨਾਲ ਮਨੁੱਖਾਂ ਅਤੇ ਜਾਨਵਰਾਂ ਵਿਚ ਐਲਰਜੀ ਅਤੇ ਦਮੇ ਜਿਹੀਆਂ ਬਿਮਾਰੀਆਂ ਲੱਗਦੀਆਂ ਹਨ। ਜਿਵੇਂ ਕਿ ਬੱਚੇ ਅਤੇ ਬੁੱਢਿਆਂ ਨੂੰ ਮਾਨਸੂਨ ਮੌਸਮ ਵਿਚ ਸਾਹ ਲੈਣ ਦੀ ਤਕਲੀਫ ਹੁੰਦੀ ਹੈ, ਜਿਸ ਦਾ ਕਾਰਣ ਜ਼ਿਆਦਾਤਰ ਗਾਜਰਬੂਟੀ ਦੇ ਪਰਾਗਕਣ ਹੁੰਦੇ ਹਨ। ਸੋ, ਇਸ ਬੂਟੀ ਦਾ ਖਾਤਮਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਹਰੇਕ ਵਿਅਕਤੀ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ।

ਜੋਨੇਵਾਲ ਪਿੰਡ ਨੂੰ ਪੀਏਯੂ ਅਤੇ ਬਾਯਰ ਕਰਾਪ ਸਾਇੰਸ (ਬੀਸੀਐਸ) ਦੇ ਸਾਂਝੇ ਪ੍ਰੋਜੈਕਟ ਦੇ ਅਧੀਨ ਚੁਣਿਆ ਗਿਆ। ਇਸ ਪ੍ਰੋਜੈਕਟ ਦੇ ਇੰਚਾਰਜ ਡਾ: ਮੱਖਣ ਸਿੰਘ ਭੁੱਲਰ, ਸੀਨੀਅਰ ਫ਼ਸਲ ਵਿਗਿਆਨੀ, ਫ਼ਸਲ ਵਿਗਿਆਨ ਵਿਭਾਗ ਨੇ ਦੱਸਿਆ ਕਿ ਪਿੰਡ ਵਿਚ ਕਈ ਜਗ•ਾ ਜਿਵੇਂ ਕਿ ਸਕੂਲ ਦੇ ਖੇਡ ਮੈਦਾਨ, ਸ਼ਮਸ਼ਾਨ ਘਾਟ, ਕਲੋਨੀ, ਜਲ ਘਰ ਆਦਿ ਵਿੱਚ ਗਾਜਰਬੂਟੀ ਦੀ ਬਹੁਤ ਜ਼ਿਆਦਾ ਭਰਮਾਰ ਸੀ। ਗਾਜਰਬੂਟੀ ਦੇ ਕਾਰਣ ਸਕੂਲ ਦੇ ਖੇਡ ਮੈਦਾਨ ਵਿਚ ਕੋਈ ਵੀ ਵਿਦਿਆਰਥੀ ਖੇਡਣ ਨਹੀਂ ਸੀ ਜਾਂਦਾ। ਪ੍ਰੋਜੈਕਟ ਦੇ ਅਧੀਨ ਜੋਨੇਵਾਲ ਪਿੰਡ ਵਿੱਚ ਗਾਜਰਬੂਟੀ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਜਿਸ ਵਿੱਚ ਪਿੰਡ ਦੇ ਨਿਵਾਸੀਆਂ ਨੂੰ ਇਸ ਨਦੀਨ ਦੇ ਘਾਤਕ ਅਤੇ ਮਾਰੂ ਸਿਟਿਆਂ ਬਾਰੇ ਅਤੇ ਇਸ ਦੀ ਰੋਕਥਾਮ ਬਾਰੇ ਦਸਿਆ। ਪ੍ਰੋਜੈਕਟ ਦੀ ਟੀਮ ਦੇ ਮੈਂਬਰ, ਪੀਏਯੂ ਵਲੋਂ ਡਾ: ਸਿਮਰਜੀਤ ਕੌਰ, ਸਹਾਇਕ ਫ਼ਸਲ ਵਿਗਿਆਨੀ ਅਤੇ ਬੀਸੀਐਸ ਵਲੋਂ ਸ਼੍ਰੀਮਾਨ ਹਿਤੇਸ਼ ਸ਼ਰਮਾ ਅਤੇ ਪਿੰਡ ਦੀ ਪੰਚਾਇਤ ਅਤੇ ਨਿਵਾਸੀਆਂ ਦੇ ਸ਼ਲਾਘਾਯੋਗ ਉਦਮਾਂ ਸਦਕਾ ਸਾਰੇ ਪਿੰਡ ਦੀਆਂ ਸੜਕਾਂ, ਸਾਂਝੀਆਂ ਥਾਵਾਂ, ਸਕੂਲ, ਜਲ ਘਰ ਅਤੇ ਪਿੰਡ ਦੀ ਫਿਰਨੀ ਤੋਂ ਗਾਜਰਬੂਟੀ ਨੂੰ ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਅਤੇ ਹਥੀ ਪੁਟ ਕੇ ਖ਼ਤਮ ਕਰ ਦਿਤਾ ਗਿਆ ਹੈ। ਹੁਣ ਸਕੂਲ ਦੇ ਵਿਦਿਆਰਥੀ ਉਸ ਸਾਫ਼ ਖੇਡ ਮੈਦਾਨ ਵਿਚ ਖੇਡਦੇ ਅਤੇ ਅਨੰਦ ਲੈਂਦੇ ਹਨ। ਇਹ ਦੱਸਣਯੋਗ ਹੈ ਕਿ ਪੰਜਾਬ ਵਿਚ ਗਾਜਰਬੂਟੀ ਫਰਵਰੀ ਮਹੀਨੇ ਤੋਂ ਲੈ ਕੇ ਨਵੰਬਰ ਤੱਕ ਲਗਾਤਾਰ ਉਗਦੀ ਰਹਿੰਦੀ ਹੈ। ਜਦੋਂ ਇਸ ਦੇ ਪੌਦੇ 3 ਤੋਂ 5 ਪਤਿਆਂ ਦੀ ਹਾਲਤ ਵਿਚ ਹੋ ਜਾਣ (ਫੁੱਲ ਪੈਣ ਤੋਂ ਪਹਿਲਾਂ) ਤਾਂ ਇਸ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਜੋਨੇਵਾਲ ਪਿੰਡ ਵਿਚ ਲਗਾਤਾਰ ਨਿਰੀਖਣ ਦੇ ਦੌਰਾਨ ਗਾਜਰਬੂਟੀ ਦੀ ਜੋ ਵੀ ਨਵੀਂ ਪੌਦ ਦੇਖਣ ਨੂੰ ਮਿਲਦੀ ਹੈ, ਉਸ ਨੂੰ ਪੁੱਟ ਦਿੱਤਾ ਜਾਂਦਾ ਹੈ ਜਾਂ ਬੀਜ ਪੈਣ ਤੋਂ ਪਹਿਲਾਂ ਨਦੀਨਨਾਸ਼ਕ ਦੀ ਵਰਤੋਂ ਕਰਕੇ ਖ਼ਤਮ ਕਰ ਦਿੱਤਾ ਜਾਂਦਾ ਹੈ। ਇਹਨਾਂ ਤਰੀਕਿਆਂ ਨਾਲ ਹੀ ਗਾਜਰਬੂਟੀ ਦੀ ਪੂਰੀ ਰੋਕਥਾਮ ਕੀਤੀ ਜਾ ਸਕਦੀ ਹੈ। ਲਾਗਲੇ ਪਿੰਡਾਂ ਜਿਵੇਂ ਕਿ ਬਲੀਏਵਾਲ, ਕੂਮ ਕਲਾਂ, ਮੈਣੀ, ਫਹਿਤਗੜ• ਜੱਟਾਂ, ਭੱਠਾਂ ਧੂੰਆਂ ਆਦਿ ਦੀਆਂ ਪੰਚਾਇਤਾਂ ਨੇ ਵੀ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾਉਣ ਲਈ ਬਹੁਤ ਦਿਲਚਸਪੀ ਦਿਖਾਈ ਹੈ। ਇਸ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਜ਼ਿਲ•ੇ ਵਿਚ ਪਿੰਡ ਨਾਗਖੁਰਦ ਅਤੇ ਗੁਰਦਾਸਪੁਰ ਜਿਲ•ੇ ਵਿਚ ਸਹੇੜੀ ਪਿੰਡ ਵਿਚ ਗਾਜਰਬੂਟੀ ਦੇ ਖ਼ਾਤਮੇ ਦਾ ਕੰਮ ਚਲ ਰਿਹਾ ਹੈ। ਪਿਛਲੇ ਸਾਲ ਵੀ ਪੀਏਯੂ ਨੇ ਮਨਸੂਰਾਂ ਪਿੰਡ ਨੂੰ ਪ੍ਰਦੇਸ਼ ਦਾ ਪਹਿਲਾ ਗਾਜਰਬੂਟੀ ਮੁਕਤ ਪਿੰਡ ਬਣਾਇਆ ਸੀ, ਜਿਹੜਾ ਕਿ ਪਿੰਡ ਦੀ ਪੰਚਾਇਤ ਅਤੇ ਨਿਵਾਸੀਆਂ ਦੇ ਪੂਰੇ ਸਹਿਯੋਗ ਦੁਆਰਾ ਹੀ ਸੰਭਵ ਹੋ ਸਕਿਆ ਸੀ ਅਤੇ ਅਜ ਵੀ ਗਾਜਰਬੂਟੀ ਤੋਂ ਮੁਕਤ ਹੈ। ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ: ਠਾਕੁਰ ਸਿੰਘ ਨੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਭਾਗ ਵਲੋਂ ਪੰਜਾਬ ਦੇ ਕਿਸੇ ਪਿੰਡ/ਕਸਬੇ ਵਿਚੋਂ ਗਾਜਰਬੂਟੀ ਨੂੰ ਖ਼ਤਮ ਕਰਨ ਲਈ ਪੂਰੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।