ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਲਈ ਅੰਤਰਰਾਸ਼ਟਰੀ ਸਿਖਲਾਈ

October 03 2017

 ਲੁਧਿਆਣਾ 3 ਅਕਤੂਬਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਹੋਮ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੀ ਪੀ ਐਚ ਡੀ ਦੀ ਵਿਦਿਆਰਥਣ ਪ੍ਰੱਗਿਆ ਪਾਂਡੇ ਨੇ ਇਜ਼ਰਾਇਲ ਵਿੱਚ ਅੰਤਰਰਾਸ਼ਟਰੀ ਸਿਖਲਾਈ ਲਈ ਭਾਗ ਲਿਆ । ਜ਼ਿਕਰਯੋਗ ਹੈ ਕਿ ਬਦਲਦੇ ਵਿਸ਼ਵੀ ਵਾਤਾਵਰਨ ਵਿੱਚ ਭੋਜਨ ਦੇ ਵਿਸ਼ੇ ਉਪਰ ਹੋਈ ਇਹ ਟ੍ਰੇਨਿੰਗ ਖੇਤੀ ਵਿਗਿਆਨ ਦੇ ਅੰਤਰਰਾਸ਼ਟਰੀ ਸਕੂਲ ਵੱਲੋਂ 28 ਅਗਸਤ ਤੋਂ 19 ਸਤੰਬਰ ਤੱਕ ਲਗਾਈ ਗਈ ਸੀ । ਇਸ ਸਿਖਲਾਈ ਦੌਰਾਨ ਪ੍ਰੱਗਿਆ ਪਾਂਡੇ ਨੂੰ ਇਜ਼ਰਾਇਲ ਦੀ ਵਿਦੇਸ਼ੀ ਮੰਤਰਾਲਿਆ ਵੱਲੋਂ ਮਾਸ਼ਵ (ਐਮਏਐਸਐਚਏਵੀ) ਸਕਾਲਰਸ਼ਿਪ ਵੀ ਪ੍ਰਦਾਨ ਕੀਤਾ ਗਿਆ । ਇਸ ਸਿਖਲਾਈ ਵਿੱਚ 14 ਦੇਸ਼ਾਂ ਤੋਂ 22 ਸਿਖਿਆਰਥੀ ਭਾਗ ਲੈਣ ਲਈ ਪਹੁੰਚੇ ਸਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪ੍ਰੱਗਿਆ ਪਾਂਡੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਦੇ ਮਾਰਗ-ਦਰਸ਼ਨ ਵਿੱਚ ਆਪਣੀ ਪੀ ਐਚ ਡੀ ਕਰ ਰਹੀ ਹੈ । ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਇਹ ਵਿਦਿਆਰਥਣ ਭੋਜਨ ਪਦਾਰਥਾਂ ਵਿੱਚ ਕਾਲੀ ਗਾਜਰ ਦੀ ਵਰਤੋਂ ਦੇ ਵਿਸ਼ੇ ਉਪਰ ਆਪਣਾ ਕੰਮ ਕਰ ਰਹੀ ਹੈ । ਪ੍ਰੱਗਿਆ ਇੰਸਪਾਇਰ ਫੈਲੋਸ਼ਿਪ ਵੀ ਲੈ ਰਹੀ ਹੈ ਜੋ ਭਾਰਤ ਸਰਕਾਰ ਦੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਦਿੱਤਾ ਜਾਂਦਾ ਹੈ । ਇਸ ਸਿਖਲਾਈ ਦੌਰਾਨ ਉਸਨੇ ਆਪਣਾ ਖੋਜ ਤਜ਼ਰਬਾ ਵਿਸ਼ਵ ਭਰ ਦੇ ਵਿਗਿਆਨੀਆਂ ਅਤੇ ਨੀਤੀ ਘਾੜਿਆਂ ਨਾਲ ਸਾਂਝਾ ਕੀਤਾ ।

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ । ਹੋਮ ਸਾਇੰਸ ਕਾਲਜ ਦੇ ਡੀਨ ਡਾ. ਜਤਿੰਦਰ ਗੁਲਾਟੀ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ