ਪੀਲੀ ਕੁੰਗੀ ਤੋਂ ਬਚਾਅ ਲਈ ਸਹੀ ਸਮੇਂ ਸਰਵੇਖਣ ਜ਼ਰੂਰੀ

January 04 2018

 ਕ੍ਰਿਸ਼੍ਰੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਸਿਖਲਾਈ ਡਾ. ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੀਲੀ ਕੁੰਗੀ  ਕਣਕ ਦੀ ਪੈਦਾਵਾਰ ਲਈ ਇੱਕ ਗੰਭੀਰ ਸਮੱਸਿਆ ਹੈ ਅਤੇ ਇਹ ਕਣਕ ਦੇ ਉਤਪਾਦਨ ਨੂੰ ਘਟਾਉਂਦੀ ਹੈ। ਉਹਨਾਂ ਦੱਸਿਆ ਕਿ ਪੀਲੀ ਕੁੰਗੀ ਇੱਕ ਉੱਲੀ ਦੀ ਬਿਮਾਰੀ ਹੈ ਜੋ ਹਿਮਾਲਿਆ ਖਿੱਤੇ ਵਿੱਚ ਆਪਣੇ ਆਪ ਉੱਗ ਪੈਂਦੀ ਹੈ ਅਤੇ ਗਰਮੀ ਦੀ ਰੁੱਤ ਵਿੱਚ ਬੀਜੀ ਹੋਈ ਕਣਕ ਉਪਰ ਜਿਉਂਦੀ ਰਹਿੰਦੀ ਹੈ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦੇ ਕਣ ਹਵਾ ਰਾਹੀਂ ਰੋਪੜ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਬੀਜੀ ਕਣਕ ਤੇ ਹਮਲਾ ਕਰ ਦਿੰਦੇ ਹਨ। ਡਾ. ਹਰਿੰਦਰ ਨੇ ਦੱਸਿਆ ਕਿ ਇਸ ਬਿਮਾਰੀ ਦਾ ਹਮਲਾ ਧੌੜੀਆਂ ਵਿੱਚ ਪੱਤਿਆਂ ਉੱਤੇ ਪੀਲੀਆਂ ਧਾਰੀਆਂ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜਿਸ ਉੱਤੇ ਪੀਲੇ ਰੰਗ ਦਾ ਧੂੜਾ ਪੈਦਾ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਦਸੰਬਰ ਅਤੇ ਜਨਵਰੀ ਦੇ ਮਹੀਨੇ ਜੇ ਵਾਤਾਵਰਣ ਵਿੱਚ ਨਮੀ ਦੀ ਮਾਤਰਾ 90 ਫੀਸਦੀ ਤੋਂ ਜ਼ਿਆਦਾ ਹੋਵੇ ਤਾਂ ਤਾਪਮਾਨ 10-15 ਡਿਗਰੀ ਸੈਂਟੀਗ੍ਰੇਡ ਹੋ ਜਾਵੇ ਤਾਂ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ। ਉਹਨਾਂ ਕਿਸਾਨਾਂ  ਨੂੰ ਸਲਾਹ ਦਿੱਤੀ ਕਿ ਜਦੋਂ ਮੌਸਮ ਪੀਲੀ ਕੁੰਗੀ ਦੇ ਫੈਲਾਅ ਲਈ ਸਾਜ਼ਗਾਰ  ਹੁੰਦਾ ਹੈ ਉਹ ਆਪਣੀ ਕਣਕ ਦੀ ਫਸਲ ਦਾ ਨਿਰੀਖ਼ਣ ਕਰਨ। ਉਹਨਾਂ ਕਿਹਾ ਕਿ ਕਿਸਾਨ ਵਧੇਰੇ ਜਾਣਕਾਰੀ ਲੈਣ ਲਈ ਪ੍ਰੋਗਰਾਮ  ਕੋਆਰਡੀਨੇਟਰ ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ੍ਹ ਸਾਹਿਬ ਨਾਲ 01763-221217 ’ਤੇ ਸੰਪਰਕ ਕਰ ਸਕਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Punjabi Tribune